ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਨੌਜਵਾਨ ਬਰੀ

ਚੰਡੀਗੜ੍ਹ : ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿਚ ਜ਼ਿਲ੍ਹਾ ਅਦਾਲਤ ਨੇ ਖਰੜ ਨਿਵਾਸੀ ਮੁਨੀਸ਼ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਣ ਬਰੀ ਕਰ ਦਿੱਤਾ। ਪੀੜਤਾ ਨੇ ਅਦਾਲਤ ਵਿਚ ਆਪਣੇ ਬਿਆਨ ਬਦਲ ਦਿੱਤੇ ਸਨ। ਉਸ ਨੇ ਕੋਰਟ ਵਿਚ ਕਿਹਾ ਕਿ ਉਸ ਨਾਲ ਅਜਿਹਾ ਕੁੱਝ ਨਹੀਂ ਹੋਇਆ। ਮਲੋਆ ਥਾਣਾ ਪੁਲਸ ਨੇ 3 ਜੁਲਾਈ 2021 ਨੂੰ 24 ਸਾਲਾ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਉਹ ਮੁਲਜ਼ਮ ਮੁਨੀਸ਼ ਦੇ ਦਫ਼ਤਰ ਵਿਚ ਚਪੜਾਸੀ ਦੇ ਅਹੁਦੇ ’ਤੇ ਕੰਮ ਕਰਦੀ ਸੀ।
ਬਾਅਦ ਵਿਚ ਮੁਲਜ਼ਮ ਨੇ ਉਸ ਨੂੰ ਆਪਣੀ ਦੇਖ-ਭਾਲ ਕਰਨ ਲਈ ਨਿਯੁਕਤ ਕੀਤਾ ਅਤੇ ਉਸ ਦੇ ਕਰੀਬ ਆਉਣਾ ਸ਼ੁਰੂ ਕਰ ਦਿੱਤਾ। ਦੋਸ਼ ਸੀ ਕਿ ਮੁਨੀਸ਼ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੋਂ ਨਾਖੁਸ਼ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਉਸ ਨੇ ਦੋਸ਼ ਲਗਾਇਆ ਸੀ ਕਿ ਮੁਨੀਸ਼ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰਨ ਸਰੀਰਕ ਸਬੰਧ ਬਣਾਏ। ਅਪ੍ਰੈਲ, 2021 ਵਿਚ ਮੁਲਜ਼ਮ ਨੇ ਦਫ਼ਤਰ ਤੋਂ ਹਟਾ ਦਿੱਤਾ ਅਤੇ ਦੋਹਾਂ ਦੇ ਰਿਸ਼ਤੇ ਦੇ ਬਾਰੇ ਵਿਚ ਕਿਸੇ ਨੂੰ ਦੱਸਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ।
ਕੁੱਝ ਸਮੇਂ ਬਾਅਦ ਜ਼ੀਰਕਪੁਰ ਵਿਚ ਕੱਪੜੇ ਦੀ ਦੁਕਾਨ ’ਤੇ ਨੌਕਰੀ ਕਰਨ ਲੱਗੀ। ਇਸ ਦੌਰਾਨ ਉਸ ਦੀ ਸਿਹਤ ਖ਼ਰਾਬ ਹੋਈ। ਜਾਂਚ ਵਿਚ ਪਤਾ ਲੱਗਾ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਉਸ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ।