ਨਵੀਂ ਦਿੱਲੀ- ਭਾਰਤ ਦੀ ਰੱਖਿਆ ਬਰਾਮਦ ਪਹਿਲੀ ਵਾਰ 21 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ, ਜੋ ਇਕ ਰਿਕਾਰਡ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਸੋਸ਼ਲ ਮੀਡੀਆ ‘ਤੇ ਇਕ ਪੋਸਟ ’ਚ ਕਿਹਾ ਕਿ ਸਭ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਰੱਖਿਆ ਬਰਾਮਦ ਬੇਮਿਸਾਲ ਉਚਾਈਆਂ ’ਤੇ ਪਹੁੰਚ ਗਈ ਹੈ। ਆਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ 21,000 ਕਰੋੜ ਰੁਪਏ ਦਾ ਅੰਕੜਾ ਪਾਰ ਹੋ ਗਿਆ ਹੈ।
ਵਿੱਤੀ ਸਾਲ 2023-24 ’ਚ ਭਾਰਤ ਦੀ ਰੱਖਿਆ ਬਰਾਮਦ ਵਧ ਕੇ 21,083 ਕਰੋੜ ਰੁਪਏ ਹੋ ਗਈ ਹੈ, ਜੋ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 32.5 ਫੀਸਦੀ ਵੱਧ ਹੈ। ਇੱਕ ਹੋਰ ਪੋਸਟ ’ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ’ਚ ਰੱਖਿਆ ਮੰਤਰਾਲਾ ਨੇ ਭਾਰਤ ਦੇ ਰੱਖਿਆ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।