ਸ੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ 13 ਫਰਵਰੀ ਨੂੰ

19876303ਚੰਡੀਗੜ੍ਹ : ਸ੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ 13 ਫਰਵਰੀ ਨੂੰ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਐਲਾਨ ਗਜਟ ਅਧਿਸੂਚਨਾ 21 ਜਨਵਰੀ, 2016  ਨੂੰ ਜਾਰੀ ਕਰ ਦਿੱਤੀ ਜਾਵੇਗੀ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 27 ਜਨਵਰੀ ਹੈ। 28 ਜਨਵਰੀ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ, ਜਦੋਂ ਕਿ ਨਾਂ ਵਾਪਸ ਲੈਣ ਦੀ ਆਖਰੀ ਮਿਤੀ 30 ਜਨਵਰੀ ਹੈ। 13 ਫਰਵਰੀ ਦਿਨ ਸ਼ਨੀਵਾਰ ਨੂੰ ਮਤਦਾਨ ਹੋਵੇਗਾ ਅਤੇ 16 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸਾਰੇ ਮਤਦਾਨ ਕੇਂਦਰਾਂ ‘ਤੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤਰਨਤਾਰਨ ਜ਼ਿਲ੍ਹੇ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।
ਇਸ ਸਬੰਧ ਵਿੱਚ ਸਪੀਕਰ, ਡਿਪਟੀ ਸਪੀਕਰ, ਮੰਤਰੀਆਂ, ਪਾਰਲੀਮਾਨੀ ਸਕੱਤਰਾਂ, ਵਿਧਾਇਕਾਂ, ਵਿੱਤ ਕਮਿਸਨਰਾਂ, ਪ੍ਰਬੰਧਕ ਸਕੱਤਰਾਂ, ਵਿਭਾਗ ਦੇ ਮੁੱਖੀਆਂ, ਨਿਗਮਾਂ ਅਤੇ ਬੋਰਡ ਦੇ ਚੇਅਰਮੈਨਾਂ ਨੂੰ 18 ਫਰਵਰੀ, 2016 ਤੱਕ ਚੋਣਾਂ ਦੇ ਮੁਕੰਮਲ ਹੋਣ ਤੱਕ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਚੋਣ ਕਮਿਸ਼ਨ ਨੇ ਪੰਜਾਬ ਦੇ ਸ੍ਰੀ ਖਡੂਰ ਸਾਹਿਬ ਤੋਂ ਇਲਾਵਾ 7 ਹੋਰਨਾਂ ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਬਿਹਾਰ, ਤੇਲੰਗਨਾ, ਮਹਾਰਾਸ਼ਟਰ ਅਤੇ ਤ੍ਰਿਪੁਰਾ ਦੀ ਵਿਧਾਨ ਸਭਾਵਾਂ ਵਿੱਚ ਖਾਲੀ ਪਈਆਂ ਸੀਟਾਂ ਦਾ ਵੀ ਐਲਾਨ ਕਰ ਦਿੱਤਾ। ਇਥੇ ਵੀ ਵੋਟਾਂ 13 ਫਰਵਰੀ ਨੂੰ ਹੀ ਪੈਣਗੀਆਂ।
ਜ਼ਿਕਰਯੋਗ ਹੈ ਕਿ ਸ੍ਰੀ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਤੋਂ ਬਾਅਦ ਹੋਣ ਜਾ ਰਹੀ ਹੈ। ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਸ੍ਰੀ ਖਡੂਰ ਸਾਹਿਬ ਵਿਖੇ ਪ੍ਰਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਰ ਹੋਵੇਗਾ। ਜਦੋਂ ਕਿ ਆਮ ਆਦਮੀ ਪਾਰਟੀ ਇਥੇ ਪਹਿਲਾਂ ਹੀ ਆਪਣਾ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਐਲਾਨ ਕਰ ਚੁੱਕੀ ਹੈ।