ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਨਮੇਜਾ ਸਿੰਘ ਸੇਖੋਂ ਤਨਖਾਹੀਆ ਕਰਾਰ

ਅੰਮ੍ਰਿਤਸਰ  : ਪੰਜਾਬ ਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਤਨਖਾਹੀਆ ਐਲਾਨਿਆ ਹੈ| ਉਨ੍ਹਾਂ ਉਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਸੱਚਾ ਸੌਦਾ ਸਿਰਸਾ ਤੋਂ ਵੋਟਾਂ ਮੰਗਣ ਦਾ ਦੋਸ਼ ਹੈ| ਸ੍ਰੀ ਅਕਾਲ ਤਖਤ ਸਾਹਿਬ ਨੇ ਜਨਮੇਜਾ ਸੇਖੋਂ ਨੂੰ ਤਿੰਨ ਦਿਨ ਫਿਰੋਜ਼ਪੁਰ ਦੇ ਗੁਰਦੁਆਰਾ ਜਾਮੁਨੀ ਸਾਹਿਬ ਬਜੀਦਪੁਰ ਵਿਚ ਇਕ ਘੰਟਾ ਲੰਗਰ ਵਿਚ ਬਰਤਨ ਸਾਫ ਕਰਨ ਦਾ ਹੁਕਮ ਸੁਣਾਇਆ ਹੈ|
ਇਸ ਤੋਂ ਇਲਾਵਾ ਪਰਿਕ੍ਰਮਾ ਵਿਚ ਝਾੜੂ ਦੀ ਸੇਵਾ ਵੀ ਕਰਨਗੇ| ਤਿੰਨ ਦਿਨ ਸੇਵਾ ਕਰਨ ਉਪਰੰਤ ਦੋ ਦਿਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਇਕ ਘੰਟਾ ਜੋੜੇ ਦੀ ਸੇਵਾ ਕਰਨਗੇ, ਇਕ ਘੰਟਾ ਕੀਰਤਨ ਸਰਵਣ ਕਰਨਗੇ, 551 ਰੁਪਏ ਦੇਗ ਲੈ ਕੇ 5100 ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਰਨਗੇ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 21 ਸਿੱਖ ਆਗੂਆਂ ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਨੇ ਬੀਤੇ ਐਤਵਾਰ ਨੂੰ ਆਪਣੀ ਸਜ਼ਾ ਪੂਰੀ ਕੀਤੀ|