ਸੌਂਕਣ

kahaniya-300x150ਸ਼ਿਆਮਾ ਦੇ ਤੀਸਰਾ ਬੱਚਾ ਹੋਣ ਵਾਲਾ ਸੀ। ਉਸ ਨੂੰ ਬਹੁਤ ਫ਼ਿਕਰ ਸੀ ਕਿ ਇਸ ਵਾਰ ਵੀ ਕਿਤੇ ਕੁੜੀ ਹੀ ਨਾ ਹੋ ਜਾਵੇ। ਪਹਿਲਾਂ ਉਹ ਦੋ ਕੁੜੀਆਂ ਦੀ ਮਾਂ ਸੀ। ਇਸ ਵਾਰੀ ਉਸ ਦੀ ਸੱਸ ਅਤੇ ਉਸ ਦੇ ਪਤੀ ਨੇ ਸਾਫ਼ ਕਹਿ ਦਿੱਤਾ ਸੀ ਕਿ ਇਸ ਵਾਰ ਵੀ ਕੁੜੀ ਹੋਈ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾਵੇਗਾ। ਅੱਜ ਕੱਲ੍ਹ ਤਾਂ ਟੈਸਟ ਕਰਾ ਕੇ ਪਤਾ ਲੱਗ ਜਾਂਦਾ ਹੈ ਕਿ ਕੁੜੀ ਹੈ ਜਾਂ ਮੁੰਡਾ ਪਰ ਕਾਨੂੰਨ ਮੁਤਾਬਕ ਇਹ ਜੁਰਮ ਹੈ। ਇਸ ਲਈ ਅਜਿਹਾ ਕਰਨ ਵਾਲੇ ਡਾਕਟਰ ਨੂੰ ਜੇਲ੍ਹ ਵੀ ਹੋ ਸਕਦੀ ਹੈ। ਡਾਕਟਰ ਵੀ ਅੱਜ-ਕੱਲ੍ਹ ਇਹ ਕੰਮ ਨਹੀਂ ਕਰਦੇ। ਨਹੀਂ ਤਾਂ ਉਸ ਦੇ ਸਹੁਰੇ ਕਦੋਂ ਦਾ ਇਹ ਪਤਾ ਕਰ ਲੈਂਦੇ। ਇੱਕ ਤਾਂ ਉਹ ਬਹੁਤ ਪੈਸੇ ਵਾਲੇ ਸਨ ਤੇ ਨਾਲ ਹੀ ਉਨ੍ਹਾਂ ਦੀ ਵਾਕਫ਼ੀਅਤ ਵੀ ਬਹੁਤ ਸੀ ਪਰ ਸਖ਼ਤ ਕਾਨੂੰਨ ਦੇ ਡਰ ਕਾਰਨ ਉਹ ਵੀ ਇਹ ਪਤਾ ਨਹੀਂ ਕਰ ਸਕੇ।
ਇੱਕ ਰਾਤ ਜਦੋਂ ਸ਼ਿਆਮਾ ਨੂੰ ਦਰਦਾਂ ਸ਼ੁਰੂ ਹੋ ਗਈਆਂ ਤਾਂ ਉਸ ਦਾ ਪਤੀ ਉਸ ਨੂੰ ਹਸਪਤਾਲ ਵਿੱਚ ਛੱਡ ਕੇ ਆਰਾਮ ਕਰਨ ਲਈ ਘਰ ਵਾਪਸ ਆ ਗਿਆ। ਇਹ ਸੋਚ ਕੇ ਕਿ ਸਵੇਰੇ ਜਾ ਕੇ ਹਸਪਤਾਲ ਤੋਂ ਪਤਾ ਕਰ ਲਵੇਗਾ ਕੀ ਹੋਇਆ ਹੈ। ਉਸ ਨੂੰ ਆਪਣੀ ਪਤਨੀ ਦੀ ਤਾਂ ਇਤਨੀ ਫ਼ਿਕਰ ਨਹੀਂ ਸੀ। ਉਸ ਨੂੰ ਤਾਂ ਬਸ ਆਪਣੀ ਕੁਲ ਦਾ ਨਾਂ ਕਰਨ ਵਾਲਾ ਚਾਹੀਦਾ ਸੀ।
ਸ਼ਿਆਮਾ ਲੇਬਰ ਰੂਮ ਵਿੱਚ ਸੀ ਤਾਂ ਉਸ ਵੇਲੇ ਇੱਕ 25-26 ਸਾਲ ਦੀ ਗਰਭਵਤੀ ਕੁੜੀ ਆਈ ਜੋ ਜ਼ਿਆਦਾ ਘਬਰਾਈ ਹੋਈ ਲੱਗ ਰਹੀ ਸੀ। ਸ਼ਿਆਮਾ ਨੇ ਆਪਣਾ ਧਿਆਨ ਦਰਦ ਤੋਂ ਹੋਰ ਪਾਸੇ ਕਰਨ ਲਈ ਉਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਉਸ ਨੂੰ ਇਹ ਪਤਾ ਚੱਲਿਆ ਕਿ ਉਹ ਕੁੜੀ ਬੇਸਹਾਰਾ ਹੈ ਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਧੋਖਾ ਦਿੱਤਾ ਹੈ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਹ ਉਸ ਨੂੰ ਛੱਡ ਕੇ ਚਲਾ ਗਿਆ। ਕੁੜੀ ਦੇ ਸਿਰਫ਼ ਇੱਕ ਭਰਾ ਤੇ ਭਰਜਾਈ ਹੀ ਸਨ ਜਿਨ੍ਹਾਂ ਨੇ ਉਸ ਨੂੰ ਕੁਲਹਿਣੀ ਤੇ ਬੇਹਯਾ ਕਹਿ ਕੇ ਘਰੋਂ ਕੱਢ ਦਿੱਤਾ। ਕਿਸੇ ਤਰ੍ਹਾਂ ਉਹ ਬੱਚਿਆਂ ਨੂੰ ਪੜ੍ਹਾ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਇਸ ਲਈ ਉਹ ਇਸ ਬੱਚੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਚਾਹੇ ਮੁੰਡਾ ਹੋਵੇ ਜਾਂ ਕੁੜੀ ਇਸ ਨਾਲ ਉਸ ਦਾ ਕੋਈ ਮਤਲਬ ਨਹੀਂ ਸੀ। ਉਹ ਤਾਂ ਗਰਭਪਾਤ ਕਰਵਾਉਣਾ ਚਾਹੁੰਦੀ ਸੀ ਪਰ ਵਕਤ ਜ਼ਿਆਦਾ ਗੁਜ਼ਰ ਜਾਣ ਕਾਰਨ ਡਾਕਟਰ ਇਸ ਲਈ ਤਿਆਰ ਨਹੀਂ ਸਨ। ਲੜਕੀ ਪੜ੍ਹੀ-ਲਿਖੀ ਤੇ ਸੁੰਦਰ ਪਰ ਮਜਬੂਰ ਸੀ। ਇਸ ਸਮਾਜ ਵਿੱਚ ਉਸ ਦਾ ਆਪਣਾ ਹੀ ਜਿਉਣਾ ਮੁਸ਼ਕਿਲ ਹੋ ਰਿਹਾ ਸੀ। ਉਹ ਇਸ ਬੱਚੇ ਨੂੰ ਕਿਵੇਂ ਪਾਲਦੀ?
ਰੱਬ ਦੀ ਮਰਜ਼ੀ ਕਿ ਉਸ ਕੁੜੀ ਦੀ ਡਲਿਵਰੀ ਵੀ ਸ਼ਿਆਮਾ ਦੇ ਨਾਲ ਹੀ ਹੋਈ ਸੀ। ਉਸ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਦੋਂਕਿ ਸ਼ਿਆਮਾ ਦੇ ਫ਼ਿਰ ਕੁੜੀ ਹੋਈ। ਹੋਸ਼ ਵਿੱਚ ਆਉਣ ਮਗਰੋਂ ਜਦੋਂ ਹੀ ਸ਼ਿਆਮਾ ਨੂੰ ਇਹ ਪਤਾ ਲੱਗਿਆ ਕਿ ਉਸ ਦੇ ਫ਼ਿਰ ਧੀ ਹੋਈ ਹੈ ਅਤੇ ਨਾਲ ਵਾਲੀ ਕੁੜੀ ਦੇ ਮੁੰਡਾ ਤਾਂ ਉਸ ਦਾ ਦਿਮਾਗ਼ ਤੇਜ਼ੀ ਨਾਲ ਚੱਲਣ ਲੱਗਿਆ। ਉਸ ਨੇ ਨਰਸ ਅਤੇ ਉਸ ਲੜਕੀ ਨੂੰ ਆਪਣੇ ਭਰੋਸੇ ਵਿੱਚ ਲੈਂਦਿਆਂ ਨਰਸ ਨੂੰ ਆਪਣੇ ਦੋ ਕੜੇ ਦੇ ਕੇ ਕਿਹਾ ਕਿ ਉਹ ਉਸ ਦੀ ਕੁੜੀ ਦੂਜੀ ਕੁੜੀ ਦੇ ਮੁੰਡੇ ਨਾਲ ਬਦਲ ਦੇਵੇ ਤਾਂ ਉਸ ਦੀ ਕੁੜੀ ਦੀ ਜ਼ਿੰਦਗੀ ਵੀ ਸੁਧਰ ਜਾਏਗੀ ਅਤੇ ਉਸ ਕੁੜੀ ਨੂੰ ਵੀ ਉਹ ਆਪਣੇ ਨਾਲ ਘਰ ਲੈ ਜਾਵੇਗੀ। ਇਸ ਨਾਲ ਉਸ ਦੀ ਜ਼ਿੰਦਗੀ ਚੰਗੀ ਤਰ੍ਹਾਂ ਗੁਜ਼ਰ ਜਾਵੇਗੀ, ਨਹੀਂ ਤਾਂ ਇਹ ਪਤਾ ਨਹੀਂ ਕਿੱਥੇ ਭਟਕਦੀ ਫ਼ਿਰੇਗੀ। ਕੁਝ ਪੈਸੇ ਦੀ ਤਾਕਤ ਅਤੇ ਕੁਝ ਉਸ ਦੀ ਮਜਬੂਰੀ ਨੂੰ ਵੇਖਦਿਆਂ ਨਰਸ ਵੀ ਇਸ ਕੰਮ ਲਈ ਰਾਜ਼ੀ ਹੋ ਗਈ। ਉਹ ਕੁੜੀ ਵੀ ਆਪਣੇ ਭਵਿੱਖ ਬਾਰੇ ਸੋਚ ਕੇ ਇਸ ਲਈ ਮੰਨ ਗਈ। ਇਸ ਤਰ੍ਹਾਂ ਸ਼ਿਆਮਾ ਨੇ ਆਪਣੀ ਗ੍ਰਹਿਸਥੀ ਬਚਾਉਣ ਦਾ ਹੀਲਾ ਕਰ ਲਿਆ। ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰਦਿਆਂ ਨੂੰ ਟੈਲੀਫ਼ੋਨ ‘ਤੇ ਖ਼ਬਰ ਦਿੱਤੀ ਕਿ ਉਸ ਨੇ ਇੱਕ ਸੁੰਦਰ ਤੇ ਸਿਹਤਮੰਦ ਪੁੱਤਰ ਨੂੰ ਜਨਮ ਦਿੱਤਾ ਹੈ। ਖ਼ਬਰ ਮਿਲਦੇ ਸਾਰ ਉਸ ਦਾ ਪਤੀ ਤੇ ਸੱਸ ਆਏ। ਦੋ ਦਿਨਾਂ ਬਾਅਦ ਛੁੱਟੀ ਮਿਲਣ ‘ਤੇ ਆਪਣੇ ਘਰ ਆ ਗਏ। ਇਨ੍ਹਾਂ ਦੋ ਦਿਨਾਂ ਵਿੱਚ ਉਸ ਨੇ ਆਪਣੇ ਪਤੀ ਤੇ ਸੱਸ ਨੂੰ ਉਸ ਕੁੜੀ ਨੂੰ ਆਪਣੇ ਨਾਲ ਘਰ ਲਿਜਾਣ ਲਈ ਮਨਾ ਲਿਆ ਸੀ। ਉਹ ਸਾਰੇ ਖ਼ੁਸ਼ੀ-ਖ਼ੁਸ਼ੀ ਘਰ ਆ ਗਏ।
ਤਕਰੀਬਨ ਇੱਕ ਸਾਲ ਤਕ ਸਭ ਕੁਝ ਠੀਕ ਚਲਦਾ ਰਿਹਾ। ਦੋਵੇਂ ਮਾਵਾਂ ਮਿਲ ਕੇ ਦੋਵੋਂ ਬੱਚਿਆਂ ਨੂੰ ਪਿਆਰ ਨਾਲ ਪਾਲ ਰਹੀਆਂ ਸਨ ਪਰ ਹੌਲੀ-ਹੌਲੀ ਹਾਲਾਤ ਬਦਲਣ ਲੱਗੇ ਕਿਉਂਕਿ ਸ਼ਿਆਮਾ ਪਹਿਲੇ ਹੀ ਦਿਨ ਤੋਂ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਉਸ ਕੁੜੀ ਲਈ ਖਿੱਚ ਦੇਖ ਰਹੀ ਸੀ। ਸਾਰੇ ਉਸ ਨੂੰ ਮਮਤਾ ਦੇ ਨਾਂ ਨਾਲ ਜਾਣਨ ਲੱਗ ਪਏ ਸਨ। ਵੈਸੇ ਤਾਂ ਸ਼ਿਆਮਾ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਉਸ ਦਾ ਪਤੀ ਸ਼ੁਰੂ ਤੋਂ ਇਸ ਤਰ੍ਹਾਂ ਦਾ ਹੀ ਸੀ। ਉਸ ਨੂੰ ਛੱਡ ਕੇ ਉਹ ਸਾਰੀਆਂ ਔਰਤਾਂ ਦੀ ਇਉਂ ਜੀ-ਹਜ਼ੂਰੀ ਕਰਦਾ ਸੀ ਕਿ ਸ਼ਿਆਮਾ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੀ ਸੀ। ਉਹ ਆਪਣੇ ਆਪ ਨੂੰ ਬਹੁਤ ਅਪਮਾਨਤ ਮਹਿਸੂਸ ਕਰਦੀ ਪਰ ਮਜਬੂਰ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਉਸ ਨੇ ਆਪਣੇ ਪਤੀ ਨੂੰ ਹਰ ਤਰੀਕੇ ਨਾਲ ਸਮਝਾਉਣ ਤੇ ਵਰਜਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ। ਉਸ ਦਾ ਪਤੀ ਹੋਰਾਂ ਨੂੰ ਭੱਜ ਕੇ ਮਿਲਦਾ ਪਰ ਸ਼ਿਆਮਾ ਨੂੰ ਇਸ ਤਰ੍ਹਾਂ ਮਿਲਦਾ ਜਿਵੇਂ ਉਹ ਗੱਲ ਕਰਨ ਦੇ ਯੋਗ ਵੀ ਨਾ ਹੋਵੇ। ਹਾਲਾਂਕਿ ਇੱਕ ਵਾਰੀ ਵੀ ਸ਼ਿਆਮਾ ਨੂੰ ਮਿਲਣ ਵਾਲਾ ਹਰ ਸ਼ਖ਼ਸ ਕਹਿੰਦਾ ਕਿ ਉਹ ਕਿੰਨੀ ਸੁੰਦਰ ਤੇ ਸ਼ੁਸ਼ੀਲ ਹੈ। ਪੜ੍ਹੀ-ਲਿਖੀ ਤਾਂ ਉਹ ਸੀ ਹੀ ਪਰ ਉਹ ਕੁਝ ਵੀ ਨਾ ਕਰ ਸਕੀ। ਹੌਲੀ-ਹੌਲੀ ਉਸ ਨੇ ਖ਼ੁਦ ਨੂੰ ਹਾਲਾਤ ਮੁਤਾਬਕ ਢਾਲ ਲਿਆ ਅਤੇ ਇਹ ਸੋਚ ਲਿਆ ਕਿ ਉਸ ਦਾ ਫ਼ਰਜ਼ ਤਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਤੇ ਉਨ੍ਹਾਂ ਦਾ ਜੀਵਨ ਸੰਵਾਰਨਾ ਹੈ।
ਰੋਜ਼ ਉਹ ਆਪਣੇ ਪਤੀ ਨੂੰ ਮਮਤਾ ਦੇ ਆਲੇ-ਦੁਆਲੇ ਘੁੰਮਦਾ ਵੇਖਦੀ ਤੇ ਖ਼ੂਨ ਦੇ ਘੁੱਟ ਪੀ ਲੈਂਦੀ। ਹੁਣ ਮਮਤਾ ਵੀ ਰੰਗ ਬਦਲਣ ਲੱਗੀ ਸੀ ਕਿਉਂਕਿ ਉਹ ਵੀ ਤਾਂ ਇਨਸਾਨ ਸੀ। ਮਮਤਾ ਵੀ ਸ਼ਿਆਮਾ ਦੇ ਪਤੀ ਦੇ ਰੰਗ ਵਿੱਚ ਰੰਗਣ ਲੱਗ ਪਈ। ਇਹ ਹੋਵੇ ਵੀ ਕਿਉਂ ਨਾ? ਉਸ ਨੂੰ ਇੱਕ ਅਮੀਰ ਤੇ ਭੌਰੇ ਦੀ ਤਰ੍ਹਾਂ ਮੰਡਰਾਉਣ ਵਾਲਾ ਬੰਦਾ ਜੋ ਮਿਲ ਗਿਆ ਸੀ। ਉਸ ਨੇ ਸ਼ਿਆਮਾ ਨੂੰ ਸੌਂਕਣ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਸ਼ਿਆਮਾ ਦੇ ਹੱਥ ਵਿੱਚੋਂ ਪਤੀ, ਗ੍ਰਹਿਸਥੀ, ਰੁਪਇਆ-ਪੈਸਾ ਸਭ ਕੁਝ ਨਿਕਲ ਗਿਆ। ਸ਼ਿਆਮਾ ਜਿਸ ਨੂੰ ਇੱਕ ਦੁਖਿਆਰੀ ਅਬਲਾ ਦੇ ਰੂਪ ਵਿੱਚ ਆਪਣੇ ਘਰ ਲੈ ਕੇ ਆਈ ਸੀ, ਉਹੀ ਉਸ ਦੀ ਸੌਂਕਣ ਬਣ ਚੁੱਕੀ ਸੀ। ਲੋਕ ਗੱਲਾਂ ਕਰਦੇ ਪਰ ਸ਼ਿਆਮਾ ਸਭ ਕੁਝ ਜਾਣਦੀ ਹੋਈ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ। ਉਹ ਅੰਦਰੇ-ਅੰਦਰ ਘੁਟਦੀ ਰਹਿੰਦੀ ਪਰ ਕਿਸੇ ਨੂੰ ਕੁਝ ਨਾ ਕਹਿੰਦੀ। ਕਹਿ ਵੀ ਨਹੀਂ ਸਕਦੀ ਸੀ। ਜੇ ਉਹ ਆਪਣਾ ਮੂੰਹ ਖੋਲ੍ਹਦੀ ਤਾਂ ਉਸ ਦੇ ਆਪਣੇ ਪੁੱਤਰ ਦਾ ਰਾਜ਼ ਖੁੱਲ੍ਹਣ ਦਾ ਡਰ ਸੀ। ਇਸ ਲਈ ਉਹ ਚੁੱਪ-ਚੁਪੀਤੇ ਸਭ ਕੁਝ ਸਹਿੰਦੇ ਹੋਏ ਦਿਨ ਲੰਘਾ ਰਹੀ ਸੀ।
ਦਿਨ, ਮਹੀਨੇ ਤੇ ਸਾਲ ਲੰਘਦੇ ਗਏ। ਹੁਣ ਉਸ ਦਾ ਮੁੰਡਾ ਤੇ ਮਮਤਾ ਦੀ ਕੁੜੀ 14-15 ਸਾਲ ਦੇ ਹੋ ਗਏ। ਮੁੰਡਾ ਬਸੰਤ ਤੇ ਕੁੜੀ ਰੀਮਾ ਅਤੇ ਦੋਵੋਂ ਵੱਡੀਆਂ ਬੇਟੀਆਂ ਸਾਰੇ ਰਲ-ਮਿਲ ਕੇ ਬਹੁਤ ਪਿਆਰ ਨਾਲ ਸਕੇ ਭੈਣ-ਭਰਾ ਵਾਂਗ ਰਹਿੰਦੇ ਤੇ ਖੇਡਦੇ ਸਨ।
ਅਚਾਨਕ ਇੱਕ ਦਿਨ ਮਮਤਾ ਰੋਂਦੀ ਹੋਈ ਸ਼ਿਆਮਾ ਕੋਲ ਆਈ ਤੇ ਰੋਂਦੇ-ਰੋਂਦੇ ਉਸ ਤੋਂ ਮੁਆਫ਼ੀਆਂ ਮੰਗਣ ਲੱਗੀ। ਸ਼ਿਆਮਾ ਹੈਰਾਨ ਰਹਿ ਗਈ ਕਿ ਅੱਜ ਸੌਂਕਣ ਦੇ ਮਿਜਾਜ਼ ਕਿਵੇਂ ਬਦਲ ਗਏ। ਫ਼ਿਰ ਵੀ ਨੇਕ ਦਿਲ, ਰੱਬ ਤੋਂ ਡਰਨ ਅਤੇ ਨਰਮ ਸੁਭਾਅ ਵਾਲੀ ਔਰਤ ਸ਼ਿਆਮਾ ਨੇ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਕੇ ਮਮਤਾ ਨੂੰ ਉਸ ਦੇ ਰੋਣ ਦਾ ਕਾਰਨ ਪੁੱਛਿਆ। ਉਸ ਨੇ ਸ਼ਿਆਮਾ ਨੂੰ ਜੋ ਦੱਸਿਆ ਉਸ ਨੂੰ ਸੁਣ ਕੇ ਤਾਂ ਉਹ ਵੀ ਇੱਕ ਵਾਰ ਸੁੰਨ ਰਹਿ ਗਈ। ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਸੋਚਿਆ ਤਾਂ ਉਸ ਨੂੰ ਲੱਗਿਆ ਕਿ ਉਸ ਦੇ ਪਤੀ ਤੋਂ ਕਿਸੇ ਵੀ ਅਨਰਥ ਦੀ ਉਮੀਦ ਕੀਤੀ ਜਾ ਸਕਦੀ ਹੈ। ਰੋਂਦੇ-ਰੋਂਦੇ ਮਮਤਾ ਨੇ ਦੱਸਿਆ ਕਿ ਅੱਜ-ਕੱਲ੍ਹ ਸ਼ਿਆਮਾ ਦਾ ਪਤੀ ਮਮਤਾ ਨਾਲ ਵੀ ਉਖੜਿਆ-ਉਖੜਿਆ ਰਹਿੰਦਾ ਹੈ ਪਰ ਉਸ ਦਾ ਪਿਆਰ ਮਮਤਾ ਦੀ ਕੁੜੀ ਰੀਮਾ ਵੱਲ ਕੁਝ ਜ਼ਿਆਦਾ ਹੀ ਵਧਦਾ ਜਾ ਰਿਹਾ ਹੈ। ਪਹਿਲਾਂ ਤਾਂ ਮਮਤਾ ਨੂੰ ਜਾਪਿਆ ਕਿ ਇੱਕ ਪਿਓ ਦਾ ਕੁੜੀ ਵੱਲ ਸਹਿਜ ਮੋਹ ਹੈ। ਜ਼ਿਆਦਾ ਧਿਆਨ ਦੇਣ ‘ਤੇ ਉਸ ਨੇ ਵੇਖਿਆ ਕਿ ਇਹ ਇੱਕ ਆਦਮੀ ਦਾ ਇੱਕ ਔਰਤ ਵੱਲ ਖਿੱਚ ਵਾਲਾ ਪਿਆਰ ਹੈ। ਜਦੋਂ ਮਮਤਾ ਆਪਣੇ ਕਥਿਤ ਪਤੀ ਨੂੰ ਕੁਝ ਸਮਝਾਉਣ ਲੱਗੀ ਤਾਂ ਉਸ ਨੇ ਬੜੀ ਬੇਸ਼ਰਮੀ ਨਾਲ ਕਿਹਾ ਕਿ ਇਹ ਮਮਤਾ ਦੇ ਪਹਿਲੇ ਪਤੀ ਦੀ ਕੁੜੀ ਹੈ। ਇਹ ਸੁਣ ਕੇ ਮਮਤਾ ਨੂੰ ਧੱਕਾ ਲੱਗਿਆ। ਉਸ ਨੇ ਸ਼ਿਆਮਾ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਵੀ ਆਪਣੀ ਕੁੜੀ ਨੂੰ ਆਪਣੇ ਹੀ ਪਿਓ ਦੇ ਹੱਥੋਂ ਬਰਬਾਦ ਹੋਣ ਤੋਂ ਬਚਾ ਲਵੇ। ਇਹ ਸੁਣ ਕੇ ਸ਼ਿਆਮਾ ਨੇ ਮਮਤਾ ਨੂੰ ਕਿਹਾ ਕਿ ਉਹ ਸ਼ੁਰੂ ਤੋਂ ਹੀ ਆਪਣੇ ਪਤੀ ਨੂੰ ਜਾਣਦੀ ਸੀ ਕਿ ਉਸ ਦੇ ਦਿਲ ਵਿੱਚ ਕਿਸੇ ਵੀ ਔਰਤ ਲਈ ਇੱਜ਼ਤ ਨਹੀਂ। ਉਹ ਤਾਂ ਔਰਤ ਨੂੰ ਖਿਡੌਣਾ ਸਮਝਦਾ ਹੈ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ। ਇਸ ਤੋਂ ਬਾਅਦ ਦੋਵੇਂ ਮਿਲ ਕੇ ਆਪਣੇ ਪਤੀ ਕੋਲ ਗਈਆਂ। ਉਸ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਕਿ ਕਿਸ ਤਰ੍ਹਾਂ ਬਸੰਤ ਮਮਤਾ ਦਾ ਮੁੰਡਾ ਹੈ ਅਤੇ ਰੀਮਾ ਸ਼ਿਆਮਾ ਦੀ ਧੀ। ਉਨ੍ਹਾਂ ਦੋਵਾਂ ਨੇ ਆਪਣੇ ਪਤੀ ਨੂੰ ਲਾਹਣਤ ਪਾਉਂਦਿਆਂ ਕਿਹਾ ਕਿ ਉਹ ਇਨਸਾਨ ਦੇ ਰੂਪ ਵਿੱਚ ਜਾਨਵਰ ਹੈ।
ਸ਼ਾਇਦ ਰੱਬ ਨੇ ਉਸ ਨੂੰ ਸਬਕ ਦੇਣ ਲਈ ਹੀ ਅਜਿਹੇ ਹਾਲਾਤ ਪੈਦਾ ਕੀਤੇ ਹਨ। ਉਨ੍ਹਾਂ ਉਸ ਨੂੰ ਇਹ ਵੀ ਕਿਹਾ ਕਿ ਹਾਲੇ ਵੀ ਉਹ ਸ਼ੁਕਰ ਮਨਾਏ ਕਿ ਰੱਬ ਨੇ ਉਸ ਨੂੰ ਵਕਤ ਰਹਿੰਦੇ ਸੰਭਲਣ ਦਾ ਮੌਕਾ ਦਿੱਤਾ ਹੈ। ਜੇ ਹਾਲੇ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਦੋਵੇਂ ਮਿਲ ਕੇ ਪੂਰੀ ਦੁਨੀਆਂ ਨੂੰ ਸੱਚਾਈ ਦੱਸ ਦੇਣਗੀਆਂ ਕਿਉਂਕਿ ਉਨ੍ਹਾਂ ਲਈ ਆਪਣੇ ਬੱਚਿਆਂ ਤੋਂ ਉੱਪਰ ਕੁਝ ਵੀ ਨਹੀਂ। ਇਹ ਸਭ ਕੁਝ ਸੁਣ ਕੇ ਉਨ੍ਹਾਂ ਦਾ ਪਤੀ ਇੱਕਦਮ ਬੌਂਦਲ ਗਿਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਹ ਬਹੁਤ ਸ਼ਰਮਸ਼ਾਰ ਹੋਇਆ ਅਤੇ ਉਨ੍ਹਾਂ ਦੋਵਾਂ ਕੋਲ ਅੱਗੇ ਤੋਂ ਕੋਈ ਵੀ ਗ਼ਲਤ ਕੰਮ ਨਾ ਕਰਨ ਦਾ ਵਾਅਦਾ ਕੀਤਾ। ਇਸ ਮਗਰੋਂ ਦੋਵੇਂ ਸੌਂਕਣਾਂ ਰਲ ਕੇ ਪੱਕੀਆਂ ਸਹੇਲੀਆਂ ਵਾਂਗ ਰਹਿਣ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲੱਗੀਆਂ। ਮਮਤਾ ਤਾਂ ਪਹਿਲਾਂ ਹੀ ਸਾਰੇ ਕਾਰੋਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਸੀ ਅਤੇ ਸ਼ਿਆਮਾ ਨਾਲ ਮਿਲ ਕੇ ਘਰ ਵੀ ਉਸ ਨੇ ਚੰਗੀ ਤਰ੍ਹਾਂ ਸੰਭਾਲ ਲਿਆ।
– ਭੁਪਿੰਦਰ ਕੌਰ ਵਾਲੀਆ