ਪੋਰਟ ਵਿਲਾ- ਦੱਖਣੀ ਪ੍ਰਸ਼ਾਂਤ ਦੇ ਇੱਕ ਟਾਪੂ ਦੇਸ਼ ਵਾਨੂਆਟੂ ਦੇ ਤੱਟ ‘ਤੇ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.3 ਮਾਪੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਰਿਪੋਰਟ ਦਿੱਤੀ ਕਿ ਭੂਚਾਲ ਦਾ ਕੇਂਦਰ ਪੋਰਟ ਓਲੋਰੀ ਪਿੰਡ ਤੋਂ ਲਗਭਗ 200 ਕਿਲੋਮੀਟਰ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ (ਪੀਟੀਡਬਲਯੂਸੀ) ਦੇ ਅਨੁਸਾਰ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।
ਸ਼ੁਰੂਆਤੀ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਵਾਨੂਆਟੂ ਕੁਦਰਤੀ ਤੌਰ ‘ਤੇ ਭੂਚਾਲ-ਪ੍ਰਤੀ ਬਹੁਤ ਸੰਵਦੇਨਸ਼ੀਲ ਖੇਤਰ ਹੈ। ਇਹ ਦੇਸ਼ “ਰਿੰਗ ਆਫ਼ ਫਾਇਰ” ‘ਤੇ ਸਥਿਤ ਹੈ, ਜੋ ਕਿ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਸਰਗਰਮ ਟੈਕਟੋਨਿਕ ਬੈਲਟ ਹੈ ਜੋ ਦੱਖਣ-ਪੂਰਬੀ ਏਸ਼ੀਆ ਤੋਂ ਪ੍ਰਸ਼ਾਂਤ ਬੇਸਿਨ ਤੱਕ ਫੈਲਿਆ ਹੋਇਆ ਹੈ ਅਤੇ ਅਕਸਰ ਭੂ-ਵਿਗਿਆਨਕ ਗਤੀਵਿਧੀਆਂ ਅਤੇ ਭੂਚਾਲਾਂ ਤੋਂ ਪ੍ਰਭਾਵਿਤ ਹੁੰਦਾ ਹੈ।















