ਨਵੀਂ ਦਿੱਲੀਂ ਚੈਂਪੀਅਨਸ ਟਰਾਫ਼ੀ ਦੇ ਖਤਮ ਹੋਣ ਤੋਂ ਬਾਅਦ ਅਨਿਲ ਕੁੰਬਲੇ ਦਾ ਇਕ ਸਾਲ ਦਾ ਕੰਟਰੈਕਟ ਖਤਮ ਹੋ ਚੁੱਕਿਆ ਹੈ। ਹਾਲਾਂਕਿ ਉਸ ਨੂੰ ਕੋਚ ਦੇ ਤੌਰ ‘ਤੇ ਵੈਸਟਇੰਡੀਜ਼ ਦੌਰੇ ਲਈ ਬਰਕਰਾਰ ਰੱਖਿਆ ਗਿਆ ਸੀ ਪਰ ਫ਼ਿਲਹਾਲ ਕੁੰਬਲੇ ਵੈਸਟਇੰਡੀਜ਼ ਦੌਰੇ ‘ਤੇ ਭਾਰਤੀ ਟੀਮ ਨਾਲ ਨਹੀਂ ਹਨ। ਭਾਰਤੀ ਟੀਮ ਵੈਸਟਇੰਡੀਜ਼ ਦੌਰੇ ਲਈ ਅੱਜ ਰਵਾਨਾ ਹੋ ਗਈ ਹੈ, ਜਿਸ ਦੌਰਾਨ ਕੋਚ ਕੁੰਬਲੇ ਫ਼ਿਲਹਾਲ ਟੀਮ ਦੇ ਨਾਲ ਨਹੀਂ ਗਏ ਹਨ।
ਲੰਡਨ ‘ਚ ਇੰਡੀਜ਼ ਰਵਾਨ ਹੋਣ ਤੋਂ ਠੀਕ ਪਹਿਲਾ ਕੁੰਬਲੇ ਨੇ ਦੱਸਿਆ ਕਿ ਉਸ ਨੇ 22 ਅਤੇ 23 ਜੂਨ ਨੂੰ ਲੰਡਨ ‘ਚ ਇਕ ਆਈ. ਸੀ. ਸੀ. ਮੀਟਿੰਗ ‘ਚ ਸ਼ਾਮਲ ਹੋਣਾ ਹੈ। ਉਹ ਇਸ ਮੀਟਿੰਗ ਨੂੰ ਅਟੈਂਡ ਕਰਨ ਤੋਂ ਬਾਅਦ ਹੀ ਟੀਮ ਨਾਲ ਜੁੜਨਗੇ। 23 ਜੂਨ ਤੋਂ ਸ਼ੁਰੂ ਹੋ ਰਹੀ ਵੈਸਟਇੰਡੀਜ਼ ਸੀਰੀਜ਼ ‘ਚ 5 ਵਨਡੇ ਖੇਡੇ ਜਾਣਗੇ ਨਾਲ ਹੀ ਇਸ ਤੋਂ ਬਾਅਦ ਦੌਰੇ ਦਾ ਇਕਮਾਤਰ ਟੀ-20 ਖੇਡਿਆ ਜਾਵੇਗਾ।
ਦੂਜੇ ਪਾਸੇ ਸੂਤਰਾਂ ਦਾ ਮੰਨਣਾ ਹੈ ਕਿ ਚੈਂਪੀਅਨਸ ਟਰਾਫ਼ੀ ‘ਚ ਪਾਕਿਸਤਾਨ ਦੇ ਹਥੋਂ ਹਾਰ ਤੋਂ ਬਾਅਦ ਕੋਚ ਕੁੰਬਲੇ ਅਤੇ ਕਪਤਾਨ ਵਿਰਾਟ ‘ਚ ਸੁਲਝਦਾ ਹੋਇਆ ਮਾਮਲਾ ਫ਼ਿਰ ਉਲਝ ਗਿਆ ਹੈ। ਵਿਰਾਟ ਨੇ ਫ਼ਾਈਨਲ ਤੋਂ ਇਕ ਦਿਨ ਪਹਿਲਾ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ. ) ਦੇ ਸਾਹਮਣੇ ਕੁੰਬਲੇ ਨੂੰ ਲੈ ਕੇ ਖੁੱਲ ਕੇ ਇਤਰਾਜ਼ ਜਤਾਇਆ ਸੀ। ਇਹ ਉਹੀ ਸਲਾਹਕਾਰ ਕਮੇਟੀ ਹੈ, ਜਿਸ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ. ਵੀ. ਐਸ. ਲਕਸ਼ਮਣ ਸ਼ਾਮਲ ਹਨ, ਉਹ 8 ਜੂਨ ਨੂੰ ਕੁੰਬਲੇ ਨੂੰ ਵਿਸ਼ਵ ਕੱਪ -2019 ਤੱਕ ਲਈ ਕੋਚ ਦੇ ਤੌਰ ‘ਤੇ ਕੁੰਬਲੇ ਨੂੰ ਆਪਣੀ ਪਸੰਦ ਦੱਸ ਚੁੱਕਿਆ ਹੈ।
ਕੌਚ ਦੇ ਤੌਰ ‘ਤੇ ਸ਼ਾਸਤਰੀ ਹੀ ਵਿਰਾਟ ਦੀ ਪਹਿਲੀ ਪਸੰਦ
ਉਥੇ ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਕੋਚ ਦੇ ਤੌਰ ‘ਤੇ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਰਵੀ ਸ਼ਾਸਤਰੀ ਹੈ। ਉਹ ਕੁੰਬਲੇ ਤੋਂ ਪਹਿਲਾ ਬਤੌਰ ਡਾਇਰੈਕਟਰ ਅਤੇ ਕੋਚ ਭਾਰਤੀ ਟੀਮ ਨਾਲ ਜੁੜੇ ਸਨ। ਕੋਚ ਚੁਣਨ ਦੀ ਜ਼ਿੰਮੇਵਾਰੀ ਸੀ. ਏ. ਸੀ. ਦੀ ਹੈ ਅਤੇ ਇਸ ‘ਚ ਸ਼ਾਮਲ 3 ਸੀਨੀਅਰ ਖਿਡਾਰੀ ਲੰਬੇ ਸਮੇਂ ਤੱਕ ਕੁੰਬਲੇ ਦੇ ਨਾਲ ਡ੍ਰੇਸਿੰਗ ਰੂਮ ਸਾਂਝਾ ਕਰ ਚੁੱਕੇ ਹਨ। ਇਸ ਸਾਬਕਾ ਲੈਗ ਸਪਿਨਰ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਕੋਚ ਦੇ ਤੌਰ ਤੋਂ ਹਟਾਉਣਾ ਬਹੁਤ ਮੁਸ਼ਕਿਲ ਹੈ।
ਕੁੰਬਲੇ ਦੇ ਪ੍ਰਦਰਸ਼ਨ ਸਾਹਮਣੇ ਕੋਈ ਨਹੀਂ
ਅਨਿਲ ਕੁੰਬਲੇ ਦੇ ਕੋਚ ਰਹਿੰਦੇ ਭਾਰਤੀ ਟੀਮ ਨੇ ਲਗਾਤਾਰ 5 ਟੈਸਟ ਸੀਰੀਜ਼ ਜਿੱਤੀਆਂ ਹਨ ਅਤੇ ਉਹ ਨੰਬਰ -1 ਟੀਮ ਦਾ ਰੁਤਬਾ ਹਾਸਲ ਕਰ ਚੁੱਕੀ ਹੈ। ਕੁੰਬਲੇ ਦੇ ਕੋਚ ਰਹਿੰਦੇ ਭਾਰਤ ਨੇ ਘਰੇਲੂ ਸੈਸ਼ਨ ‘ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 13 ‘ਚ 10 ਟੈਸਟ ਜਿੱਤੇ, 2 ਡਰਾਅ ਖੇਡੇ ਅਤੇ ਸਿਰਫ਼ ਇਕ ਗੁਆਇਆ। ਇਸ ਤੋਂ ਇਲਾਵਾ ਵੈਸਟਇੰਡੀਜ਼ ‘ਚ ਟੈਸਟ ਸੀਰੀਜ਼ ਵੀ ਜਿੱਤੀ, ਕੁੰਬਲੇ ਦੇ ਨਾਂ 619 ਟੈਸਟ ਅਤੇ 337 ਵਨਡੇ ਵਿਕਟ ਦਰਜ ਹਨ।












