ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ ਹੋਣਗੇ ਦੇਸ਼ ਦੇ ਨਵੇਂ CDS, ਤਿੰਨੋਂ ਸੈਨਾਵਾਂ ਦੀ ਸੰਭਾਲਣਗੇ ਕਮਾਨ

ਨਵੀਂ ਦਿੱਲੀ : ਦੇਸ਼ ਨੂੰ ਆਪਣਾ ਨਵਾਂ CDS ਯਾਨੀ ਚੀਫ ਆਫ ਡਿਫੈਂਸ ਸਟਾਫ ਮਿਲ ਗਿਆ ਹੈ। ਭਾਰਤ ਸਰਕਾਰ ਨੇ ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ (ਸੇਵਾਮੁਕਤ) ਨੂੰ ਨਵਾਂ ਚੀਫ ਆਫ਼ ਡਿਫੈਂਸ ਸਟਾਫ ਨਿਯੁਕਤ ਕੀਤਾ ਹੈ। ਅਹੁਦਾ ਸੰਭਾਲਣ ਦੀ ਮਿਤੀ ਤੋਂ ਅਗਲੇ ਹੁਕਮਾਂ ਤੱਕ ਐੱਨ. ਐੱਸ. ਰਾਜਾ ਸੁਬਰਾਮਣੀ ਭਾਰਤ ਸਰਕਾਰ ਦੇ ਅਧੀਨ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ।
ਕੌਣ ਹਨ ਐੱਨ. ਐੱਸ. ਰਾਜਾ ਸੁਬਰਾਮਣੀ?
ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ ਇਸ ਸਮੇਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਫੌਜੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਇਹ ਅਹੁਦਾ ਉਨ੍ਹਾਂ ਨੇ 1 ਸਤੰਬਰ, 2025 ਤੋਂ ਸੰਭਾਲਿਆ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 1 ਜੁਲਾਈ, 2024 ਤੋਂ 31 ਜੁਲਾਈ, 2025 ਤੱਕ ਸੈਨਾ ਦੇ ਉਪ ਮੁਖੀ ਵਜੋਂ ਅਤੇ ਮਾਰਚ 2023 ਤੋਂ ਜੂਨ 2024 ਤੱਕ ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾ ਨਿਭਾਈ ਸੀ। ਇਹ ਜ਼ਿਕਰਯੋਗ ਹੈ ਕਿ ਦੇਸ਼ ਦੇ ਮੌਜੂਦਾ ਸੀਡੀਐੱਸ, ਜਨਰਲ ਅਨਿਲ ਚੌਹਾਨ ਦਾ ਕਾਰਜਕਾਲ 30 ਮਈ, 2026 ਨੂੰ ਸਮਾਪਤ ਹੋਣ ਵਾਲਾ ਹੈ।