ਚੈਂਪੀਅਨਜ਼ ਟਰੌਫ਼ੀ ਦੀ ਜਗ੍ਹਾ ਟੀ-20 ਵਿਸ਼ਵ ਕੱਪ ਆਯੋਜਿਤ ਕਰ ਸਕਦੈ ICC

ਲੰਡਨ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਅਗਲੀ ਵਾਰ ਭਾਰਤ ਦੀ ਮੇਜ਼ਬਾਨੀ ‘ਚ ਹੋਣ ਵਾਲੀ ਕੌਮਾਂਤਰੀ ਟਰਾਫ਼ੀ ਨੂੰ ਖਤਮ ਕਰਕੇ ਉਸ ਦੀ ਜਗ੍ਹਾ 4 ਸਾਲ ਦੇ ਅੰਤਰਾਲ ‘ਚ 2 ਟੀ 20 ਵਿਸ਼ਵ ਕੱਪ ਦੇ ਆਯੋਜਨ ‘ਤੇ ਵਿਚਾਰ ਕਰ ਰਹੀ ਹੈ। ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।
ਭਾਰਤ ਨੂੰ 2021 ‘ਚ ਚੈਂਪੀਅਨਸ ਟਰਾਫ਼ੀ ਦੀ ਮੇਜ਼ਬਾਨੀ ਦੇ ਅਧਿਕਾਰ ਮਿਲੇ ਹਨ। ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ ‘ਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਹੈ। ਟੂਰਨਾਮੈਂਟ ਦੀ ਜ਼ਬਰਦਸਤ ਸਫ਼ਲਤਾ ਦੇ ਬਾਵਜੂਦ ਰਿਚਰਡਸਨ ਨੇ ਕਿਹਾ ਕਿ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲੀ ਚੈਂਪੀਅਨਸ ਟਰਾਫ਼ੀ 2021 ‘ਚ ਹੋਵੇ। ਇਸ ਮਸਲੇ ‘ਤੇ ਆਈ.ਸੀ.ਸੀ. ਦੀ ਸਲਾਨਾ ਕਾਨਫ਼ਰੰਸ ‘ਚ ਇਸ ਹਫ਼ਤੇ ਗੱਲ ਕੀਤੀ ਜਾਵੇਗੀ। ਰਿਚਰਡਸਨ ਨੇ ਆਈ.ਸੀ.ਸੀ. ਦੀ ਸਾਲਾਨਾ ਕਾਨਫ਼ਰੰਸ ਤੋਂ ਪਹਿਲਾਂ ਫ਼ੋਨ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਪਣੇ ਸੰਸਾਰਕ ਟੂਰਨਾਮੈਂਟਾਂ ਵਿਚਾਲੇ ਫ਼ਰਕ ਰਖਣਾ ਚਾਹੁੰਦੇ ਹਾਂ ਤਾਂ ਜੋ ਦਰਸ਼ਕਾਂ ਦੀ ਦਿਲਚਸਪੀ ਬਣੀ ਰਹੇ। ਫ਼ਿਲਹਾਲ ਅਗਲੀ ਚੈਂਪੀਅਨਸ ਟਰਾਫ਼ੀ 2021 ‘ਚ ਭਾਰਤ ‘ਚ ਹੋਣੀ ਹੈ। ਜੇਕਰ 4 ਸਾਲਾਂ ‘ਚ ਦੋ ਟੀ-20 ਵਿਸ਼ਵ ਕੱਪ ਖੇਡਣੇ ਹਨ ਤਾਂ ਚੈਂਪੀਅਨਸ ਟਰਾਫ਼ੀ ਰੱਦ ਕਰਨੀ ਹੋਵੇਗੀ।