ਸਹਾਰਾ

ਉਸ ਨੂੰ ਅਸੀਂ ਸਾਰੇ ਬੁੱਢੀ ਮਾਈ ਦੇ ਨਾਂ ਨਾਲ ਜਾਣਦੇ ਸਾਂ। ਉਸ ਦਾ ਅਸਲੀ ਨਾਂ ਜਾਣਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਸੀ। ਸਾਰਿਆਂ ਲਈ ਉਸ ਦੀ ਇਕ ਹੀ ਪਛਾਣ ਸੀ ਬੁੱਢੀ ਮਾਈ। ਬੱਚੇ ਹੋਣ ਜਾਂ ਬੁੱਢੇ ਤਕਰੀਬਨ ਸਾਰੇ ਹੀ ਉਸ ਨੂੰ ਇਸ ਨਾਂ ਨਾਲ ਬੁਲਾਉਂਦੇ ਸਨ। ਉਸ ਦੀ ਉਮਰ ਕਿੰਨੀ ਸੀ ਇਹ ਦੱਸਣਾ ਮੁਸ਼ਕਲ ਹੈ। ਪਰ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸਦੀ ਉਮਰ 60 ਸਾਲ ਦੀ ਤਾਂ ਹੋਵੇਗੀ ਜਾਂ ਇਸ ਤੋਂ ਘੱਟ ਪੱਕਾ ਕੁਝ ਕਿਹਾ ਨਹੀਂ ਜਾ ਸਕਦਾ। ਮਾਈ ਸਵੇਰ ਹੁੰਦਿਆਂ ਹੀ ਪਤਾ ਨਹੀਂ ਕਿਥੋਂ ਸਾਡੀ ਕਲੋਨੀ ਵਿੱਚ ਆ ਜਾਂਦੀ ਤੇ ਰਾਤ ਹੁੰਦਿਆਂ ਹੁੰਦਿਆਂ ਪਤਾ ਨਹੀਂ ਕਿਥੇ ਚਲੇ ਜਾਂਦੀ। ਸ਼ੁਰੂ ਸ਼ੁਰੂ ਵਿੱਚ ਸਾਰਿਆਂ ਨੇ ਉਸ ਦੇ ਆਉਣ ਜਾਣ ਬਾਰੇ ਸੋਚਿਆ। ਕੋਈ ਕਹਿੰਦਾ,’ਵਿਚਾਰੀ ਰਾਹਗੀਰ ਹੋਵੇਗੀ।’ ਕੋਈ ਕਹਿੰਦੀ,’ਇਹ ਬੱਚੇ ਚੁੱਕਣ ਵਾਲੇ ਗਿਰੋਹ ਵਿੱਚੋਂ ਹੋਵੇਗੀ।’ ਪਰ ਹੌਲੀ ਹੌਲੀ ਇਸ ਤਰ੍ਹਾਂ ਦੀਆਂ ਸੋਚਾਂ ਖਤਮ ਹੋ ਗਈਆਂ ਤੇ ਉਸ ਦੇ ਲਈ ਸਾਰਿਆਂ ਦੇ ਦਿਲ ਵਿੱਚ ਨਿਮਰਤਾ ਆਉਣ ਲੱਗੀ। ਇਕ ਦਿਨ ਕਿਸੇ ਨੇ ਦੱਸਿਆ ਕਿ ਅਸੀਂ ਬੁੱਢੀ ਮਾਈ ਨੂੰ ਰਾਤ ਦੇ ਸਮੇਂ ਰੇਲਵੇ ਸਟੇਸ਼ਨ ਦੇ ਬਾਹਰ ਪੱਟੜੀ ਉਪਰ ਸੁੱਤਿਆਂ ਵੇਖਿਆ ਹੈ। ਉਸ ਦਿਨ ਤੋਂ ਮੇਰੇ ਮਨ ਦੀ ਪ੍ਰੇਸ਼ਾਨੀ ਦੂਰ ਹੋ ਗਈ ਜਦੋਂ ਕਾਲੋਨੀ ਦੀਆਂ ਔਰਤਾਂ ਮਾਈ ਨੂੰ ਆਪਣੇ ਆਪਣੇ ਘਰ ਦਾ ਵਧਿਆ ਹੋਇਆ ਖਾਣਾ ਦੇ ਦਿੰਦੀਆਂ। ਖਾਣਾ ਚੰਗਾ ਹੁੰਦਾ ਜਾਂ ਮਾੜਾ ਉਹ ਚੁੱਪ ਚਾਪ ਰੱਖ ਲੈਂਦੀ ਤੇ ਬੜੀ ਹੀ ਰੀਝ ਨਾਲ ਖਾਂਦੀ। ਉਸ ਨੂੰ ਖਾਣਾ ਖਾਂਦਿਆਂ ਵੇਖ ਕੇ ਰੋਜ਼ ਮੇਰਾ ਮਨ ਭਰ ਜਾਂਦਾ ਤੇ ਮੈਂ ਸੋਚਦੀ ਕਿ ਜੇ ਉਸ ਦਾ ਕੋਈ ਆਪਣਾ ਸਕਾ ਹੁੰਦਾ ਤਾਂ ਇਸ ਤਰ੍ਹਾਂ ਉਸ ਨੂੰ ਸਾਰਿਆਂ ਦੇ ਘਰ ਦੀ ਜੂਠ ਦੇ ਭਰੋਸੇ ਨਾ ਰਹਿਣਾ ਪੈਂਦਾ ਨਾਲ ਹੀ ਇਹ ਵਿਚਾਰ ਵੀ ਦਿਮਾਗ ਵਿੱਚ ਆਉਂਦਾ ਕਿ ਉਸ ਨੂੰ ਸਾਰਿਆਂ ਦੇ ਘਰ ਦੀ ਜੂਠ ਦੇ ਸਹਾਰੇ ਨਾ ਰਹਿਣਾ ਪੈਂਦਾ। ਨਾਲ ਹੀ ਇਹ ਵਿਚਾਰ ਵੀ ਦਿਮਾਗ ਵਿੱਚ ਆਉਂਦਾ ਕਿ ਉਸ ਨੂੰ ਜ਼ਰੂਰ ਉਸ ਦੇ ਘਰ ਵਾਲਿਆਂ ਨੇ ਕੱਢ ਦਿੱਤਾ ਹੋਵੇਗਾ। ਅੱਜ ਦੇ ਜ਼ਮਾਨੇ ਵਿੱਚ ਰਿਸ਼ਤੇ ਨਾਤੇ ਵੀ ਮਤਲਬੀ ਹੋ ਗਏ ਨੇ। ਉਸ ਮਾਈ ਨੇ ਮੇਰੇ ਦਿਲ ਵਿੱਚ ਪਤਾ ਨਹੀਂ ਕਦੋਂ ਜਗ੍ਹਾ ਬਣਾ ਲਈ ਮੈਨੂੰ ਪਤਾ ਹੀ ਨਾ ਲੱਗਾ। ਉਹ ਮੈਨੂੰ ਵੇਖਦੀ ਤੇ ਉਸਦੀਆਂ ਅੱਖਾਂ ਵਿੱਚੋਂ ਮਮਤਾ ਝਲਕਣ ਲੱਗਦੀ। ਮੈਂ ਵੀ ਉਸ ਨੂੰ ਆਪਣੇ ਘਰ ਦੇ ਬਰਾਂਡੇ ਵਿੱਚ ਰਾਤ ਰਹਿਣ ਦੀ ਜਗ੍ਹਾ ਦੇ ਦਿੱਤੀ ਪਰ ਮੇਰੇ ਗੁਆਂਢ ਵਾਲਿਆਂ ਨੇ ਮੈਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਪਰ ਮੈਂ ਕਿਸੇ ਦੀ ਪਰਵਾਹ ਨਾ ਕੀਤੀ। ਜਦੋਂ ਦੀ ਮੇਰੇ ਘਰ ਦਾ ਬਰਾਂਡੇ ਵਿੱਚ ਮਾਈ ਨੂੰ ਜਗ੍ਹਾ ਮਿਲੀ ਉਸ ਦਿਨ ਤੋਂ ਹੀ ਉਸ ਨੇ ਕਿਸੇ ਹੋਰ ਥਾਂ ਜਾਣਾ ਛੱਡ ਦਿੱਤਾ। ਸਾਰੀ ਰਾਤ ਉਹ ਮੇਰੇ ਘਰ ਦੇ ਬਰਾਂਡੇ ਵਿੱਚ ਸੌਂ ਜਾਂਦੀ ਤੇ ਸਵੇਰ ਹੁੰਦਿਆਂ ਹੀ ਮੇਰੇ ਘਰ ਦੀ ਚਾਰਦੀਵਾਰੀ ਲਾਗੇ ਉੱਗੇ ਨਿੰਮ ਦੇ ਰੱਖ ਥੱਲੇ ਜਾ ਕੇ ਬੈਠ ਜਾਂਦੀ। ਫ਼ਿਰ ਸਾਰਾ ਦਿਨ ਉਥੇ ਬੈਠੀ ਰਹਿੰਦੀ। ਗਰਮੀ ਆਉਂਦੀ ਜਾਂ ਸਰਦੀ ਉਹ ਨਿੰਮ ਦੇ ਰੁੱਖ ਥੱਲਿਓਂ ਜਾਣ ਦਾ ਨਾਂ ਨਾ ਲੈਂਦੀ। ਇਹ ਨਿੰਮ ਦਾ ਰੁੱਖ ਕਾਫ਼ੀ ਪੁਰਾਣਾ ਸੀ। ਇਸ ਕਲੋਨੀ ਦੀ ਉਸਾਰੀ ਹੁੰਦਿਆਂ ਪਤਾ ਨਹੀਂ ਕਿਸ ਤਰ੍ਹਾਂ ਇਹ ਰੁੱਖ ਕੱਟਣ ਤੋਂ ਬਚ ਗਿਆ। ਇਸ ਇਲਾਕੇ ਦੇ ਸਾਰੇ ਰੁੱਖ ਕੱਟ ਕੇ ਕਲੋਨੀ ਬਣਾ ਦਿੱਤੀ ਗਈ ਹੈ। ਕਲੋਨੀ ਦੀ ਸਜਾਵਟ ਬਣਾਉਣ ਲਈ ਤੇ ਹਰਿਆਲੀ ਦਿਖਾਉਣ ਲਈ ਹਰਿਆ ਭਰਿਆ ਘਾਹ ਤੇ ਅਸ਼ੋਕਾ ਦੇ ਰੁੱਖ ਲਾ ਦਿੱਤੇ ਹਨ। ਕਲੋਨੀ ਵਿੱਚ ਰਹਿਣ ਵਾਲੇ ਕਿਸੇ ਵੀ ਆਦਮੀ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ। ਕਲੋਨੀ ਵਿੱਚ ਗਮਲੇ ਵਾਲੇ ਰੁੱਖ ਅਤੇ ਫ਼ੁੱਲ ਰੱਖੇ ਹੋਏ ਸਨ ਜਿਹੜੇ ਹਰ ਇਕ ਨੂੰ ਆਪਣੀ ਸੁੰਦਰਤਾ ਵੱਲ ਖਿੱਚਦੇ ਤੇ ਪਿਆਰ ਦੀ ਭਾਸ਼ਾ ਸਮਝਾਉਂਦੇ ਸਨ। ਪਰ ਇਹ ਨਿੰਮ ਦਾ ਰੁੱਖ ਹੌਲੀ ਹੌਲੀ ਮਾਈ ਦੇ ਜੀਵਨ ਦਾ ਅੰਗ ਬਣਦਾ ਗਿਆ। ਕਲੋਨੀ ਦੀਆਂ ਧਰਮ ਨਾਲ ਪਿਆਰ ਕਰਨ ਵਾਲੀਆਂ ਔਰਤਾਂ ਜਲ ਚੜ੍ਹਾਉਣ ਉਸ ਨਿੰਮ ਤੇ ਰੁੱਖ ਦੇ ਨੇੜੇ ਆਉਂਦੀਆਂ ਸਨ। ਕੁਝ ਲੋਕ ਉਸ ਦੇ ਤਣੇ ਨਾਲ ਧਾਗਾ ਬੰਨ ਕੇ ਮੰਨਤਾਂ ਵੀ ਮੰਗਦੇ ਸਨ। ਹੁਣ ਇਹ ਨਿੰਮ ਦਾ ਰੁੱਖ ਮਾਈ ਲਈ ਰਹਿਣ ਬਸੇਰਾ ਬਣ ਗਿਆ ਸੀ। ਜਦੋਂ ਕਦੇ ਮਾਈ ਦੀ ਚਰਚਾ ਚੱਲਦੀ ਤਾਂ ਲੋਕ ਇਹ ਕਹਿੰਦੇ ਉਹ ਨਿੰਮ ਦੇ ਰੁੱਖ ਥੱਲੇ ਕੋਈ ਵੀ ਚੀਜ਼ ਕਿਸੇ ਲਈ ਬਹੁਤੇ ਦਿਨਾਂ ਤਕ ਖਿੱਚ ਦਾ ਕੇਂਦਰ ਨਹੀਂ ਬਣਦੀ। ਮਾਈ ਨਾਲ ਵੀ ਇਸ ਤਰ੍ਵ੍ਹਾਂ ਹੀ ਹੋਇਆ ਹੌਲੀ ਹੌਲੀ ਲੋਕਾਂ ਦਾ ਵੇਖਣਾ ਵੀ ਬੰਦ ਹੋ ਗਿਆ ਤੇ ਲੋਕਾਂ ਨੇ ਉਸ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਉਸ ਨੂੰ ਘਰ ਦਾ ਬਚਿਆ ਹੋਇਆ ਖਾਣਾ ਤੇ ਪੁਰਾਣੇ ਕੱਪੜੇ ਦੇਣਾ ਰੋਜ਼ ਦਾ ਕੰਮ ਹੋ ਗਿਆ ਸੀ। ਮਾਈ ਨੇ ਕਦੋਂ ਮੇਰੇ ਵਰਾਂਡੇ ਨੂੰ ਤਿਆਗ ਕੇ ਨਿੰਮ ਦੀ ਛਾਂ ਨੂੰ ਅਪਣਾ ਲਿਆ ਇਸ ਪਾਸੇ ਕਦੇ ਮੇਰਾ ਧਿਆਨ ਹੀ ਨਹੀਂ ਗਿਆ ਸੀ। ਗੁੰਮ ਸੁੰਮ ਰਹਿਣ ਵਾਲੀ ਬੁੱਢੀ ਮਾਈ ਵੱਲ ਮੇਰਾ ਹੁਣ ਧਿਆਨ ਜਾਂਦਾ ਵੀ ਨਹੀਂ ਸੀ। ਇਕ ਦਿਨ ਇਕ ਅਜਿਹੀ ਘਟਨਾ ਹੋਈ ਸਵੇਰੇ ਸਵੇਰੇ 9 ਵਜੇ ਦਾ ਟਾਈਮ ਸੀ। ਲਾਗੇ ਲਾਗੇ ਸਾਰੇ ਘਰਾਂ ਵਿੱਚ ਹਰ ਇਕ ਨੂੰ ਆਪੋ ਆਪਣੀ ਪਈ ਸੀ। ਦਫ਼ਤਰ ਜਾਣ ਵਾਲਿਆਂ ਦਾ ਤਿਆਰ ਹੋਣ ਦਾ ਸਮਾਂ ਤੇ ਕੰਮ ਵਾਲੀ ਦੇ ਸਮੇਂ ਸਿਰ ਨਾ ਆਉਣ ‘ਤੇ ਔਰਤਾਂ ਦਾ ਕੁੜ ਕੁੜ ਕਰਨ ਦਾ ਸਮਾਂ ਭਲਾ ਕਿਸ ਨੂੰ ਵਿਹਲ ਹੈ ਕਿ ਉਹ ਵੇਖਣ ਕਿ ਮਾਈ ਕਿਥੇ ਹੈ ਤੇ ਕੀ ਕਰ ਰਹੀ ਹੈ? ਰੌਲਾ ਪੈਂਦਾ ਹੋਇਆ ਜੰਗਲ ਦੀ ਅੱਗ ਦੀ ਤਰ੍ਹਾਂ ਸਾਰਿਆਂ ਦੇ ਕੰਨਾਂ ਵਿੱਚ ਜਾ ਪਹੁੰਚਿਆ। ਇਸ ਤਰ੍ਹਾਂ ਲੱਗਾ ਜਿਵੇਂ ਕੋਈ ਰੋ ਰਿਹਾ ਹੈ ਅਤੇ ਝਗੜਾ ਕਰ ਰਿਹਾ ਹੈ। ਜਾਣੀ ਪਛਾਣੀ ਆਵਾਜ਼ ਆਈ ਕਿਤੇ ਕੋਈ ਦੰਗਾ ਤਾਂ ਨਹੀਂ ਹੋ ਰਿਹਾ। ਕੋਈ ਚੋਰ ਸਾਡੀ ਕਲੋਨੀ ਵਿੱਚ ਤਾਂ ਨਹੀਂ ਆ ਗਿਆ? ਮੈਂ ਵੀ ਛੇਤੀ ਨਾਲ ਦਰਵਾਜ਼ੇ ਕੋਲ ਗਈ। ਬਾਹਰ ਲੋਕ ਖੜ੍ਹੇ ਸਨ। ਕੀ ਹੋਇਆ ਭੈਣ ਜੀ ਇਹ ਰੌਲਾ ਕਿਸ ਤਰ੍ਹਾਂ? ਜਦ ਅੱਗੇ ਹੋ ਕੇ ਵੇਖਿਆ ਤਾਂ ਬੁੱਢੀ ਮਾਈ ਤਾਂ ਪੱਥਰ ਚੁੱਕ ਕੇ ਮਾਰ ਰਹੀ ਹੈ। ‘ਇਹ ਪਾਗਲ ਹੋ ਗਈ ਹੈ।’ ਅਚਾਨਕ ਇਕ ਔਰਤ ਨੇ ਕਿਹਾ। ਉਹ ਨਜ਼ਰ ਟਿਕਾ ਕੇ ਉਸ ਵੱਲ ਵੇਖਣ ਲੱਗੀ ਜਿਥੇ ਨਿੰਮ ਦਾ ਰੁੱਖ ਸੀ ਤੇ ਮਾਈ ਬੈਠੀ ਰਹਿੰਦੀ ਸੀ। ਚਲੋ ਚੱਲਕੇ ਵੇਖਦੇ ਹਾਂ ਕਿਤੇ ਸ਼ਰਾਰਤੀ ਬੱਚੇ ਮਾਈ ਨੂੰ ਤੰਗ ਤਾਂ ਨਹੀਂ ਕਰ ਰਹੇ। ਮੈਂ ਔਰਤਾਂ ਨੂੰ ਕਿਹਾ। ਜਦੋਂ ਅਸੀਂ ਨਿੰਮ ਦੇ ਰੁੱਖ ਦੇ ਲਾਗੇ ਪਹੁੰਚੇ ਹੀ ਸਾਂ ਕਿ ਉਥੇ ਇਕ ਅਜੀਬ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਏ। ਨਿੰਮ ਦੇ ਰੁੱਖ ਥੱਲੇ ਖੜ੍ਹੀ ਮਾਈ ਰੌਲਾ ਪਾ ਰਹੀ ਹੈ ਤੇ ਪੱਥਰ ਚੁੱਕ ਚੁੱਕ ਕੇ ਮਸ਼ੀਨ ਉੱਤੇ ਮਾਰ ਰਹੀ ਹੈ ਜਿਹੜੀ ਬਲਡੋਜਰ ਵਰਗੀ ਸੀ। ਮੈਨੂੰ ਉਥੇ ਖੜ੍ਹੇ ਕਈ ਲੋਕਾਂ ਕੋਲੋਂ ਪਤਾ ਲੱਗਾ ਕਿ ਮਸਲਾ ਕੀ ਹੈ। ਕਲੋਨੀ ਦੀ ਜਗ੍ਹਾ ਵਿੱਚ ਨਿੰਮ ਦਾ ਜਿਹੜਾ ਰੁੱਖ ਲੱਗਾ ਹੋਇਆ ਸੀ ਕਿਸੇ ਨੇ ਹੋਰ ਆਦਮੀ ਨੂੰ ਵੇਚ ਦਿੱਤਾ। ਸਵੇਰੇ ਸਵੇਰੇ ਰੁੱਖ ਪੁੱਟਣ ਲਈ ਮਸ਼ੀਨ ਲੈ ਕੇ ਆ ਗਿਆ। ਹਮੇਸ਼ਾ ਚੁੱਪ ਤੇ ਗੁੰਮ ਸੁੰਮ ਰਹਿਣ ਵਾਲੀ ਮਾਈ ਨੇ ਮਸ਼ੀਨ ਨੂੰ ਦੇਖਦਿਆਂ ਹੀ ਅਜਿਹਾ ਰੂਪ ਧਾਰ ਲਿਆ ਉਹ ਆਪਣੇ ਦੋਹਾਂ ਹੱਥਾਂ ਨਾਲ ਪੱਥਰ ਚੁੱਕ ਕੇ ਮਸ਼ੀਨ ਨੂੰ ਮਾਰਨ ਲੱਗੀ। ਮਸ਼ੀਨ ਚਲਾਉਣ ਵਾਲੇ ਨੇ ਜਿੰਨੀ ਵਾਰ ਨਿੰਮ ਦੇ ਰੁੱਖ ਵੱਲ ਵਧਣ ਦੀ ਕੋਸ਼ਿਸ਼ ਕੀਤੀ ਓਨੀ ਵਾਰ ਹੀ ਬੁੱਢੀ ਮਾਈ ਨੇ ਉਸ ਉੱਤੇ ਪੱਥਰ ਮਾਰੇ। ਉਹ ਮਸ਼ੀਨ ਦੇ ਲਾਗੇ ਆ ਕੇ ਖਲੋ ਗਈ ਤਾਂ ਮਸ਼ੀਨ ਵਾਲੇ ਨੇ ਘਬਰਾ ਕੇ ਮਸ਼ੀਨ ਬੰਦ ਕਰ ਦਿੱਤੀ। ਉਸ ਨੇ ਮਸ਼ੀਨ ਚਲਾਉਣ ਤੋਂ ਸਾਫ਼ ਨਾਂਹ ਕਰ ਦਿੱਤੀ। ਨਿੰਮ ਦੇ ਰੁੱਖ ਕੋਲ ਬੜੀ ਭੀੜ ਇਕੱਠੀ ਹੋ ਗਈ ਪਰ ਸਾਰੇ ਦੇ ਸਾਰੇ ਤਮਾਸ਼ਾ ਵੇਖਣ ਵਾਲੇ ਸਨ ਜਿਹੜੇ ਇਸ ਖੇਡ ਨੂੰ ਰੀਝ ਨਾਲ ਵੇਖ ਰਹੇ ਸਨ। ਸਾਰਿਆਂ ਨੂੰ ਇੰਝ ਲੱਗ ਰਿਹਾ ਸੀ ਕਿ ਬੁੱਢੀ ਮਾਈ ਨੂੰ ਪੁਲਿਸ ਫ਼ੜ ਕੇ ਲੈ ਜਾਵੇਗੀ ਅਤੇ ਉਸ ਨੂੰ ਕਿਸੇ ਪਾਗਲਖਾਨੇ ਭੇਜ ਦੇਵੇਗੀ ਜਾਂ ਕਿਸੇ ਦੂਜੇ ਸ਼ਹਿਰ ਜਾਣ ਵਾਲੀ ਬੱਸ ਵਿੱਚ ਉਸ ਨੂੰ ਜ਼ਬਰਦਸਤੀ ਬਿਠਾ ਕੇ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ। ਹੋਰ ਕੁਝ ਹੋ ਗਿਆ। ਜਿਸ ਦੀ ਕਿਸੇ ਨੂੰ ਕੋਈ ਆਸ ਨਹੀਂ ਸੀ। ਇਸ ਭੀੜ ਦੀ ਖਬਰ ਕਿਸੇ ਨੇ ਮੀਡੀਆ ਨੂੰ ਦੇ ਦਿੱਤੀ। ਵੇਖਦਿਆਂ ਵੇਖਦਿਆਂ ਪ੍ਰੈਸ ਰਿਪੋਰਟਰਾਂ ਦੀ ਭੀੜ ਲੱਗ ਗਈ ਤੇ ਮਾਹੌਲ ਮਾਈ ਦੇ ਖਿਲਾਫ਼ ਬਣਨ ਲੱਗਾ। ਇਕ ਰਿਪੋਰਟਰ ਨੇ ਟੀ.ਵੀ. ਉਤੇ ਅੱਖੀਂ ਵੇਖਿਆ ਹਾਲ ਦੱਸਦੇ ਨੇ ਕਿਹਾ ਕਿ ਇਥੇ ਏਨੀ ਭੀੜ ਹੁੰਦਿਆਂ ਕੋਈ ਵੀ ਆਦਮੀ ਨਿੰਮ ਦੇ ਰੁੱਖ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ ਪਰ ਇਕ ਪਾਗਲ ਔਰਤ ਜਿਸ ਨੂੰ ਲੋਕ ਬੁੱਢੀ ਮਾਈ ਕਹਿ ਰਹੇ ਹਨ। ਉਹ ਰੁੱਖ ਦੇ ਪਿੱਛੇ ਪਈ ਹੈ। ਤੁਸੀਂ ਆਪ ਹੀ ਦੱਸੋ ਕਿ ਪਾਗਲ ਕੌਣ ਹੈ? ਉਹ ਔਰਤ ਹੈ ਜਾਂ ਉਥੇ ਖੜ੍ਹੀ ਭੀੜ? ਰਿਪੋਰਟਰ ਦੀ ਗੱਲ ਕੰਨਾਂ ਵਿੱਚ ਦੀ ਹੁੰਦੀ ਹੋਈ ਸਾਰੀ ਭੀੜ ਵਿੱਚ ਫ਼ੈਲ ਗਈ। ਵੇਖਦਿਆਂ ਵੇਖਦਿਆਂ ਬੁੱਢੀ ਮਾਈ ਜ਼ਿੰਦਾਬਾਦ ਜ਼ਿੰਦਾਬਾਦ ਦੇ ਨਾਹਰੇ ਲੱਗਣ ਲੱਗੇ।
ਭੀੜ ਨਿੰਮ ਦੇ ਰੁੱਖ ਤੇ ਮਸ਼ੀਨ ਵਿਚਾਲੇ ਇਕ ਦੀਵਾਰ ਬਣ ਕੇ ਖੜ੍ਹੀ ਹੋ ਗਈ। ਇਕ ਲੰਮੀ ਕੋਸ਼ਿਸ਼ ਪਿਛੋਂ ਮਸ਼ੀਨ ਮਾਲਕ ਨੇ ਹਾਰ ਮੰਨ ਲਈ। ਉਸ ਨੇ ਕਿਹਾ,’ਹੁਣ ਮੈਂ ਆਪਣੀ ਦੁਕਾਨ ਤਾਂ ਬਣਾਵਾਂਗਾ ਪਰ ਨਿੰਮ ਦੇ ਰੁੱਖ ਨੂੰ ਨਹੀਂ ਕੱਟਾਂਗਾ। ਹੌਲੀ ਹੌਲੀ ਭੀੜ ਖਿੰਡ ਗਈ। ਮਸ਼ੀਨ ਵੀ ਵਾਪਸ ਚਲੇ ਗਈ ਪਰ ਬੁੱਢੀ ਮਾਈ ਉਸੇ ਤਰ੍ਹਾਂ ਹੀ ਨਿੰਮ ਦੇ ਰੁੱਖ ਨੂੰ ਫ਼ੜਕੇ ਖੜੀ ਰਹੀ। ਮੈਂ ਫ਼ਿਰ ਬੁੱਢੀ ਮਾਈ ਕੋਲ ਪਹੁੰਚੀ। ਉਸ ਨੇ ਅੱਖਾਂ ਘੁਮਾ ਕੇ ਮੇਰੇ ਵੱਲ ਵੇਖਿਆ। ਉਸ ਦੀਆਂ ਅੱਖਾਂ ਕਰੋਧ ਨਾਲ ਬਲ ਰਹੀਆਂ ਸਨ। ਪਰ ਆਪਣੇ ਸਾਹਮਣੇ ਮੈਨੂੰ ਵੇਖਕੇ ਉਸ ਦੀਆਂ ਅੱਖਾਂ ਵਿੱਚ ਠੰਢ ਉਤਰ ਆਈ ਤੇ ਅਚਾਨਕ ਹੀ ਮਾਈ ਨੇ ਮੈਨੂੰ ਗਲੇ ਨਾਲ ਲਾ ਲਿਆ। ਸ਼ਾਇਦ ਉਹ ਆਪਣੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੀ ਸੀ। ਉਸ ਨੂੰ ਵੇਖ ਕੇ ਮੇਰੀਆਂ ਵੀ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਸਾਡੇ ਦੋਵਾਂ ਦੇ ਸਿਰ ਉਤੇ ਨਿੰਮ ਦਾ ਰੁੱਖ ਆਪਣੀਆਂ ਨਿੱਕੀਆਂ ਨਿੱਕੀਆਂ ਹਰੀਆਂ ਪੱਤੀਆਂ ਨੂੰ ਹਿਲਾ ਕੇ ਆਪਣੀ ਠੰਢੀ ਹਵਾ ਛੱਡ ਰਿਹਾ ਸੀ। ਉਸ ਸਮੇਂ ਬੁੱਢੀ ਮਾਈ ਕੀ ਸੋਚ ਰਹੀ ਸੀ ਇਹ ਮੈਨੂੰ ਵੀ ਪਤਾ ਨਹੀਂ। ਪਰ ਮੈਂ ਤਾਂ ਇਹ ਸੋਚ ਰਹੀ ਸਾਂ ਕਿ ਕਾਸ਼ ਮਾਈ ਵਰਗਾ ਪਾਗਲਪਨ ਜੇ ਹਰ ਇਨਸਾਨ ਵਿੱਚ ਹੁੰਦਾ ਤਾਂ ਬਹੁਤ ਸਾਰੇ ਨਿੰਮ ਦੇ ਰੁੱਖ ਕੱਟਣ ਤੋਂ ਬਚ ਜਾਂਦੇ।
ਮੂਲ ਲੇਖਕ
ਡਾ. ਸਰਦ ਸਿੰਘ
ਪੰਜਾਬੀ ਅਨੁਵਾਦ
ਜਸਪਾਲ ਸਹੋਤਾ