PBKS vs LSG

ਜਿੱਤ ਦੀ ਪਟੜੀ ‘ਤੇ ਤੇਜ਼ੀ ਨਾਲ ਦੌੜ ਰਹੀ ਪੰਜਾਬ ਦੀ ਟੀਮ ਅੱਜ ਲਖਨਊ ਸੁਪਰ ਜਾਇੰਟਸ ਨਾਲ ਭਿੜ ਰਹੀ ਹੈ। ਨਿਊ ਚੰਡੀਗੜ੍ਹ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪੀਬੀਕੇਐਸ ਨੇ ਬੱਲੇਬਾਜ਼ੀ ਕੀਤੀ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 7 ਵਿਕਟਾਂ ਗੁਆ ਕੇ 254 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਹੈ। ਇਹ ਇਸ ਸੀਜ਼ਨ ਦਾ ਸਭ ਤੋਂ ਵਧੀਆਸਕੋਰ ਹੈ। ਪੰਜਾਬ ਵੱਲੋਂ ਕੂਪਰ ਕੋਨੋਲੀ ਅਤੇ ਪ੍ਰਿਆਂਸ਼ ਆਰਿਆ ਨੇ ਧਮਾਕੇਦਾਰ ਪਾਰੀ ਖੇਡੀ। ਪੰਜਾਬ ਲਈ ਪ੍ਰਿਆਂਸ਼ ਆਰਿਆ ਨੇ 93 ਅਤੇ ਕੂਪਰ ਕੋਨੋਲੀ ਨੇ 87 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 182 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਮਿਲ ਕੇ 16 ਛੱਕੇ ਅਤੇ 12 ਚੌਕੇ ਲਗਾਏ।

ਦੱਸ ਦਈਏ ਕਿ ਦੋਵੇਂ ਟੀਮਾਂ ਇਸ ਸੀਜ਼ਨ ਦਾ ਆਪਣਾ ਛੇਵਾਂ ਮੈਚ ਖੇਡ ਰਹੀਆਂ ਹਨ। ਪੰਜਾਬ ਦੀ ਟੀਮ ਪੂਰੇ ਸੀਜ਼ਨ ਵਿੱਚ ਬਹੁਤ ਹੀ ਸੰਤੁਲਿਤ ਅਤੇ ਹਮਲਾਵਰ ਨਜ਼ਰ ਆਈ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਇਸ ਸੀਜ਼ਨ ਵਿੱਚ ਹੁਣ ਤੱਕ ਅਜੇਤੂ ਰਹੀ ਹੈ। ਪੰਜਾਬ ਨੇ 5 ਵਿੱਚੋਂ 4 ਮੈਚ ਜਿੱਤੇ ਹਨ, ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਇੱਕ ਮੈਚ ਬਾਰਿਸ਼ ਕਾਰਨ ਰੱਦ ਰਿਹਾ ਸੀ। ਦੂਜੇ ਪਾਸੇ ਲਖਨਊ ਨੂੰ 5 ਵਿੱਚੋਂ 2 ਮੈਚਾਂ ਵਿੱਚ ਜਿੱਤ ਮਿਲੀ ਹੈ ਅਤੇ 3 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਲਖਨਊ ਦੀ ਟੀਮ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਹੈ। ਦਿਗਵੇਸ਼ ਰਾਠੀ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਮਣੀਮਾਰਨ ਸਿਧਾਰਥ ਦੀ ਪਲੇਇੰਗ ਇਲੈਵਨ ਵਿੱਚ ਐਂਟਰੀ ਹੋਈ। ਪੰਜਾਬ ਕਿੰਗਜ਼ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।