ਵਿਸ਼ਵ ਕੱਪ ਫ਼ਾਈਨਲ ਦੌਰਾਨ ਮੈਦਾਨ ‘ਚ ਦਾਖਲ ਹੋਇਆ ਫ਼ਿਲਸਤੀਨ ਸਮਰਥਕ

ਗੁਐਲਫ਼: ਭਾਰਤ ਦੀ ਮੇਜ਼ਬਾਨੀ ‘ਚ ਖੇਡੇ ਜਾ ਗਏ ਵਨ ਡੇਅ ਵਰਲਡ ਕੱਪ 2023 ਲਈ 19 ਨਵੰਬਰ ਇੱਕ ਬਹੁਤ ਖ਼ਾਸ ਦਿਨ ਸੀ। ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿੱਚਾਲੇ ਫ਼ਾਈਨਲ ਮੈਚ ਖੇਡਿਆ ਜਾ ਰਿਹਾ ਸੀ। ਮੈਚ ‘ਚ ਟੌਸ ਹਾਰ ਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੋਈ ਸੀ, ਅਤੇ ਅਚਾਨਕ ਇੱਕ ਦਰਸ਼ਕ ਅਚਾਨਕ ਮੈਦਾਨ ‘ਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿਛਿਓਂ ਫ਼ੜ ਲਿਆ।
ਦਰਅਸਲ ਇਹ ਦਰਸ਼ਕ ਫ਼ਿਲਿਸਤੀਨ ਪੱਖੀ ਇੱਕ ਮੁਜ਼ਾਹਰਕਾਰੀ ਸੀ। ਉਸ ਨੇ ਫ਼ਿਲਿਸਤੀਨ ਦੇ ਝੰਡੇ ਵਾਲਾ ਇੱਕ ਮਾਸਕ ਵੀ ਪਾਇਆ ਹੋਇਆ ਸੀ। ਇਹ ਘਟਨਾ ਭਾਰਤੀ ਪਾਰੀ ਦੌਰਾਨ 14ਵੇਂ ਓਵਰ ਦੀ ਤੀਜੀ ਗੇਂਦ ਤੋਂ ਬਾਅਦ ਵਾਪਰੀ। ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਕਰਮਚਾਰੀ ਆਏ ਅਤੇ ਉਸ ਦਰਸ਼ਕ ਨੂੰ ਫ਼ੜ ਕੇ ਆਪਣੇ ਨਾਲ ਲੈ ਗਏ। ਇਸ ਘਟਨਾ ਦੇ ਵੀਡੀਓ ਅਤੇ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ। ਉਸ ਘਟਨਾ ਦੌਰਾਨ ਵਿਰਾਟ ਕੋਹਲੀ 29 ਦੌੜਾਂ ‘ਤੇ ਅਤੇ ਕੇ. ਐੱਲ. ਰਾਹੁਲ 6 ਦੌੜਾਂ ‘ਤੇ ਖੇਡ ਰਹੇ ਸਨ। ਜਦੋਂ ਕਿ ਇਹ 14ਵਾਂ ਓਵਰ ਸਪਿਨਰ ਐਡਮ ਜ਼ੈਂਪਾ ਵਲੋਂ ਸੁੱਟਿਆ ਜਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਵਾਰ ਹਮਾਸ ਅਤੇ ਇਜ਼ਰਾਇਲ ਵਿਚਾਲੇ ਜਾਰੀ ਜੰਗ ਨਾਲ ਜੁੜੇ ਕੁੱਝ ਮਾਮਲੇ ਸਾਹਮਣੇ ਆਏ ਹਨ।
ਪਾਕਿਸਤਾਨ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਵਿਸ਼ਵ ਕੱਪ ਦੇ ਮੱਧ ‘ਚ ਇਸ ਜੰਗ ਦਾ ਮੁੱਦਾ ਸਭ ਤੋਂ ਪਹਿਲਾਂ ਉਠਾਇਆ ਸੀ। ਸ਼੍ਰੀਲੰਕਾ ਖ਼ਿਲਾਫ਼ ਮੈਚ ਜੇਤੂ ਸੈਂਕੜਾ ਲਗਾਉਣ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਆਪਣਾ ਸੈਂਕੜਾ ਗਾਜ਼ਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਉਸ ਤੋਂ ਬਾਅਦ ਪਾਕਿਸਤਾਨ ਟੀਮ ਦੇ ਕਈ ਖਿਡਾਰੀਆਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫ਼ਿਲਿਸਤੀਨ ਦਾ ਸਮਰਥਨ ਵੀ ਕੀਤਾ ਸੀ। ਦੂਜੀ ਘਟਨਾ ਓਦੋਂ ਸਾਹਮਣੇ ਆਈ ਜਦੋਂ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।
ਫ਼ਿਰ ਇਸ ਮੈਚ ਦੌਰਾਨ ਇੱਕ ਦਰਸ਼ਕ ਨੂੰ ਸਟੈਂਡ ‘ਚ ਇੱਕ ਪੋਸਟਰ ਲਹਿਰਾਉਂਦਾ ਦੇਖਿਆ ਗਿਆ। ਉਸ ਦੀ ਫ਼ੋਟੋ ਵੀ ਕਾਫ਼ੀ ਵਾਇਰਲ ਹੋਈ ਸੀ। ਉਸ ਦਰਸ਼ਕ ਨੇ ਪੋਸਟਰ ‘ਚ ਲਿਖਿਆ ਸੀ: ਅਤਿਵਾਦ ਵਿਰੁੱਧ ਇਸ ਜੰਗ ‘ਚ ਭਾਰਤ ਇਜ਼ਰਾਇਲ ਦੇ ਨਾਲ ਖੜ੍ਹਾ ਹੈ। ਫ਼ਿਰ 31 ਅਕਤੂਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚਾਲੇ ਮੈਚ ਖੇਡਿਆ ਗਿਆ। ਇਸ ਦੌਰਾਨ 3 ਤੋਂ 4 ਲੜਕੇ ਫ਼ਿਲਿਸਤੀਨ ਦਾ ਝੰਡਾ ਲਹਿਰਾਉਂਦੇ ਦੇਖੇ ਗਏ। ਉਹ ਫ਼ਿਲਿਸਤੀਨ ਜ਼ਿੰਦਾਬਾਦ ਦੇ ਨਾਅਰੇ ਲਾਉਾਂਦੇ ਨਜ਼ਰ ਆਏ ਸਨ।