ਦਿੱਲੀ ਪੁਲਸ ਨੇ 60 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਕੀਤਾ ਜ਼ਬਤ, 7 ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਿਚ ਫੈਲੇ ਇਕ ਕਥਿਤ ਅੰਤਰਰਾਜੀ ਹੈਰੋਇਨ ਨਿਰਮਾਣ ਅਤੇ ਸਪਲਾਈ ਗਿਰੋਹ ਦਾ ਪਰਦਾਫਾਸ਼ ਕਰ ਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 8 ਕਿੱਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲੱਗਭਗ 60 ਕਰੋੜ ਰੁਪਏ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਝਾਰਖੰਡ ਦੇ ਨਕਸਲ ਪ੍ਰਭਾਵਿਤ ਚਤਰਾ ਜ਼ਿਲੇ ਤੋਂ ਕੱਚੀ ਅਫ਼ੀਮ ਦੇ ਕਥਿਤ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਆਪਣੀ ਖੇਤੀਯੋਗ ਜ਼ਮੀਨ ’ਤੇ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਵਿਚ ਸ਼ਾਮਲ ਸੀ। ਪੁਲਸ ਨੇ ਹੈਰੋਇਨ ਨਿਰਮਾਣ ਵਿਚ ਵਰਤੇ ਜਾਣ ਵਾਲੇ ਲੱਗਭਗ 3.3 ਕਿੱਲੋਗ੍ਰਾਮ ਰਸਾਇਣ ਅਤੇ ਹੋਰ ਕੱਚਾ ਮਾਲ, 12.81 ਲੱਖ ਰੁਪਏ ਨਕਦ, 3 ਐੱਸ. ਯੂ. ਵੀ. ਕਾਰਾਂ, ਇਕ ਮੋਟਰਸਾਈਕਲ ਅਤੇ ਇਸ ਪਾਬੰਦੀਸ਼ੁਦਾ ਸਮੱਗਰੀ ਦੇ ਉਤਪਾਦਨ ਵਿਚ ਕਥਿਤ ਤੌਰ ’ਤੇ ਵਰਤੇ ਜਾਣ ਵਾਲੇ ਉਪਕਰਨ ਵੀ ਜ਼ਬਤ ਕੀਤੇ ਹਨ।
ਰੋਹਿਣੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ. ਸੀ. ਪੀ.) ਸ਼ਸ਼ਾਂਕ ਜੈਸਵਾਲ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਝਾਰਖੰਡ ਅਤੇ ਉੱਤਰ ਪ੍ਰਦੇਸ਼ ਤੋਂ ਕੱਚੀ ਅਫ਼ੀਮ ਮੰਗਵਾਈ ਜਾਂਦੀ ਸੀ, ਲਖਨਊ ਵਿਚ ਇਕ ਗ਼ੈਰ-ਕਾਨੂੰਨੀ ਨਿਰਮਾਣ ਯੂਨਿਟ ਵਿਚ ਉਸ ਨੂੰ ਪ੍ਰੋਸੈਸ ਕਰ ਕੇ ਹੈਰੋਇਨ ਵਿਚ ਬਦਲਿਆ ਜਾਂਦਾ ਸੀ ਅਤੇ ਦਿੱਲੀ-ਐੱਨ. ਸੀ. ਆਰ. ਅਤੇ ਹੋਰ ਸੂਬਿਆਂ ਵਿਚ ਗਿਰੋਹ ਦੇ ਸਰਗਰਮ ਮੈਂਬਰਾਂ ਰਾਹੀਂ ਸਪਲਾਈ ਕੀਤੀ ਜਾਂਦੀ ਸੀ। ਇਹ ਮੁਹਿੰਮ 16 ਸਤੰਬਰ ਨੂੰ ਸ਼ੁਰੂ ਹੋਈ ਜਦੋਂ ਦਿੱਲੀ ਪੁਲਸ ਦੀ ਇਕ ਟੀਮ ਨੇ ਖ਼ਾਸ ਜਾਣਕਾਰੀ ਦੇ ਆਧਾਰ ’ਤੇ ਦਿੱਲੀ ਦੇ ਉੱਤਰ-ਪੱਛਮੀ ਜ਼ਿਲੇ ਦੇ ਬੇਗਮਪੁਰ ਦੇ ਸੈਕਟਰ 32 ਵਿਚ ਇਕ ਐੱਸ. ਯੂ. ਵੀ. ਨੂੰ ਰੋਕਿਆ ਅਤੇ 58 ਸਾਲਾ ਲਕਸ਼ਮਣ ਹੁੱਡਾ ਨੂੰ ਫੜਿਆ, ਜੋ ਕਥਿਤ ਤੌਰ ’ਤੇ ਹੈਰੋਇਨ ਦੀ ਇਕ ਖੇਪ ਪਹੁੰਚਾਉਣ ਆਇਆ ਸੀ।