ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੰਦੀ ਸ਼ਬਦਾਵਲੀ ਬੋਲਣ ਲਈ ਰਹਿੰਦੇ ਸੈਸ਼ਨ ਲਈ ਸਦਨ ‘ਚੋਂ ਮੁਲਤਵੀ ਕਰਨ ਦੀ ਮੰਗ ਉੱਠੀ, ਜਿਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ। ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ ਕਿ ਸੁਖਪਾਲ ਖਹਿਰਾ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਚੇਅਰ ਦੇ ਵੈੱਲ ‘ਚ ਆਏ ਅਤੇ ਚੇਅਰ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਦਨ ਦੇ ਕੀਮਤੀ ਸਮੇਂ ਨੂੰ ਜਾਇਆ ਕੀਤਾ ਅਤੇ ਸਦਨ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਜਾਣ-ਬੁੱਝ ਕੇ ਸਦਨ ਦੀ ਕਾਰਵਾਈ ‘ਚ ਵਿਘਨ ਪਾਇਆ, ਇਸ ਕਰਕੇ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਇਸ ਦੇ ਰਹਿੰਦੇ ਇਜਲਾਸ ਲਈ ਮੁਅੱਤਲ ਕਰਨ ਦੀ ਹਰਪਾਲ ਚੀਮਾ ਨੇ ਮੰਗ ਕੀਤੀ। ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਭੱਦੀ ਸ਼ਬਦਾਵਲੀ ਵਰਤ ਕੇ ਪੰਜਾਬ ਦੇ ਲੱਖਾਂ ਮਜ਼ਦੂਰਾਂ ਦਾ ਅਪਮਾਨ ਕਰ ਰਹੇ ਸਨ, ਜਿਨ੍ਹਾਂ ਦੇ ਬੱਚੇ ਇਸ ਵਿਧਾਨ ਸਭਾ ‘ਚ ਚੁਣ ਕੇ ਆਏ ਹਨ।
ਸਦਨ ਦੀ ਕਾਰਵਾਈ ਦੌਰਾਨ ਇਹ ਮਾਮਲਾ ਉੱਠਣ ਤੋਂ ਬਾਅਦ ਖਹਿਰਾ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਸਰਬ ਸਮੰਤੀ ਨਾਲ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ।















