ਸਰੀ: ਟ੍ਰੈਵਿਸ ਹੈੱਡ ਦੇ 137 ਦੌੜਾਂ ਦੇ ਸੈਂਕੜੇ ਅਤੇ ਮਾਰਨਸ ਲਾਬੂਸ਼ੇਨ ਦੇ 58 ਦੌੜਾਂ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਲੰਘੇ ਐਤਵਾਰ ਨੂੰ ICC ਵਿਸ਼ਵ ਕੱਪ ਦੇ ਫ਼ਾਈਨਲ ਮੈਚ ‘ਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਖ਼ਿਤਾਬ ਜਿੱਤ ਲਿਆ। ਨਰੇਂਦਰ ਮੋਦੀ ਸਟੇਡੀਅਮ ‘ਚ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਸੀ, ਅਤੇ ਉਸ ਨੇ ਆਪਣੇ ਚੋਟੀ ਦੇ ਤਿੰਨ ਬੱਲੇਬਾਜ਼ ਡੇਵਿਡ ਵਾਰਨਰ ਨੂੰ 7 ਦੌੜਾਂ, ਮਿਸ਼ੇਲ ਮਾਰਸ਼ ਨੂੰ 15 ਦੌੜਾਂ ਅਤੇ ਸਟੀਵ ਸਮਿਥ ਨੂੰ 4 ਦੌੜਾਂ ‘ਤੇ ਗੁਆ ਦਿੱਤਾ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਅਤੇ ਮਾਰਨਸ ਲਾਬੂਸ਼ੇਨ ਨੇ ਧੀਰਜ ਨਾਲ ਖੇਡਦੇ ਹੋਏ ਟੀਮ ਨੂੰ ਜਿੱਤ ਤਕ ਪਹੁੰਚਾਇਆ। ਮੈਚ ਤੋਂ ਬਾਅਦ ਬਿਆਨ ਦਿੰਦੇ ਹੋਏ ਹਾਰ ਦਾ ਸਾਹਮਣਾ ਕਰ ਰਹੇ ਕਪਤਾਨ ਰੋਹਿਤ ਸ਼ਰਮਾ ਨੇ ਟੀਮ ‘ਤੇ ਮਾਣ ਜਤਾਇਆ।
ਰੋਹਿਤ ਨੇ ਕਿਹਾ, ”ਨਤੀਜਾ ਸਾਡੇ ਪੱਖ ‘ਚ ਨਹੀਂ ਗਿਆ, ਪਰ ਮੈਨੂੰ ਆਪਣੀ ਟੀਮ ‘ਤੇ ਮਾਣ ਹੈ ਜਿਸ ਤਰ੍ਹਾਂ ਅਸੀਂ ਪੂਰੇ ਟੂਰਨਾਮੈਂਟ ਦੌਰਾਨ ਖੇਡਿਆ। ਇਸ ਮੈਚ ‘ਚ ਅਸੀਂ 20-30 ਦੌੜਾਂ ਘੱਟ ਗਏ। ਜਦੋਂ ਰਾਹੁਲ ਅਤੇ ਵਿਰਾਟ ਕਰੀਬ 25ਵੇਂ ਓਵਰ ਤਕ ਬੱਲੇਬਾਜ਼ੀ ਕਰ ਰਹੇ ਸਨ ਤਾਂ ਅਸੀਂ ਸੋਚਿਆ ਸੀ ਕਿ ਸਕੋਰ 270-80 ਹੋਵੇਗਾ। ਅਸੀਂ ਸ਼ੁਰੂਆਤ ‘ਚ ਤਿੰਨ ਵਿਕਟਾਂ ਲੈਣ ਤੋਂ ਬਾਅਦ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਹੈੱਡ ਅਤੇ ਲਾਬੂਸ਼ੇਨ ਨੇ ਮੈਚ ਸਾਡੇ ਹੱਥੋਂ ਖੋਹ ਲਿਆ। ਪਿੱਚ ਅੰਡਰ ਲਾਈਟ ਬਾਅਦ ‘ਚ ਬੱਲੇਬਾਜ਼ੀ ਲਈ ਚੰਗੀ ਰਹੀ। ਅਸੀਂ ਪਿੱਚ ਬਾਰੇ ਬਹਾਨਾ ਬਣਾ ਸਕਦੇ ਹਾਂ, ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਬੋਰਡ ‘ਤੇ ਲੋੜੀਂਦੀਆਂ ਦੌੜਾਂ ਬਣਾਉਣਯੋਗ ਬੱਲੇਬਾਜ਼ੀ ਨਹੀਂ ਸੀ ਕੀਤੀ।”
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਇਹ ਛੇਵੀਂ ਵਿਸ਼ਵ ਕੱਪ ਖ਼ਿਤਾਬੀ ਜਿੱਤ ਹੈ। ਉੱਥੇ ਹੀ ਭਾਰਤ ਦੂਜੀ ਵਾਰ ਫ਼ਾਈਨਲ ‘ਚ ਹਾਰਿਆ ਹੈ। ਭਾਰਤ ਲਈ ਬੁਮਰਾਹ ਨੇ ਦੋ ਵਿਕਟਾਂ ਲਈਆਂ ਜਦ ਕਿ ਸ਼ਮੀ ਅਤੇ ਸਿਰਾਜ ਨੇ ਇੱਕ-ਇੱਕ ਬੱਲੇਬਾਜ਼ ਨੂੰ ਆਊਟ ਕੀਤਾ। ਉਸ ਤੋਂ ਪਹਿਲਾਂ ਕੇ. ਐੱਲ. ਰਾਹੁਲ ਦੀਆਂ 66 ਦੌੜਾਂ, ਵਿਰਾਟ ਕੋਹਲੀ ਦੀਆਂ 54 ਦੌੜਾਂ ਦੇ ਅਰਧ ਸੈਂਕੜੇ ਅਤੇ ਰੋਹਿਤ ਸ਼ਰਮਾ ਦੀਆਂ 47 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਸੀ।











