ਡਾ. ਦੇਵਿੰਦਰ ਮਹਿੰਦਰੂ
ਮਿੱਠੇ ਲੋਕਾਂ ਦੀਆਂ ਮਿੱਠੀਆਂ ਯਾਦਾਂ
ਗੁਰਦਾਸਪੁਰ ਸਰਕਾਰੀ ਕਾਲਜ ‘ਚ ਸਾਂ, ਕੱਚੀਆਂ ਨੌਕਰੀਆਂ ਤੋਂ ਬੜੀ ਅੱਕੀ ਪਈ ਸਾਂ ਕਿ ਦੂਰਦਰਸ਼ਨ ਸ੍ਰੀਨਗਰ ਤੋਂ ਪੱਕੀ ਨੌਕਰੀ ਦੀ ਚਿੱਠੀ ਆਣ ਟਪਕੀ। ਮੈਂ ਛੇਤੀ ਨਾਲ ਜਾਕੇ ਖ਼ੁਸੀ ਖ਼ੁਸੀ ਜੋਆਇਨ ਕਰ ਲਿਆ। ਇੱਕ ਦਿਨ ਚਿੱਠੀ ਆਈ ਸੁਜਾਨ ਸਿੰਘ ਜੀ ਦੀ, ਸਾਡੇ ਮੰਨੇ ਪਰਮੰਨੇ ਕਹਾਣੀਕਾਰ। ਮੇਰਾ ਗੁਰਦਾਸਪੁਰ ਅਕਸਰ ਉਨ੍ਹਾਂ ਦੇ ਘਰ ਜਾਣਾ ਹੋ ਜਾਂਦਾ ਸੀ ਅਤੇ ਚੰਗਾ ਲਿਹਾਜ਼ ਸੀ। ਉਹਨਾਂ ਨੂੰ ਸ੍ਰੀਨਗਰ ਦੀ ਕੋਈ ਸੰਸਥਾ ਸਨਮਾਨਿਤ ਕਰ ਰਹੀ ਸੀ ਅਤੇ ਉਹ ਆ ਰਹੇ ਸਨ ਉੱਥੇ। ਮੈਂ ਚਿੱਠੀ ਪੜ੍ਹਦਿਆਂ ਤੁਰੰਤ ਮੁੜਦੀ ਡਾਕੇ ਜਵਾਬ ਲਿਖ ਭੇਜਿਆ ਅਤੇ ਘਰ ਦਾ ਪਤਾ ਵੀ। ਉਹ ਰੇਡੀਓ ਸਟੇਸ਼ਨ ‘ਤੇ ਮੇਰੇ ਦਫ਼ਤਰ ‘ਚ ਆ ਗਏ ਏ ਮਿਲਣ। ਬੋਲੇ, ”ਪੁੱਤਰ, ਕੰਮ ਸੀ ਇੱਕ।”
”ਹਾਂ ਜੀ ਦੱਸੋ,” ਮੈਂ ਕਿਹਾ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਸ਼ਮੀਰੀ ਸਾਲ ਖਰੀਦਣੇ ਨੇ, ਪਰ ਉਨ੍ਹਾਂ ਨੂੰ ਇਸ ਸਭ ਦੀ ਕੋਈ ਸਮਝ ਨਹੀਂ ਸੋ ਮੈਂ ਉਨ੍ਹਾਂ ਦੇ ਨਾਲ ਚੱਲਾਂ। ਸਮਝ ਤਾਂ ਮੈਨੂੰ ਵੀ ਕੀ ਹੋਣੀ ਸੀ, ਪਰ ਨਾਲ ਦੀਆਂ ਕੁੜੀਆਂ ਤੋਂ ਪੁੱਛ- ਪੁਛਾ ਕੇ ਲੈ ਗਈ ਉਨ੍ਹਾਂ ਨੂੰ ਇੱਕ ਘਰ ‘ਚ ਜਿੱਥੇ ਕਢਾਈ ਦਾ ਕੰਮ ਹੋ ਰਿਹਾ ਸੀ ਅਤੇ ਵਾਜਿਬ ਕੀਮਤ ‘ਤੇ ਸਮਾਨ ਮਿਲ ਜਾਣਾ ਸੀ। ਖ਼ਰੀਦੋ ਫ਼ਰੋਖ਼ਤ ਹੋ ਗਈ, ਪਰ ਉਹ ਓਦੋਂ ਤਕ ਉੱਥੋਂ ਨਹੀਂ ਉੱਠੇ ਜਦੋਂ ਤਕ ਮੈਂ ਨਹੀਂ ਲਿਆ ਆਪਣੀ ਪਸੰਦ ਦਾ ਕਸ਼ਮੀਰੀ ਸਾਲ। ਇਹ ਸਨੇਹ ਹੀ ਸੀ ਉਨ੍ਹਾਂ ਦਾ।
ਇੱਕ ਵਾਰ ਸੱਜੇ ਹੱਥ ਦਾ ਅੰਗੂਠਾ ਕੱਟਿਆ ਗਿਆ ਸੀ ਮੇਰਾ ਸਬਜ਼ੀ ਕੱਟਣ ਵੇਲੇ। ਪ੍ਰਕਾਸ਼ ਢਿੱਲੋਂ ਦੀਦੀ ਨੇ ਗੁੱਸਾ ਕੀਤਾ ਸੀ ਬਹੁਤ ਕਿ ਧਿਆਨ ਨਾਲ ਕੰਮ ਨਹੀਂ ਕਰਦੀ ਤੂੰ। ਉਹ ਦਸ ਦਿਨਾਂ ਤਕ ਘਰੋਂ ਟਿਫ਼ਿਨ ਲਿਆਉਂਦੇ ਰਹੇ ਮੇਰੇ ਲਈ। ਬੈਠ ਕੇ ਇਹ ਸਭ ਸੋਚਣ ਲੱਗਦੀ ਹਾਂ ਤਾਂ ਰੇਡੀਓ ਨਾਲ ਜੁੜੇ ਅਜਿਹੇ ਅਨੇਕਾਂ ਪ੍ਰਸੰਗ ਯਾਦ ਆ ਰਹੇ ਨੇ। ਯਾਦ ਹੈ ਕਿਵੇਂ ਇੱਕ ਵਾਰ ਜਦੋਂ ਧਰਮਸ਼ਾਲਾ ‘ਚ ਸਾਂ, ਛੁੱਟੀਆਂ ਦੌਰਾਨ ਘਰ ਆਈ ਜਲੰਧਰ, ਗੱਡੀ ਤੋਂ ਉਤਰਨ ਲੱਗੀ ਨੇ ਦੇਖਿਆ ਮੇਰੇ ਸਾਹਮਣਿਓਂ ਗੱਡੀ ਲੰਘੀ ਹੈ, ਪਰ ਮੈਂ ਨਹੀਂ ਦੇਖ ਸਕੀ ਕੌਣ ਸੀ। ਜਾਣ ਵਾਲੇ ਨੇ ਵੀ ਨਹੀਂ ਦੇਖਿਆ। ਅੰਦਰ ਜਾ ਕੇ ਪੁੱਛਿਆ ਕੌਣ ਆਇਆ ਸੀ ਤਾਂ ਮੇਰੀਆਂ ਕੁੜੀਆਂ ਨੇ ਦੱਸਿਆ ਰਸ਼ਮੀ ਆਂਟੀ ਆਏ ਸਨ ਮਿਲਣ। ਇਸ ਪਿਆਰ ਦਾ ਹੈ ਕੋਈ ਜਵਾਬ!
ਜਜ਼ਬਾਤੀ ਜਿਹੇ ਹੁੰਦੇ ਨੇ ਰੇਡੀਓ ‘ਚ ਕੰਮ ਕਰਨ ਵਾਲੇ ਲੋਕ, ਅਕਸਰ ਹੀ ਜਜ਼ਬਾਤੀ ਤੇ ਸੰਵੇਦਨਸ਼ੀਲ ਹੋ ਜਾਂਦੇ ਨੇ। ਇੰਨੀ ਦੂਰ ਸੀ ਰਸ਼ਮੀ ਖੁਰਾਣਾ ਦਾ ਘਰ, ਉਹ ਵੀ ਬਿਲਕੁਲ ਦੂਜੀ ਦਿਸ਼ਾ ‘ਚ, ਪਰ ਉਹ ਦਫ਼ਤਰੋਂ ਆਪਣੇ ਘਰ ਜਾਣ ਤੋਂ ਪਹਿਲਾਂ ਮੇਰੇ ਬੱਚਿਆਂ ਨੂੰ ਮਿਲਣ ਲਈ ਆਈ ਸੀ ਮੇਰੀ ਗੈਰ ਹਾਜ਼ਰੀ ‘ਚ ਕਿ ਧੀਆਂ ਨਿਆਣੀਆਂ ਨੂੰ ਮਿਲਦੀ ਚੱਲਾਂ।
ਯਾਦ ਹੈ ਕਿ ਸ੍ਰੀਨਗਰ ਲਾਇਬ੍ਰੇਰੀ ‘ਚ ਇੰਚਾਰਜ ਸਨ ਜਨਾਬ ਜ਼ਫ਼ਰ ਅਹਿਮਦ। ਬਹੁਤ ਸਾਰੇ ਸਾਹਿਤਕ ਮੈਗਜ਼ੀਨ ਆਉਂਦੇ ਸਨ ਹਰ ਹਫ਼ਤੇ। ਨਿਯਮ ਸੀ ਸਭ ਤੋਂ ਪਹਿਲਾਂ ਮੈਗਜ਼ੀਨ ਜ਼ਫ਼ਰ ਸਾਹਿਬ ਕੋਲ ਪੜ੍ਹਨ ਲਈ ਭੇਜੇ ਜਾਣ। ਮੈਨੂੰ ਧਰਮਯੁਗ ਇੰਨਾ ਪਸੰਦ ਸੀ ਕਿ ਉਹ ਮੈਂ ਚੋਰੀ-ਚੋਰੀ ਘਰ ਲੈ ਜਾਂਦੀ ਅਤੇ ਪੜ੍ਹ ਕੇ ਦੂਸਰੇ ਦਿਨ ਹੀ ਇੰਚਾਰਜ ਸਾਹਬ ਕੋਲ ਭੇਜਦੀ ਸੀ। ਹੌਲੀ ਹੌਲੀ ਇਹ ਭੇਤ ਉਨ੍ਹਾਂ ਕੋਲ ਖੁੱਲ੍ਹ ਗਿਆ ਅਤੇ ਗੁੱਸੇ ਹੋਣ ਦੀ ਬਜਾਏ ਜਫ਼ਰ ਸਾਹਿਬ ਕਹਿਣ ਲੱਗੇ, ”ਧਰਮਵੀਰ ਭਾਰਤੀ ਨੂੰ ਪਤਾ ਲੱਗੇ ਕੋਈ ਅਨਾ ਦੀਵਾਨਾ ਹੈ ਧਰਮਯੁਗ ਦਾ ਤਾਂ ਉਹ ਤੁਹਾਨੂੰ ਸਨਮਾਨਿਤ ਕਰਨ।”
ਫ਼ਿਲਮ ਕਭੀ ਕਭੀ ਦੀ ਸੂਟਿੰਗ ਹੋ ਰਹੀ ਸੀ 1975 ‘ਚ ਸ੍ਰੀਨਗਰ ‘ਚ। ਉਨ੍ਹਾਂ ਦਿਨਾਂ ‘ਚ ਜ਼ਿਆਦਾ ਫ਼ਿਲਮਾਂ ਦੀ ਸੂਟਿੰਗ ਉੱਥੇ ਹੀ ਹੁੰਦੀ ਹੁੰਦੀ ਸੀ। ਦਫ਼ਤਰ ‘ਚ ਕੰਮ ਕਰਦੀ ਮੇਰੀ ਸਹੇਲੀ ਹਸੀਨਾ ਨੂੰ ਇੱਕ ਛੋਟਾ ਜਿਹਾ ਰੋਲ ਮਿਲਿਆ ਸੀ ਉਸ ਫ਼ਿਲਮ ‘ਚ। ਉਹ ਲੈ ਗਈ ਸੀ ਸਾਨੂੰ ਸੂਟਿੰਗ ਦਿਖਾਉਣ। ਬਹੁਤ ਵੱਡੀ ਗੱਲ ਸੀ ਉਸ ਜਮਾਨੇ ‘ਚ ਐਨੇ ਵੱਡੇ ਵੱਡੇ ਕਲਾਕਾਰਾਂ ਨੂੰ ਏਨੇ ਨੇੜਿਉਂ ਦੇਖਣਾ।
ਯਾਦ ਹੈ, ਚੰਡੀਗੜ੍ਹ ‘ਚ ਸਾਂ, ਇੱਕ ਦਿਨ ਬਾਹਰ ਆ ਕੇ ਗੇਟ ‘ਤੇ ਖੜ੍ਹੀ ਹੋਈ। ਪਿੱਛੋਂ ਪ੍ਰਵੇਸ਼ ਸ਼ਰਮਾ ਆ ਗਏ ।” ਕਿੱਥੇ ਜਾਣਾ ਭੈਣ ਜੀ, ਮੈਂ ਛੱਡ ਦੇਨਾਂ।” ਉਨ੍ਹਾਂ ਨੇ ਸਕੂਟਰ ‘ਤੇ ਪਿਛੇ ਬੈਠਣ ਲਈ ਕਿਹਾ। ”ਮੈਂ ਸਮਿਲੇ ਜਾਣੈ।” ਪ੍ਰਵੇਸ਼ ਦਾ ਮੂੰਹ ਦੇਖਣ ਵਾਲਾ ਸੀ। ਮੈਂ ਗੱਡੀ ਮੰਗਵਾਈ ਹੋਈ ਸੀ। ਗੱਡੀ ਆ ਗਈ ਅਤੇ ਅਸੀਂ ਭੈਣ ਭਰਾ ਨੇ ਇੱਕ ਦੂਜੇ ਤੋਂ ਵਿਦਾ ਲੈ ਲਈ।
ਪ੍ਰਵੇਸ਼ ਚੰਡੀਗੜ੍ਹ ਰੇਡੀਓ ਵਿੱਚ ਇੱਕ ਨਿਊਜ ਦਾ ਹੈੱਡ ਸੀ, ਅਤੇ ਮੇਰੇ ਨਾਨਕਿਆਂ ਦਾ ਹੋਣ ਕਰ ਕੇ ਮੈਨੂੰ ਭੈਣ ਜੀ ਆਖ ਕੇ ਬੁਲਾਉਂਦਾ ਸੀ। ਇੱਕ ਵਾਰ ਰਵਿੰਦਰ ਭੱਠਲ ਨੂੰ ਕਵਿਤਾ ਪਾਠ ਵਾਸਤੇ ਬਰਨਾਲੇ ਤੋਂ ਬੁਲਾਇਆ ਜਲੰਧਰ ਰੇਡੀਓ। ਬਰਨਾਲੇ ਆਰੀਆ ਕਾਲਜ ਰਹਿੰਦਿਆਂ ਉਨ੍ਹਾਂ ਦੇ ਘਰ ਵੀ ਰਹੀ ਸਾਂ ਮੈਂ ਸੁਰੂ ‘ਚ ਅਤੇ ਕੁਲਵੰਤ ਢਿੱਲੋਂ ਨਾਲ ਦੋਸਤੀ ਵੀ ਓਦੋਂ ਹੀ ਹੋਈ ਸੀ। (ਇਹ ਵੇਰਵੇ ਆਪ ਪਹਿਲਾਂ ਵੀ ਪੜ ਚੁੱਕੇ ਹੋ)। ਰਿਕਾਰਡਿੰਗ ਕਰਵਾ ਕੇ ਵਾਪਿਸ ਜਾਣ ਲੱਗੇ ਭੱਠਲ ਸਾਹਿਬ ਬੋਲੇ, ”ਹਰ ਰੱਖੜੀ ‘ਤੇ ਤੁਹਾਡੇ ਵਲੋਂ ਇੱਕ ਧਾਗੇ ਦੀ ਉਡੀਕ ਕਰਦਾਂ।”
ਉਸ ਵੇਲੇ ਮੈਂ ਚੁੱਪ ਰਹੀ, ਪਰ ਅੱਜ ਕਹਿ ਰਹੀ ਹਾਂ ਕਿ ਜਿੰਨਾ ਸਨੇਹ ਤੁਹਾਡੇ ਕੋਲੋਂ ਮਿਲਿਆ ਹੈ, ਕੀ ਫ਼ਰਕ ਪੈਂਦੈ ਮੈਂ ਤੁਹਾਡੇ ਗੁੱਟ ‘ਤੇ ਕੋਈ ਧਾਗਾ ਬੰਨ੍ਹਿਆ ਕਿ ਨਹੀਂ, ਤੁਸੀਂ ਮੈਨੂੰ ਹਮੇਸ਼ਾ ਕੁਲਵੰਤ ਦੇ ਬਰਾਬਰ ਹੀ ਮੰਨਿਐ। ਚੰਡੀਗੜ੍ਹ ਸਟੇਸ਼ਨ ‘ਤੇ ਇੱਕ ਦਿਨ ਬਾਨੋ ਅੜ ਕੇ ਬੈਠ ਜਾਂਦੀ ਹੈ, ”ਘਰ ਲੈਕੇ ਜਾਣੈ ਤੁਹਾਨੂੰ ਮੈਂ।”
”ਸਾਰਾ ਦਿਨ ਇਕੱਠੇ ਹੀ ਤਾਂ ਹੁੰਦੇ ਹਾਂ, ਘਰ ਕਿਉਂ ਜਾਣੈ?” ਬਾਨੋ ਮੇਰੇ ਲਈ ਸਰਦਾਰ ਭਾਗ ਸਿੰਘ (ਨਾਟਕਕਾਰ ਅਤੇ ਲੋਕ ਸੰਪਰਕ ਵਿਭਾਗ ਦੇ ਉੱਚ ਅਫ਼ਸਰ) ਦੀ ਕੁੜੀ ਪਹਿਲਾਂ ਹੈ। ਜਲੰਧਰ ਰਹਿੰਦਿਆਂ ਉਨ੍ਹਾਂ ਨੂੰ ਅਤੇ ਬੀਬੀ ਜੀ ਨੂੰ ਬੁਲਾਇਆ ਸੀ ਤਾਰਿਆ ਵੇ ਤੇਰੀ ਲੋਅ ਪ੍ਰੋਗਰਾਮ ਦੀ ਰਿਕਾਰਡਿੰਗ ਲਈ। ਪੰਜਾਬੀ ਸਭਿਆਚਾਰ ਨੂੰ ਉਨ੍ਹਾਂ ਦੀ ਦੇਣ ਨੂੰ ਕੌਣ ਭੁੱਲ ਸਕਦਾ ਹੈ ਭਲਾ? ਘਰ ਵਾਪਿਸ ਜਾ ਕੇ ਉਨ੍ਹਾਂ ਕੁੜੀਆਂ ਨੂੰ ਪਤਾ ਨਹੀਂ ਕੀ ਕਿਹਾ ਮੇਰੇ ਲਈ ਕਿ ਮੈਂ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਬਣ ਗਈ। ਚੰਡੀਗੜ੍ਹ ਪ੍ਰਵਾਸ ਸਮੇਂ ਬਾਨੋ ਨੇ ਆਪਣਿਆਂ ਤੋਂ ਵੱਧ ਕੇ ਪਿਆਰ ਦਿੱਤਾ। ਬਾਨੋ ਦੇ ਪਤੀ ਪੰਡਿਤਾ ਜੀ ਇੰਜਨੀਅਰ ਸਨ ਸ੍ਰੀਨਗਰ ਦੂਰਦਰਸ਼ਨ ‘ਚ, ਜਦੋਂ ਮੈਂ ਉੱਥੇ ਸੀ। ਇਹ ਸੱਦਾ ਉਨ੍ਹਾਂ ਵਲੋਂ ਸੀ ਘਰ ਇੱਕ ਪੂਰੀ ਸਾਮ ਬਿਤਾਉਣ ਲਈ। ਕਿੰਨਾ ਪਿਆਰ ਇਹ ਜੋੜੀ ਇੱਕ ਦੂਜੇ ਨੂੰ ਕਰਦੀ ਹੈ ਅਤੇ ਕਿੰਨਾ ਆਦਰ ਹੈ ਇੱਕ ਦੂਜੇ ਲਈ ਮਨਾਂ ਵਿੱਚ, ਦੇਖ ਕੇ ਮਨ ਖ਼ੁਸ ਹੋ ਗਿਆ … ਬਾਗੋਬਾਗ। ਬਾਨੋ ਦੀ ਆਵਾਜ਼, ਸਮਝ ਅਤੇ ਲਿਖਾਈ-ਪੜ੍ਹਾਈ ਦੇ ਕਦਰਦਾਨ, ਸਰੋਤਿਆਂ ਤੋਂ ਵੱਧ ਕੇ ਮੈਨੂੰ ਪੰਡਿਤਾ ਜੀ ਲੱਗੇ।
ਮਿੱਠੀਆਂ ਯਾਦਾਂ ਦੇ ਭੰਡਾਰ ਅਥਾਹ ਨੇ, ਦੋਸਤੋ। ਅਜ ਮੈਂ ਇਹ ਮਿੱਠੀਆਂ ਮਿੱਠੀਆਂ ਯਾਦਾਂ ਰਾਹੀਂ ਕੁਝ ਚਲੇ ਗਏ ਅਤੇ ਕੁਝ ਦੂਰ-ਦੁਰੇਡੇ ਬੈਠੇ ਮਿੱਠੇ-ਮਿੱਠੇ ਲੋਕਾਂ ਨੂੰ ਯਾਦ ਕਰਦਿਆਂ ਆਪ ਮਿੱਠੀ-ਮਿੱਠੀ ਹੋਈ ਮਹਿਸੂਸ ਕਰ ਰਹੀ ਹਾਂ। ਈਸ਼ਵਰ ਸਭਨਾਂ ਦਾ ਭਲਾ ਕਰੇ!















