ਕੀ ਕਦੇ ਕਿਸੇ ਚੱਲਦੀ ਹੋਈ ਟ੍ਰੇਨ ‘ਚ ਤੁਹਾਡੀ ਅੱਖ ਲੱਗੀ ਹੈ? ਜਦੋਂ ਅੰਤ ਨੂੰ ਗੱਡੀ ਤੁਹਾਡੇ ਸਟੇਸ਼ਨ ‘ਤੇ ਅੱਪੜੀ, ਕੀ ਤੁਸੀਂ ਜਾਗ ਕੇ ਉਸ ‘ਚੋਂ ਉਤਰਨ ‘ਚ ਨਾਕਾਮ ਰਹੇ? ਕੀ ਤੁਹਾਨੂੰ ਉਸੇ ਗੱਡੀ ‘ਚ ਚੜ੍ਹੇ ਰਹਿਣਾ ਪਿਐ, ਖ਼ੁਦ ਨੂੰ ਕੋਸਦੇ ਹੋਏ, ਅਤੇ ਨਿਰਾਸ਼ਾ ‘ਚ ਖੌਲਦਿਆਂ, ਉਸ ਮੰਜ਼ਿਲ ‘ਤੇ ਮੁੜ ਪਹੁੰਚਣ ਦੀ ਯੋਜਨਾ ਬਣਾਉਂਦੇ ਜਿਹੜੀ ਤੁਸੀਂ ਹੁਣੇ-ਹੁਣੇ ਖੁੰਝਾ ਦਿੱਤੀ ਸੀ? ਜੇਕਰ ਤੁਸੀਂ ਕਦੇ ਵੀ ਕਿਸੇ ਅਜਿਹੇ ਤਜਰਬੇ ਨਾਲ ਦੋ-ਚਾਰ ਹੋਏ ਹੋਵੋ – ਜਾਂ ਜੇ ਨਹੀਂ ਵੀ ਹੋਏ ਪਰ ਤੁਸੀਂ ਉਸ ਦੇ ਹੋਣ ਦੀ ਕਲਪਨਾ ਕਰ ਸਕਦੇ ਹੋ ਅਤੇ ਉਸ ਤੋਂ ਬੱਚਣਾ ਚਾਹੋਗੇ – ਮੇਰੀ ਗੱਲ ਵੱਲ ਚੰਗੀ ਤਰ੍ਹਾਂ ਧਿਆਨ ਦਿਓ। ਤੁਸੀਂ ਇਸ ਵਕਤ ਕਿਸੇ ਵੀ ਕੀਮਤ ‘ਤੇ ਨਾ ਖੁੰਝਾਏ ਜਾ ਸਕਣ ਵਾਲੇ ਇੱਕ ਮੌਕੇ ਨੂੰ ਹਾਸਿਲ ਕਰਨ ਦੇ ਉਸ ਤੋਂ ਕਿਤੇ ਲਾਗੇ ਹੋ ਜਿੰਨਾ ਤੁਸੀਂ ਸੋਚਦੇ ਹੋ।
ਕੁਝ ਲੋਕ ਨਾਸਤਿਕ ਹੁੰਦੇ ਹਨ ਕਿਉਂਕਿ ਉਹ ਕਿਸੇ ਅਜਿਹੇ ਕਿਰਪਾਲੂ, ਦਿਆਲੂ ਅਤੇ ਦੈਵੀ ਸਿਰਜਣਹਾਰੇ ਦੀ ਹੋਂਦ ਨੂੰ ਕਬੂਲ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਜਿਹੜਾ ਉਨ੍ਹਾਂ ਦੀ ਹਰ ਸਮੇਂ ਰੱਖਿਆ ਕਰਦਾ ਹੋਵੇ। ਉਹ ਇਸ ਨੂੰ ਇੱਕ ਪਰੀਆਂ ਦੀ ਕਹਾਣੀ ਸਮਝਦੇ ਹਨ, ਸਿਆਣਪ ਦਾ ਨਿਰਾਦਰ ਕਹਿੰਦੇ ਹਨ ਉਹ ਇਸ ਨੂੰ। ਦੂਸਰੇ ਲੋਕ ਨਾਸਤਿਕਤਾ ਦੇ ਵਿਚਾਰ ਦੇ ਧਾਰਣੀ ਕੇਵਲ ਉਸ ਤੋਂ ਬਾਅਦ ਬਣ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਇਹ ਮਹਿਸੂਸ ਹੋਣ ਲੱਗੇ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਾਥਨਾਵਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਰੱਬ ਦੀ ਹੋਂਦ ਨੂੰ ਲੈ ਕੇ ਆਪਣੇ ਗੁਆਚੇ ਹੋਏ ਵਿਸ਼ਵਾਸ ਨੂੰ ਯਥਾਰਥਵਾਦ ਦੇ ਅਹਿਸਾਸ ਨਾਲ ਵਟਾ ਲਿਆ ਹੁੰਦੈ। ਕੱਟੜ ਤੋਂ ਕੱਟੜ ਭਗਤ ਵੀ ਮਦਦ ਲਈ ਹਮੇਸ਼ਾ ਕੇਵਲ ਰੱਬ ਦੇ ਮਿਹਰ ਭਰੇ ਹੱਥ ‘ਤੇ ਹੀ ਨਿਰਭਰ ਰਹਿਣ ਤੋਂ ਕਤਰਾਉਂਦੇ ਹਨ। ਪਰ ਛੇਤੀ ਹੀ ਤੁਸੀਂ ਇੱਕ ਅਜਿਹਾ ਪ੍ਰੇਰਨਾਤਮਕ ਸੰਜੋਗ ਦੇਖੋਗੇ ਜਿਸ ਬਾਰੇ ਕੋਈ ਵੀ ਹੋਰ ਦੁਨਿਆਵੀ ਸਪੱਸ਼ਟੀਕਰਣ ਦੇਣਾ ਬੇਹੱਦ ਮੁਸ਼ਕਿਲ ਹੋਵੇਗਾ।
ਕੋਈ ਵੀ ਅਜਿਹੀ ਸਕ੍ਰਿਪਟ ਜਾਂ ਅਜਿਹਾ ਮਾਸਟਰ ਪਲੈਨ ਮੌਜੂਦ ਨਹੀਂ ਜਿਸ ਨੂੰ ਅਸੀਂ ਪੜ੍ਹਨੈ ਅਤੇ ਫ਼ਿਰ ਉਸ ਦੀ ਇਨ-ਬਿਨ ਪਾਲਣਾ ਕਰਨੀ ਹੈ। ਜੇਕਰ, ਸ਼ੈਕਸਪੀਅਰ ਦੇ ਕਹਿਣ ਅਨੁਸਾਰ, ਇਹ ਸੰਸਾਰ ਇੱਕ ਸਟੇਜ ਵੀ ਹੈ ਤਾਂ ਉੱਥੇ ਕੇਵਲ ਇੱਕ ਸੁਧਰੀ ਹੋਈ ਸਮੂਹਿਕ ਪੇਸ਼ਕਾਰੀ ਦੀ ਗੱਲ ਹੋ ਰਹੀ ਹੈ। ਕਿਸੇ ਕੋਲ ਵੀ ਉਸ ਦਾ ਕੋਈ ਅਧਿਕਾਰਿਕ ਰੂਪਾਂਤਰ ਜਾਂ ਤਰਜਮਾ ਮੌਜੂਦ ਨਹੀਂ। ਉਹ ਤਾਂ ਬੱਸ ਇੰਨੀ ਗੱਲ ਹੈ ਕਿ ਕੁਝ ਲੋਕ ਇਹ ਨਾਟਕ ਕਰਨ ‘ਚ ਮਾਹਿਰ ਹੁੰਦੇ ਹਨ ਜਿਵੇਂ ਉਨ੍ਹਾਂ ਕੋਲ ਉਹ ਹੋਵੇ। ਇਸ ਦੇ ਬਾਵਜੂਦ, ਤੁਸੀਂ ਇਸ ਸੰਸਾਰ ‘ਚ ਸਭ ਕੁਝ ਸਹੀ ਢੰਗ ਨਾਲ ਕਿੱਦਾਂ ਕਰ ਸਕਦੇ ਹੋ? ਆਪਣੇ ਦਿਲ ਦੇ ਧੁਰ ਅੰਦਰੋਂ ਜਿੰਨਾ ਵੀ ਹੋ ਸਕੇ ਓਨਾ ਸਵੈ-ਵਿਸ਼ਵਾਸ ਇਕੱਤਰ ਕਰ ਕੇ, ਬੇਸ਼ੱਕ ਤੁਸੀਂ ਉਸ ਨੂੰ ਜਿੰਨਾ ਮਰਜ਼ੀ ਜਾਇਜ਼ (ਜਾਂ ਨਾਜਾਇਜ਼) ਕਿਓਂ ਨਾ ਸਮਝਦੇ ਹੋਵੋ।
ਅਸੀਂ ਸਾਰੇ ਖ਼ਤਰੇ ਜਾਂ ਕੈਦ ‘ਚੋਂ ਨਿਜਾਤ ਪਾਉਣ, ਬਚਾਏ ਜਾਣ, ਹਲਕਾ ਜਿਹਾ ਥਪਥਪਾ ਕੇ ਮੁਕਤੀ ਦੇ ਕਿਸੇ ਦੁਆਰ ਵੱਲ ਆਪਣਾ ਧਿਆਨ ਦੁਆਏ ਜਾਣ ਦਾ ਸੁਪਨਾ ਦੇਖਦੇ ਹਾਂ। ਅਸੀਂ ਸਾਰੇ ਕਲਪਨਾ ਕਰਦੇ ਹਾਂ ਕਿ ਕੋਈ, ਕਿਤੇ, ਕੇਵਲ ਸਾਡੀਆਂ ਜ਼ਿੰਦਗੀਆਂ ‘ਚ ਦਾਖ਼ਲ ਹੋਣ ਦੇ ਇੰਤਜ਼ਾਰ ‘ਚ ਬੈਠਾ ਹੋਇਐ, ਉਸ ਮੁਸੀਬਤ ਨੂੰ ਦੇਖਣ ਲਈ ਜਿਸ ਵਿੱਚ ਅਸੀਂ ਖ਼ੁਦ ਨੂੰ ਫ਼ਸਾ ਲਿਐ ਅਤੇ ਸਾਨੂੰ ਇਹ ਕਹਿਣ ਲਈ, ”ਦੇਖੋ, ਦੇਖੋ, ਚਿੰਤਾ ਨਾ ਕਰੋ। ਮੇਰਾ ਹੱਥ ਫ਼ੜ ਲਵੋ; ਮੈਂ ਤੁਹਾਡਾ ਧਿਆਨ ਰੱਖਾਂਗਾ ਅਤੇ ਤੁਹਾਨੂੰ ਇੱਕ ਚੰਗੀ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਵਾਂਗਾ।”ਕੀ ਅਜਿਹਾ ਕਦੇ ਵੀ ਹੁੰਦੈ? ਖ਼ੈਰ, ਇਹ ਕੋਈ ਅਜਿਹੀ ਗੱਲ ਵੀ ਨਹੀਂ ਜਿਹੜੀ ਕਦੇ ਵੀ ਕਿਸੇ ਨੇ ਸੁਣੀ ਨਾ ਹੋਵੇ! ਕੀ ਕੋਈ ਤੁਹਾਡੇ ਲਈ ਅਜਿਹਾ ਕਰਨ ਵਾਲੈ? ਸ਼ਾਇਦ। ਪਰ ਆਪਣੇ ਇੰਤਜ਼ਾਰ ਦੌਰਾਨ, ਇਹ ਸੋਚੋ ਕਿ ਤੁਸੀਂ ਖ਼ੁਦ ਲਈ ਅੱਜ ਕੀ ਕਰ ਸਕਦੇ ਹੋ!
ਕੀ ਤੁਸੀਂ ਬਹਾਦਰ ਅਤੇ ਬੁਧੀਮਾਨ ਬਣ ਸਕਦੇ ਹੋ? ਜਾਂ ਤੁਸੀਂ ਸਾਵਧਾਨ ਅਤੇ ਮਜਬੂਰ ਹੀ ਬਣੇ ਰਹਿਣੈ? ਜੇ ਤੁਸੀਂ ਕੋਈ ਖ਼ਤਰਾ ਮੁੱਲ ਲਿਆ, ਤੁਹਾਨੂੰ ਨਤੀਜਿਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਣੈ। ਇਹ ਉਸ ਹਾਲਤ ‘ਚ ਤਾਂ ਠੀਕ ਹੈ ਜੇਕਰ ਉਸ ਦਾ ਫ਼ਾਇਦਾ ਹੋਵੇ, ਪਰ ਜੇ ਨਾ ਹੋਇਆ ਤਾਂ? ਅਤੇ, ਜਿਹੜੀ ਇਸ ਵਕਤ ਸਭ ਤੋਂ ਸੁਰੱਖਿਅਤ ਅਤੇ ਸਿਆਣੀ ਚੋਣ ਵਾਂਗ ਜਾਪ ਰਹੀ ਹੈ, ਉਸ ਦਾ ਪਿੱਛਾ ਕਰਦੇ ਰਹਿਣ ‘ਚ ਵੀ ਇੱਕ ਵੱਡਾ ਖ਼ਤਰਾ ਮੌਜੂਦ ਹੈ। ਕਈ ਅਜਿਹੇ ਵੇਲੇ ਆਉਂਦੇ ਹਨ ਜਦੋਂ ਸਾਨੂੰ ਸਾਰਿਆਂ ਨੂੰ ਤੱਤੀ ਤਵੀ ‘ਤੇ ਵੀ ਬੈਠਣਾ ਪੈਂਦੈ। ਤੁਹਾਨੂੰ ਲਾਪਰਵਾਹ ਹੋਣ ਦੀ ਤਾਂ ਕੋਈ ਲੋੜ ਨਹੀਂ, ਪਰ ਤੁਹਾਨੂੰ ਇਸ ਸੰਭਾਵਨਾ ਨੂੰ ਵੀ ਜ਼ਰੂਰ ਵਿਚਾਰਨਾ ਪੈਣੈ ਕਿ ਜਦੋਂ ਤਕ ਥੋੜ੍ਹਾ ਸੱਚਾ ਹੌਸਲਾ ਨਹੀਂ ਦਿਖਾਇਆ ਜਾਂਦਾ, ਕੁਝ ਵੀ ਬਿਹਤਰ ਨਹੀਂ ਹੋਵੇਗਾ।














