ਯਾਦਾਂ ਦੀ ਮਮਟੀ

ਰਜਿੰਦਰ ਸਿੰਘ IPS
ਰਿਟਾਇਰਡ DGP
ਮੇਰਾ ਮਨ ਭਾਉਂਦਾ ਅਧਿਆਪਕ – 1
ਵੱਖ ਵੱਖ ਸਮਿਆਂ ‘ਚ ਕਈ ਅਧਿਆਪਕ ਮੇਰੇ ਮਨ ਨੂੰ ਭਾਏ ਹਨ। ਮਨ ਨੂੰ ਭਾਉਣ ਦਾ ਵਿਸ਼ੇਸ਼ ਕਾਰਨ ਇਹੋ ਹੀ ਕਿਹਾ ਜਾ ਸਕਦੈ ਕਿ ਉਸ ਅਧਿਆਪਕ ਤੋਂ ਬਚ ਕੇ ਪਰੇ ਨੂੰ ਲੰਘਣਾ ਅਤੇ ਘ੍ਰਿਣਾ ਭੋਰਾ ਨਹੀਂ ਸੀ ਹੁੰਦੀ ਸਗੋਂ ਉਨ੍ਹਾਂ ਵੱਲ ਤੱਕ ਕੇ ਪਿਆਰ ਜਿਹਾ ਮਹਿਸੂਸ ਹੁੰਦਾ ਸੀ। ਕੋਈ ਭੈਅ, ਡਰ ਜਾਂ ਖ਼ੌਫ਼ ਨਹੀਂ ਸੀ ਲਗਦਾ ਹੁੰਦਾ ਬਲਕਿ ਇਓਂ ਮਹਿਸੂਸ ਹੁੰਦਾ ਕਿ ਮੈਂ ਉਨ੍ਹਾਂ ਦੀਆਂ ਨਜ਼ਰਾਂ ‘ਚ ਚੰਗਾ ਬਣਿਆ ਰਿਹਾਂ, ਉਨ੍ਹਾਂ ਦੇ ਕਹੇ ਹੋਏ ਬੋਲਾਂ ਦਾ ਮੇਰੇ ਮਨ ‘ਤੇ ਵਿਸ਼ੇਸ਼ ਅਸਰ ਰਿਹਾ। ਪਰੇਰਨਾ ਮਿਲਦੀ ਸੀ, ਹੌਸਲਾਅਫ਼ਜ਼ਾਈ ਹੁੰਦੀ ਸੀ। ਉਨ੍ਹਾਂ ਵਲੋਂ ਪੜ੍ਹਾਇਆ ਜਾਂਦਾ ਵਿਸ਼ਾ ਵੀ ਚੰਗਾ ਲਗਦਾ ਸੀ। ਉਨ੍ਹਾਂ ਨੂੰ ਮਿਲਣ ਦੇਖਣ ਦੀ ਤਾਂਘ ਜਿਹੀ ਰਹਿੰਦੀ।
ਮਨ ਨੂੰ ਭਾਉਣ ਦਾ ਇਹ ਪੈਮਾਨਾ ਵੱਖ ਵੱਖ ਸਮਿਆਂ ‘ਚ ਘੱਟ ਵੱਧ ਵੀ ਹੁੰਦਾ ਰਿਹਾ। ਅਜਿਹੇ ਪੈਮਾਨੇ ‘ਚ ਸਬੂਤੇ ਉਤਰੇ ਸਨ ਮੈਡਮ ਨਰਿੰਦਰ ਪਾਲ ਕੌਰ ਗਿੱਲ, ਪੰਜਾਬੀ ਦੇ ਪ੍ਰਫ਼ੈਸਰ ਜਿਨਾਂ ਨੇ ਮੈਨੂੰ ਪੜ੍ਹਾਇਆ, ਸਰਕਾਰੀ ਕਾਲਜ ਰੋਪੜ, ਮੇਰੀ BA ਦੀ ਡਿਗਰੀ ਦੌਰਾਨ। ਉਹ ਬਹੁਤ ਹੀ ਨੇਕ ਇਨਸਾਨ ਹਨ। ਉਹ ਬੜੇ ਕੋਰੇ, ਸਪੱਸ਼ਟ, ਮਿਹਨਤੀ ਅਤੇ ਸਿਰੜੀ ਵਿਦਵਾਨ ਨੇ। ਉਹ ਬਹੁਤ ਹੀ ਸਾਦਾ ਲਿਬਾਸ ‘ਚ ਵੀ ਬਹੁਤ ਸੁੰਦਰ ਦਿਖਦੇ ਨੇ, ਅਤੇ ਹਰ ਕਿਸੇ ਨੂੰ ਆਪਣੇ ਅਸਤਿਤਵ ਵੱਲ ਖਿੱਚੀ ਰੱਖਦੇ ਨੇ … ਇੱਕ ਚੁੰਬਕ ਵਾਂਗ। ਵਕਤ ਦੇ ਖ਼ੂਬ ਪਾਬੰਦ। ਕਲਾਸ ਰੂਮ ‘ਚ ਚੰਗੇ ਪੱਧਰ ਦਾ ਡਿਸਪਲਨ ਰੱਖਣ ਦੇ ਕਾਬਿਲ। ਮੁਸ਼ਟੰਡੇ ਉਨ੍ਹਾਂ ਤੋਂ ਭੈਅ ਖਾਂਦੇ ਸਨ। ਉਹ ਵਿਦਿਆਰਥੀਆਂ ਨੂੰ ਕੱਪੜਾ ਲੀੜਾ ਪਾਉਣ ਬਾਰੇ ਵੀ ਦੱਸਦੇ। ਕਮੀਜ਼ ਦਾ ਕਿਹੜਾ ਬਟਨ ਲੱਗਿਆ ਹੋਣਾ ਚਾਹੀਦਾ ਹੈ ਅਤੇ ਕਿਹੜਾ ਨਹੀਂ, ਉਸ ਦੀ ਜਾਚ ਵੀ ਉਨ੍ਹਾਂ ਨੇ ਸਾਨੂੰ ਸਿਖਾਈ। ਵਿਸ਼ੇ ਤੋਂ ਹਟ ਕੇ ਕੌਮਨ ਸੈਂਸ ਦੀ ਗੱਲਾਂ ਵੀ ਸਾਂਝੀਆਂ ਕਰਨੀਆਂ।
ਮੈਨੂੰ ਕਦੇ ਵੀ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਕਿ ਉਨ੍ਹਾਂ ਨੇ ਜੋ ਕੁਝ ਕਿਹਾ ਹੋਵੇ, ਉਹ ਕਿਸੇ ਨੂੰ ਸਮਝ ਨਾ ਆਇਆ ਜਾਂ ਉਨ੍ਹਾਂ ਨੇ ਦੋਬਾਰਾ ਬੋਲਿਆ ਹੋਵੇ ਜਾਂ ਫ਼ਿਰ ਐਵੇਂ ਕਦੇ ਫ਼ਾਲਤੂ ਬੋਲਿਆਂ ਹੋਵੇ। ਬਹੁਤ ਹੀ ਸੰਭਲ ਕੇ, ਲਫ਼ਜ਼ ਨੂੰ ਸੰਭਾਲ ਕੇ, ਉਚਾਰਣ ਨੂੰ ਟੁਣਕਾ ਕੇ, ਢੁਕਵੇਂ ਮਤਲਬ ਪੇਸ਼ ਕਰਨ ਦੇ ਅੰਦਾਜ਼ ਨਾਲ ਅਤੇ ਸਵੈ-ਵਿਸ਼ਵਾਸ਼ ਦੀ ਪਿਓਂਦ ਚੜ੍ਹਾ ਕੇ ਉਹ ਕਲਾਸ ‘ਚ ਬੋਲਦੇ ਹੁੰਦੇ ਸਨ ਉਹ।ਹੁਣ ਤਾਂ ਕਾਫ਼ੀ ਬਜ਼ੁਰਗ ਹੋ ਗਏ ਨੇ। ਢਿੱਲੇ ਮੱਠੇ ਰਹਿੰਦੇ ਹਨ। ਇਸ ਸਸ਼ੋਪੰਜ ‘ਚ ਕਿ ਜਿਹੜੇ ਜ਼ਿੰਦਗੀ ਦੇ ਬਾਕੀ ਦਿਨ ਹਨ, ਉਨ੍ਹਾਂ ਦੀ ਜ਼ਰੂਰਤ ਵੀ ਹੈ ਜਾਂ ਨਹੀਂ। ਕੀ ਖਾਈਏ, ਕੀ ਨਾ ਖਾਈਏ? ਪੂਰੀ ਨੀਂਦ ਆ ਰਹੀ ਹੈ ਕਿ ਨਹੀਂ। ਉਠ ਕੇ ਚਾਰ ਕਦਮ ਤੁਰੀਏ ਕਿ ਨਾ। ਮੋਬਾਇਲ ਫ਼ੋਨ ‘ਤੇ ਆ ਰਹੇ ਦੋਸਤਾਂ ਦੇ ਸੰਦੇਸ਼ ਵੀ ਪੜ੍ਹਨ ਦਾ ਕੋਈ ਮਕਸਦ ਹੈ ਜਾਂ ਨਹੀਂ। ਉਮਰ ਵੀ ਤਾਂ ਉਨ੍ਹਾਂ ਦੀ ਹੁਣ 85 ਸਾਲ ਤੋਂ ਉੱਤੇ ਹੋਵੇਗੀ। ਉਨ੍ਹਾਂ ਦੇ ਨਿੱਜੀ ਗਿਆਨ ਅਤੇ ਅਹਿਸਾਸ ਸਾਹਮਣੇ, ਇਹ ਸਭ ਕੁਝ ਉਨ੍ਹਾਂ ਨੂੰ ਆਮ ਜਿਹਾ ਜਾਪਦਾ ਹੋਵੇਗਾ।
***
ਦੋ ਤਿੰਨ ਸਾਲ ਪਹਿਲਾਂ ਦਾ ਵਾਕਿਆ ਹੈ ਕਿ ਇਕ ਦਿਨ ਮੈਂ ਸ਼ਾਮੀ ਦੋਸਤਾਂ ‘ਚ ਬੈਠਿਆਂ ਮੈਡਮ ਦੇ ਦੱਸੇ ਕਿਸੇ ਸਿਧਾਂਤ ਬਾਰੇ ਗੱਲ ਕਰਦਿਆਂ ਮੇਰਾ ਦਿਲ ਕੀਤਾ ਕਿ ਮੈਡਮ ਨਾਲ ਗੱਲ ਕਰਾਂ, ਪਰ ਉਸ ਵਕਤ ਮੈਨੂੰ ਉਨ੍ਹਾਂ ਦਾ ਟੈਲੀਫ਼ੂਨ ਨੰਬਰ ਨਾ ਮਿਲਿਆ। ਮੈਨੂੰ ਇਹ ਪਤਾ ਸੀ ਕਿ ਉਹ ਅਰਬਨ ਐਸਟੇਟ, ਪਟਿਆਲਾ ‘ਚ ਯੂਨੀਵਰਸਿਟੀ ਦੇ ਉਲਟ ਕਿਤੇ ਰਹਿੰਦੇ ਹਨ। ਮੈਂ ਉਸ ਇਲਾਕੇ ‘ਚ ਰਹਿੰਦੇ ਇੱਕ ਰਿਸ਼ਤੇਦਾਰ ਨੂੰ ਕਿਹਾ ਕਿ ਉਹ ਨਿੱਜੀ ਤੋਰ ‘ਤੇ ਜਾ ਕੇ ਅਤਾ ਪਤਾ ਲੱਭ ਕੇ ਮੈਨੂੰ ਨੰਬਰ ਦੇਵੇ। ਉਸ ਨੇ ਰਿਪੋਰਟ ਦਿੱਤੀ ਕਿ ਮੈਡਮ ਤਾਂ ਗੁਜ਼ਰ ਗਏ। ਬੜਾ ਅਫ਼ਸੋਸ ਹੋਇਆ। ਮੈਂ ਇੱਕ ਦੋ ਬੰਦਿਆ ਨੂੰ ਦੱਸਿਆ ਵੀ ਕਿ ਯਾਰ ਮੈਡਮ ਤਾਂ ਰਹੇ ਨਹੀਂ। ਇਓਂ ਜਾਪਿਆ ਜਿਵੇਂ ਕਿਸੇ ਨੇ ਮੇਰੇ ਬਾਲਪਨ ‘ਚ ਮੇਰੇ ਚਪੇੜ ਮਾਰ ਕੇ ਮੈਥੋਂ ਕੁਝ ਖੋਹ ਲਿਆ ਹੋਵੇ। ਬੜਾ ਨਿੱਜੀ ਘਾਟਾ ਮਹਿਸੂਸ ਹੋਇਆ। ਲੱਗਿਆ ਜੇ ਕਰ ਸੰਪਰਕ ਬਣਾਈ ਰੱਖਿਆ ਹੁੰਦਾ ਤਾਂ ਸ਼ਾਇਦ ਉਹ ਕੁਝ ਦਿਨ ਹੋਰ ਕੱਟ ਜਾਂਦੇ। ਫ਼ਿਰ ਮਨ ਨੂੰ ਸਮਝਾਉਣ ਦਾ ਉਪਰਾਲਾ ਸ਼ਰੂ ਹੋ ਗਿਆ। ਸਾਰੀਆਂ ਭਾਣੇ ਦੀਆਂ ਗੱਲਾਂ ਨੇ। ਹਰੇਕ ਇਨਸਾਨ ਦੇ ਸਾਹ ਮਿੱਥੇ ਹੋਏ ਹੁੰਦੇ ਨੇ। ਕਿਸੇ ਦਾ ਵੱਸ ਨਹੀਂ ਚਲਦਾ। ਅਜਿਹੀਆਂ ਗੱਲਾਂ ਨੇ ਸੋਚ ‘ਚ ਤੇਜ਼ੀ ਨਾਲ ਘੁੰਮਣ ਘੇਰੀ ਜਿਹੀ ਪਾਈ।
****
ਮੈਡਮ ਨੂੰ ਮੇਰੇ ਬਾਰੇ ਪਤਾ ਸੀ ਕਿ ਰਜਿੰਦਰ ਉਨ੍ਹਾਂ ਦਾ ਪੜ੍ਹਾਇਆ ਹੋਇਆ ਹੈ, ਅਤੇ ਹੁਣ ਉਹ ਇੱਕ ਉੱਚ ਅਫ਼ਸਰ ਬਣ ਗਿਆ ਹੈ। ਮੈਂ ਉਨ੍ਹਾਂ ਨੂੰ ਮਿਲਣ ਜਾਂਦਾ ਹੁੰਦਾ ਸੀ। ਉਹ ਮੈਨੂੰ ਮਿਲਣ ਵੀ ਆ ਜਾਂਦੇ ਸਨ। ਉਹ ਮੇਰੇ ਸਰਕਾਰੀ ਘਰ ਪਟਿਆਲਾ ਇੱਕ ਵਾਰ ਆਏ। ਮੈਂ ਉਨ੍ਹਾਂ ਨੂੰ ਰਿਪੂਦਮਨ ਕਾਲਜ ਨਾਭਾ ਮਿਲਣ ਗਿਆ। ਉਹ ਮੇਰੇ ਕੋਲ ਫ਼ਿਲੌਰ ਆਏ ਜਦੋਂ ਮੈਂ ਉੱਥੇ DIG ਪੰਜਾਬ ਸੀ ਅਤੇ ਪੁਲੀਸ ਅਕੈਡਮੀ ‘ਚ ਤਾਇਨਾਤ ਸੀ। ਇੱਕ ਦਿਨ ਸ਼ਾਮ ਜਿਹੇ ਨੂੰ ਇੱਕ ਅਜਿਹੇ ਫ਼ੋਨ ਤੋਂ ਫ਼ੋਨ ਕਾਲ ਆਈ ਜਿਸ ਦਾ ਨੰਬਰ ਜਾਣਿਆ ਪਹਿਚਾਣਿਆ ਹੋਇਆ ਨਹੀਂ ਸੀ। ਇੱਕ ਬੜੀ ਸੁਹਿਰਦ ਆਵਾਜ਼ ਸੁਣਾਈ ਦਿੱਤੀ, ਝੱਟ ਉਨ੍ਹਾਂ ਨੇ ਆਪਣੇ ਬਾਰੇ ਦੱਸ ਦਿੱਤਾ ਜਿਵੇਂ ਕਿ ਉਹ ਮੇਰੇ ਹੈਲੋ ਕਹਿਣ ਤੋਂ ਹੀ ਭਾਂਪ ਗਏ ਹੋਣ ਕਿ ਮੈਂ ਉਨ੍ਹਾਂ ਦੀ ਆਵਾਜ਼ ਨਹੀਂ ਪਹਿਚਾਣੀ … ਜਾਂ ਕਹਿ ਲਓ ਸੰਪਰਕ ਕੀਤਿਆਂ ਦੇਰ ਹੋ ਗਈ ਸੀ ਅਤੇ ਯਾਦ ਨਹੀਂ ਸੀ ਬਹੁਤਾ। ਉਹ ਫ਼ੋਨ ਕਾਲ ਮੈਡਮ ਦੀ ਸੀ।
ਜਿਓਂ ਹੀ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਮੈਡਮ ਸਰਦਾਰਨੀ ਨਰਿੰਦਰਪਾਲ ਕੌਰ ਦੀ ਜਿਊਂਦਿਆਂ ਦੀ ਆਵਾਜ਼ ਸੁਣ ਰਿਹਾਂ, ਮੈਨੂੰ ਬੇਹੱਦ ਖ਼ੁਸ਼ੀ ਹੋਈ। ਖ਼ੁਸ਼ੀ ਖ਼ੁਸ਼ੀ ‘ਚ ਮੈਂ ਬਿਨਾ ਝਿਜਕ ਇਹ ਕਿਹਾ ਕਿ ਮੈਡਮ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕੀ ਤੁਸੀਂ ਭੂਤ ਹੋ ਜਾਂ ਜਿੳਂਦੇ ਕਿਉਂਕਿ ਮੇਰੇ ਰਿਕਾਰਡ ‘ਚ ਤਾਂ ਤੁਸੀਂ ਮਰ ਚੁੱਕੇ ਹੋ? ਅੱਗਿਓਂ ਬੜੇ ਠਰੰਮੇ ਨਾਲ ਜਵਾਬ ਆਇਆ, ”ਬੇਟਾ ਹੁਣ ਤਾਂ ਮੈਂ ਭੂਤਾਂ ਤੋ ਵੀ ਪਰੇ ਹਾਂ, ਘਰ ਬੈਠੀ ਰਹਿੰਦੀ ਹਾਂ, ਕਈ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਬੀਮਾਰੀਆਂ ਆਪੋ-ਆਪਣਾ ਦਾਅ ਲਗਾਉਣ ਨੂੰ ਆਲੇ ਦੁਆਲੇ ਫ਼ਿਰਦੀਆਂ ਨੇ, ਮੈਡਮ ਨੂੰ ਜਿਊਦਿਆਂ ਸੁਣ ਕੇ ਜੋ ਖ਼ੁਸ਼ੀ ਹੋਈ ਉਸ ਦਾ ਇਜ਼ਹਾਰ ਦੋਸਤਾਂ ਅਤੇ ਸਮਕਾਲੀਆਂ ਨਾਲ ਕੀਤਾ।
(ਬਾਕੀ ਅਗਲੇ ਹਫ਼ਤੇ)