ਰੇਡੀਓ ਦੀਆਂ ਯਾਦਾਂ – 24

ਡਾ. ਦੇਵਿੰਦਰ ਮਹਿੰਦਰੂ
ਮਿੱਠੇ ਪਲ ਸੁਹਾਵਣੇ ਸਫ਼ਰ ਦੇ
ਆਲ ਇੰਡੀਆ ਰੇਡੀਓ ਜਲੰਧਰ ਦਾ ਦੇਸ ਪੰਜਾਬ ਪ੍ਰੋਗਰਾਮ ਦਾ ਚਮਕਦਾ ਸਿਤਾਰਾ, ਜਲੰਧਰ ਰੇਡੀਓ ਦੀ ਅਜਿਹੀ ਸ਼ਖ਼ਸੀਅਤ ਸੀ ਜਿਸ ਨੂੰ ਇੱਕ ਵਾਰ ਤੁਸੀਂ ਸੁਣ ਲਿਆ ਜਾਂ ਮਿਲ ਲਿਆ ਤਾਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਇੰਨੀ ਮਿੱਠੀ ਆਵਾਜ਼ ਮੈਂ ਤਾਂ ਨਹੀਂ ਸੀ ਸੁਣੀ ਕਦੇ। ਉਨ੍ਹਾਂ ਦੀ ਫ਼ੱਬਤ ਦੇਖਣ ਵਾਲੀ ਹੁੰਦੀ ਸੀ। ਕਦੇ ਉਨ੍ਹਾਂ ਦੇ ਕੱਪੜਿਆਂ ‘ਤੇ ਹਲਕੀ ਜਿਹੀ ਵੀ ਸਿਲਵਟ ਕਿਸੇ ਨੇ ਨਹੀਂ ਸੀ ਦੇਖੀ। ਕਦੇ ਕਿਸੇ ਨੇ ਉਨ੍ਹਾਂ ਨੂੰ ਉੱਚੀ ਆਵਾਜ਼ ‘ਚ ਬੋਲਦੇ ਨਹੀਂ ਸੀ ਸੁਣਿਆ। ਫ਼ੇਰ ਵੀ ਮੈਨੂੰ ਕਦੇ ਸਮਝ ਨਾ ਆਈ ਕਿ ਮਾਈਕ ‘ਤੇ ਜਾਂਦੇ ਹੀ ਉਹ ਆਵਾਜ਼ ਇੰਨੀ ਮਿੱਠੀ ਸ਼ਹਿਦ ਰਚੀ ਕਿਵੇਂ ਹੋ ਜਾਂਦੀ ਸੀ ਕਿ ਕੰਨਾਂ ‘ਚ ਮਿਸ਼ਰੀ ਘੁਲਣ ਲੱਗਦੀ। ਇਹ ਉਨ੍ਹਾਂ ਦਾ ਪਿਆਰ ਹੀ ਹੋਵੇਗਾ ਆਪਣੇ ਸਰਹੱਦੋਂ ਪਾਰ ਵਾਲੇ ਸਰੋਤਿਆਂ ਲਈ ਜੋ ਮਸੱਰਤ ਬਾਜੀ ਦਾ ਪਿਆਰ ਭਰਿਆ ਆਦਾਬ ਕਹਿੰਦੇ ਹੀ ਮਿੱਠੇ ਅਹਿਸਾਸ ਭਰ ਜਾਂਦਾ ਸੀ ਸੁਣਨ ਵਾਲਿਆਂ ਦੇ ਮਨਾਂ ‘ਚ। ਇਹ ਸਨ ਹਰਬੰਸ ਢਿੱਲੋਂ ਦੀਦੀ। ਪਰਕਾਸ਼ ਢਿੱਲੋਂ ਦੀਦੀ ਦੀ ਗੜਕਦੀ ਆਵਾਜ਼, ਆਪਣੀ ਦਿੱਖ ਪ੍ਰਤੀ ਅਵੇਸਲਾਪਨ ਉਨ੍ਹਾਂ ਨੂੰ ਹਰਬੰਸ ਢਿੱਲੋਂ ਦੀਦੀ ਤੋਂ ਵੱਖਰਾ ਖੜ੍ਹਾ ਕਰਦਾ ਸੀ ਜਦੋਂ ਕਿ ਦੋਹਾਂ ਭੈਣਾਂ ‘ਚ ਬਹੁਤ ਹੀ ਪਿਆਰ ਸੀ। ਸੁਹਿਰਦਤਾ ਦੋਵਾਂ ਦੀ ਦੇਖਣ ਵਾਲੀ ਸੀ। ਸੁਹਜ ਸਵਾਦ ਦੇ ਮਾਲਕ ਸਨ ਹਰਬੰਸ ਪਰ ਪਰਕਾਸ਼ ਤਾਂ ਗਿਆਨ ਦਾ ਖ਼ਜ਼ਾਨਾ ਸਨ।
ਆਵਾਜ਼ ਦੀ ਮਿਠਾਸ ਦੀ ਗੱਲ ਕਰੀਏ ਤਾਂ ‘ਹੁਣ ਤੁਸੀਂ ਪ੍ਰੀਤਮ ਸਿੰਘ ਰੁਪਾਲ ਤੋਂ ਪੰਜਾਬੀ ‘ਚ ਖ਼ਬਰਾਂ ਸੁਣੋਂਗੇ’ ਤੋਂ ਬਾਅਦ ਕੋਈ ਰੇਡੀਓ ਦਾ ਸਟੇਸ਼ਨ ਬਦਲਣ ਬਾਰੇ ਸੋਚ ਹੀ ਨਹੀਂ ਸੀ ਸਕਦਾ ਖ਼ਬਰਾਂ ਉਹਨੇ ਸੁਣੀਨਆਂ ਹੋਣ, ਚਾਹੇ ਨਾ। ਇਹੋ ਰੁਪਾਲ ਚੰਡੀਗੜ੍ਹ ਰੇਡੀਓ ਤੋਂ ਰਿਟਾਇਰ ਹੋਇਆ ਅਤੇ ਕਲਾ ਭਵਨ ‘ਚ ਸੰਗੀਤ ਨਾਟਕ ਅਕਾਦਮੀ ਦਾ ਸਕੱਤਰ ਬਣਿਆ।ਯਾਦ ਹੈ ਕਿ ਚੰਡੀਗੜ੍ਹ ਸਟੇਸ਼ਨ ਦੇ ਅੰਦਰ ਹੀ ਕੁੱਝ ਰਿਹਾਇਸ਼ੀ ਘਰ ਬਣੇ ਹੋਏ ਸਨ ਸਟਾਫ਼ ਵਾਸਤੇ। ਮੈਨੂੰ ਵੀ ਉਨ੍ਹਾਂ ਹੀ ਘਰਾਂ ‘ਚੋਂ ਇੱਕ ਘਰ ਅਲੌਟ ਹੋਇਆ ਸੀ। ਇੱਕ ਦਿਨ ਡਿਊਟੀ ਤੋਂ ਬਾਅਦ ਸ਼ਾਮ ਨੂੰ ਘਰ ਆ ਕੇ ਆਰਾਮ ਕਰ ਰਹੀ ਸੀ ਅਤੇ ਸੋਚ ਰਹੀ ਸੀ ਰਾਤ ਦੀ ਰੋਟੀ ਦਾ ਆਹਰ ਕੀਤਾ ਜਾਵੇ ਕਿ ਬੈੱਲ ਵੱਜੀ। ਦਰਵਾਜ਼ਾ ਖੋਲ੍ਹਿਆ, ਅੱਗੇ ਇੱਕ ਪਿਆਰੀ ਜਿਹੀ ਕੁੜੀ ਖੜ੍ਹੀ ਸੀ, ਦੋ ਗੁੱਤਾਂ ਕੀਤੀਆਂ ਹੋਈਆਂ, ਹੱਥ ‘ਚ ਰੋਟੀ ਦੀ ਥਾਲੀ ਢਕੀ ਸੁਆਰੀ। ਮੈਂ ਕੁੜੀ ਨੂੰ ਅੰਦਰ ਬੁਲਾਇਆ। ”ਮੰਮੀ ਨੇ ਰੋਟੀ ਭੇਜੀ ਹੈ ਤੁਹਾਡੇ ਲਈ।”
ਉਹ ਸਨੋਬਰ ਸੀ। ਮੰਮੀ ਸੁਣਕੇ ਮੈਨੂੰ ਲੱਗਰ ਜਿਹੀ ਮੁਟਿਆਰ ਯਾਦ ਆ ਗਈ, ਮੈਂ ਪਿਛਲੇ ਹਫ਼ਤੇ ਮਿਲੀ ਸੀ ਉਸ ਨੂੰ। ਪਰਵਾਜ਼ ਅਤੇ ਸਨੋਬਰ ਦੀ ਮੰਮੀ ਨੇ ਖਿੜਕੀ ‘ਚੋਂ ਮੈਨੂੰ ਆਉਂਦਿਆਂ ਦੇਖ ਲਿਆ ਸੀ। ਪ੍ਰੀਤਮ ਰੁਪਾਲ ਖ਼ੁਸ਼ਕਿਸਮਤ ਨੇ ਕਿ ਇੰਨੀ ਅੱਛੀ ਅਤੇ ਪਿਆਰੀ ਜੀਵਨ ਸਾਥਣ ਅਤੇ ਇੰਨੀਆਂ ਪਿਆਰੀਆਂ ਬੱਚੀਆਂ। ਕੱਲ੍ਹ ਦੀ ਉਹ ਛੋਟੀ ਜਿਹੀ ਬੱਚੀ, ਜਿਹੜੀ ਮੈਂ ਜਿੱਦਣ ਵੀ ਸਮਿਲੇ ਤੋਂ ਆਉਂਦੀ ਤਾਂ ਸ਼ਾਮ ਨੂੰ ਆਪਣੀ ਮੰਮੀ ਦੀ ਭੇਜੀ ਰੋਟੀ ਦੀ ਥਾਲੀ ਲੈਕੇ ਖੜ੍ਹੀ ਹੁੰਦੀ, ਅੱਜ ਦੀ ਵੱਡੀ ਡਾਕਟਰ ਹੈ। ਮਿਠਾ ਮਿੱਠਾ ਜਿਹਾ ਅਹਿਸਾਸ ਹੁੰਦਾ ਹੈ ਜਦੋਂ ਵੀ ਉਹ ਗੱਲਾਂ ਯਾਦ ਕਰਦੀ ਹਾਂ।
ਤਾਲਿਬ ਸਾਹਿਬ ਜਲੰਧਰ ਰੇਡੀਓ ‘ਚ ਕੋਔਰਡੀਨੇਟਰ ਸਨ, ਪੈਕਸ (ਕੋ), ਦਿਹਾਤੀ ਸੈਕਸ਼ਨ ਵਾਲੇ ਸਤਪਾਲ ਤਾਲਿਬ ਸਾਹਿਬ ਨਹੀਂ, ਇਹ ਦੂਸਰੇ ਤਾਲਿਬ ਸਾਹਿਬ ਸਨ। ਦੋਵੇਂ ਹੀ ਆਪੋ-ਆਪਣੇ ਖੇਤਰ ਦੀਆਂ ਹਸਤੀਆਂ ਸਨ। ਉਹ ਬਾਅਦ ‘ਚ ਚੰਡੀਗੜ੍ਹ ਸਟੇਸ਼ਨ ਦੇ ਹੈੱਡ ਬਣੇ, ਪਰ ਉਹ ਭਲੇ ਬੰਦੇ ਪੰਜਾਬ ‘ਚ ਚੱਲੀ ਉਸ ਕਾਲੀ ਬੋਲੀ ਨ੍ਹੇਰੀ ਦੀ ਭੇਂਟ ਚੜ੍ਹ ਗਏ। ਉਨ੍ਹਾਂ ਦਾ ਬੇਟਾ ਰਾਜੀਵ ਬਾਅਦ ‘ਚ ਚੰਡੀਗੜ੍ਹ ਰੇਡੀਓ ‘ਚ ਆਇਆ। ਤਾਲਿਬ ਸਾਹਿਬ ਅਤੇ ਮਿਸਿਜ਼ ਤਾਲਿਬ ਸ਼ਰੀਰਕ ਪੱਖੋਂ ਕੁੱਝ ਸਮੱਸਿਆਵਾਂ ਨਾਲ ਜੂਝੇ ਸਾਰੀ ਉਮਰ ਜਦੋਂ ਕਿ ਰਾਜੀਵ ਅਤੇ ਉਹਦੀ ਭੈਣ ਅੱਛੀ ਸਿਹਤ ਵਾਲੇ ਸਨ। ਚੰਡੀਗੜ੍ਹ ਰਹਿੰਦੇ ਦੇਖਿਆ ਰਾਜੀਵ ਆਪਣੀ ਮੰਮੀ ਦਾ ਇੰਨਾ ਧਿਆਨ ਰੱਖਦਾ ਸੀ
ਇਸ ਡਰੋਂ ਕਿ ਕਿਤੇ ਵਿਆਹ ਤੋਂ ਬਾਅਦ ਉਹਦਾ ਧਿਆਨ ਨਾ ਵੱਟ ਜਾਵੇ, ਮੁੰਡੇ ਨੇ ਵਿਆਹ ਹੀ ਨਹੀਂ ਕਰਵਾਇਆ। ਸਵੇਰੇ ਉਨ੍ਹਾਂ ਨੂੰ ਤਿਆਰ ਕਰ ਕੇ ਖੁਆ-ਪਿਆ ਕੇ ਮੰਮੀ ਨੂੰ ਕੁੱਝ ਪੜ੍ਹਨ ਲਿਖਣ ਦਾ ਆਹਰ ਦੇ ਆਉਂਦਾ ਅਤੇ ਲੰਚ ਟਾਈਮ ‘ਚ ਫ਼ੇਰ ਉਨ੍ਹਾਂ ਦੀ ਸੇਵਾ ਕਰਨ ਘਰ ਪਹੁੰਚ ਜਾਂਦਾ। ਮੈਂ ਕਦੇ ਉਹਨੂੰ ਇੱਕ ਮਿੰਟ ਲਈ ਵੀ ਮਾਂ ਤੋਂ ਅਵੇਸਲੇ ਹੁੰਦੇ ਨਹੀਂ ਸੀ ਦੇਖਿਆ।
ਦੇਸ ਪੰਜਾਬ ਜਲੰਧਰ ਰੇਡੀਓ ਦਾ ਅਜਿਹਾ ਪ੍ਰੋਗਰਾਮ ਹੈ ਜਿਹੜਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਦਾ ਪਸੰਦੀਦਾ ਪ੍ਰੋਗਰਾਮ ਹੈ। ਦੇਵਿੰਦਰ ਜੌਹਲ ਸਨ ਓਦੋਂ ਦੇਸ ਪੰਜਾਬ ਦੇ ਇੰਚਾਰਜ, 1990 ਦੇ ਆਸਪਾਸ ਦੀ ਗੱਲ ਹੈ। ਉਨ੍ਹਾਂ ਸੁਲਤਾਨ ਬਾਹੂ ਮੇਰੀ ਆਵਾਜ਼ ‘ਚ ਰਿਕਾਰਡ ਕੀਤਾ ਹਲਕੀ ਜਿਹੀ ਐਕੋ ਦੇ ਕੇ ਦੇਸ ਪੰਜਾਬ ‘ਚ ਉਸ ਦਾ ਲੜੀਵਾਰ ਪ੍ਰਸਾਰਣ ਕੀਤਾ:
ਤੇਰੇ ਜੇਹੇ ਚੰਨ ਕਈ ਸੈ ਚੜ੍ਹਦੇ
ਸਾਨੂੰ ਸਜਣਾਂ ਬਾਝ ਅੰਧੇਰਾ ਹੂ
ਜਿਥੇ ਚੰਨ ਅਸਾਡਾ ਚੜ੍ਹਦਾ
ਓਥੇ ਕਦਰ ਨਹੀਂ ਕੁੱਝ ਤੇਰਾ ਹੂ
ਜਿਸਦੇ ਕਾਰਨ ਜਨਮ ਗਵਾਯਾ
ਬਾਹੂ ਯਾਰ ਮਿਲਸਨ ਇੱਕ ਵੇਰਾ ਹੂ
ਬਹੁਤ ਚਿੱਠੀਆਂ ਆਈਆਂ ਤਾਰੀਫ਼ ਦੀਆਂ। ਨਾਲ ਹੀ ਮੈਂ ਗੱਲ ਕਰਨ ਲੱਗੀ ਹਾਂ ਇੱਕ ਬਹੁਤ ਹੀ ਮਿੱਠੀ ਯਾਦ ਦੀ। ਇੱਕ ਮੰਗ ਆ ਰਹੀ ਸੀ ਸਰੋਤਿਆਂ ਵਲੋਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਲਈ ਜਦੋਂ ਕਿ ਉਨ੍ਹਾਂ ਦਿਨਾਂ ‘ਚ ਅਜਿਹੀ ਕੋਈ ਵੀ ਵਿਵਸਥਾ ਨਹੀਂ ਸੀ। ਉਸ ਮੰਗ ਨਾਲ ਜੁੜਿਆ ਇੱਕ ਨਾਂ ਅੱਜ ਵੀ ਯਾਦ ਹੈ, ਜਾਣੇ ਪਹਿਚਾਣੇ ਲੇਖਕ ਨਿਰੰਜਨ ਤਸਨੀਮ ਦਾ। ਉਹ ਦਿੱਲੀ ਚਿੱਠੀ ਲਿਖਣ ਲਈ ਤਿਆਰ ਸਨ ਕਿ ਉਨ੍ਹਾਂ ਨੂੰ ਰਿਕਾਰਡਿੰਗ ਦਿੱਤੀ ਜਾਵੇ, ਉਹ ਉਸ ਨੂੰ ਖ਼ਰੀਦ ਲੈਣਗੇ। ਹੁਣ ਤਾਂ ਭੁਗਤਾਨ ਕਰਕੇ ਰੇਡੀਓ ਤੋਂ ਰਿਕਾਰਡਿੰਗ ਲਈ ਜਾ ਸਕਦੀ ਹੈ, ਪਰ ਓਦੋਂ ਅਜਿਹਾ ਕੋਈ ਪ੍ਰਬੰਧ ਹੀ ਨਹੀਂ ਸੀ ਹੁੰਦਾ। ਜਲੰਧਰ ਰੇਡੀਓ ਨੇ ਪੰਜਾਬੀ ਸਾਹਿਤ, ਕਲਾਵਾਂ, ਸਭਿਆਚਾਰ ਅਤੇ ਸੰਗੀਤ ਦਾ ਬੜਾ ਵੱਡਾ ਖ਼ਜ਼ਾਨਾ ਤਿਆਰ ਕੀਤਾ, ਅਤੇ ਜਿਵੇਂ ਜਿਵੇਂ ਤਿਆਰ ਕਰਨ ਵਾਲੇ ਬੰਦੇ ਤੁਰਦੇ ਗਏ, ਇਹ ਅਨਮੋਲ ਖ਼ਜ਼ਾਨਾ ਵੀ ਖੁਰਦਾ ਗਿਆ। ਹੁਣ ਤਾਂ ਬਸ ਯਾਦਾਂ ਹੀ ਪੱਲੇ ਨੇ ਸੁਹਾਵਣੇ ਸਫ਼ਰ ਦੀਆਂ।