ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1463

ਜੇਕਰ ਅਸੀਂ ਸਾਵਧਾਨ ਨਹੀਂ, ਅਸੀਂ ਆਪਣੀਆਂ ਸਾਰੀ ਜ਼ਿੰਦਗੀ ਓਹੀ ਚੀਜ਼ਾਂ ਕਰਨ ‘ਚ ਗੁਜ਼ਾਰ ਸਕਦੇ ਹਾਂ ਜਿਹੜੀਆਂ ਦੂਸਰੇ ਸਾਡੇ ਤੋਂ ਕਰਾਉਣਾ ਚਾਹੁੰਦੇ ਹਨ। ਜੇ ਅਸੀਂ ਸੰਵੇਦਨਸ਼ੀਲ ਹਾਂ, ਅਸੀਂ ਛੇਤੀ ਹੀ ਇਹ ਦੱਸ ਸਕਦੇ ਹਾਂ ਕਿ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਕੀ ਚਾਹੀਦੈ। ਅਤੇ ਜੇਕਰ ਅਸੀਂ ਰਹਿਮਦਿਲ ਹਾਂ, ਅਸੀਂ ਕੁਦਰਤਨ ਮਦਦ ਕਰਨਾ ਚਾਹੁੰਦੇ ਹਾਂ ਜੇ ਅਸੀਂ ਕਰ ਸਕਦੇ ਹੋਈਏ। ਪਰ ਜੇ ਅਸੀਂ ਇੰਝ ਹੀ ਕਰਨਾ ਜਾਰੀ ਰੱਖਿਆ ਤਾਂ ਜਲਦੀ ਹੀ ਸਾਡੀ ਆਜ਼ਾਦੀ ਛੂ-ਮੰਤਰ ਹੋ ਜਾਵੇਗੀ। ਲੋਕਾਂ ਦਾ ਮਕਸਦ ਉਸ ਵੇਲੇ ਤਕ ਬੋਲੀ ਜਾਣਾ ਨਹੀਂ ਹੁੰਦਾ ਜਦੋਂ ਤਕ ਸਾਡੇ ਕੋਲ ਦੇਣ ਨੂੰ ਕੁਝ ਵੀ ਨਾ ਰਹਿ ਜਾਵੇ, ਪਰ ਜੇ ਉਨ੍ਹਾਂ ਨੂੰ ਚੁੱਪ ਹੋਣ ਨੂੰ ਨਾ ਕਿਹਾ ਜਾਵੇ, ਉਹ ਅਣਜਾਣੇ ‘ਚ ਹੀ ਲੱਗੇ ਰਹਿੰਦੇ ਹਨ। ਆਉਣ ਵਾਲੀਆਂ ਘਟਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਨੂੰ ਸੀਮਾ ਨੀਯਤ ਕਰਨ ਅਤੇ ਲਕੀਰ ਖਿੱਚਣ ਲਈ ਮਜਬੂਰ ਕਰਨਗੀਆਂ। ਇਹ ਇੱਕ ਚੰਗੀ ਗੱਲ ਹੈ।

ਤੁਸੀਂ ਕਿਸੇ ਚੀਜ਼ ਦੇ ਵਾਪਰਣ ਦਾ ਇੰਤਜ਼ਾਰ ਕਰ ਰਹੇ ਹੋ, ਪਰ ਤੁਹਾਨੂੰ ਡਰ ਹੈ ਕਿ ਜਲਦਬਾਜ਼ੀ ਕਰਨ ਨਾਲ ਉਹ ਨਹੀਂ ਹੋਵੇਗੀ। ਸੋ ਤੁਸੀਂ ਆਪਣਾ ਸਮਾਂ ਬਿਤਾਉਣ ‘ਚ ਮਦਦ ਕਰਨ ਲਈ ਯੋਜਨਾਵਾਂ ਬਣਾ ਰਹੇ ਹੋ। ਇਸ ਆਧਾਰ ‘ਤੇ ਕਿ ਅੱਗੇ ਵਧਣ ਦਾ ਉਸ ਵੇਲੇ ਤਕ ਕੋਈ ਫ਼ਾਇਦਾ ਨਹੀਂ ਜਦੋਂ ਤਕ ਹਾਲਾਤ ਯੋਗ ਨਹੀਂ ਬਣ ਜਾਂਦੇ, ਤੁਸੀਂ ਕਿਸੇ ਚੀਜ਼ ਨੂੰ ਪਿੱਛੇ ਪਾਈ ਜਾ ਰਹੇ ਹੋ। ਤੁਸੀਂ ਬੇਵਕੂਫ਼ ਨਹੀਂ ਲੱਗਣਾ ਚਾਹੁੰਦੇ, ਅਤੇ ਤੁਸੀਂ ਕੋਸ਼ਿਸ਼ ਜ਼ਾਇਆ ਨਹੀਂ ਕਰਨਾ ਚਾਹੁੰਦੇ। ਅਤੇ ਇਹ ਵੀ ਸੰਭਵਾਨਾ ਹੈ, ਤੁਹਾਡੀ ਸੋਚ ਮੁਤਾਬਿਕ, ਕਿ ਤੁਹਾਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਵੇ। ਪਰ ਇਹ ਸੱਚਮੁੱਚ ਸੰਭਵ ਨਹੀਂ। ਆਉਣ ਵਾਲੀਆਂ ਘਟਨਾਵਾਂ ਤੁਹਾਨੂੰ ਦਿਖਾਉਣਗੀਆਂ ਕਿ ਨਿਧੜਕ ਹੋ ਕੇ ਕਾਰਜਸ਼ੀਲ ਹੋਣਾ ਸਫ਼ਲਤਾ ਹਾਸਿਲ ਕਰਨ ਲਈ ਇੱਕ ਸਿਆਣੀ (ਅਤੇ ਸਮਝਦਾਰ) ਤਿਆਰੀ ਹੈ।

ਕਲਪਨਾ ਕਰੋ ਖ਼ੁਸ਼ੀ ਦੀ ਖ਼ਰੀਦੋ ਫ਼ਰੋਖ਼ਤ ਲਈ ਇੱਕ ਵੱਖਰੀ ਹੀ ਵਿਸ਼ਵ-ਵਿਆਪੀ ਮੰਡੀ ਹੁੰਦੀ। ਜੇਕਰ ਆਨੰਦ ਅਤੇ ਸੰਤੁਸ਼ਟੀ ਦੀ ਕੀਮਤ ਵੀ ਪੂਰਤੀ ਅਤੇ ਮੰਗ ਦੇ ਸਿਧਾਂਤ ਅਨੁਸਾਰ ਚੜ੍ਹਦੀ ਅਤੇ ਡਿਗਦੀ ਤਾਂ ਕੀ ਹੁੰਦਾ? ਜੇਕਰ ਅਕਲਮੰਦੀ ਦੀ ਵਿਸ਼ਵ-ਵਿਆਪੀ ਥੁੜ੍ਹ ਕਾਰਨ ਤ੍ਰਿਪਤੀ ਦੀ ਕੀਮਤ ਜਮ੍ਹਾਂ ਹੀ ਉੱਪਰ ਚੜ੍ਹ ਜਾਂਦੀ ਤਾਂ ਕੀ ਹੁੰਦਾ? ਫ਼ਿਰ ਵੀ ਜੇਕਰ ਸਾਡੇ ਸਾਰਿਆਂ ਦੇ ਜੀਵਨਾਂ ‘ਚ ਓਨਾ ਮਜ਼ਾ ਅਤੇ ਜਾਦੂ ਹੁੰਦਾ ਜਿੰਨਾ ਅਸੀਂ ਚਾਹੁਣ ਦੀ ਕੇਵਲ ਕਲਪਨਾ ਹੀ ਕਰ ਸਕਦੇ ਹਾਂ, ਅਸੀਂ ਕਦੇ ਵੀ ਮੁਦਰਾ ਦੀ ਕੀਮਤ ਨੂੰ ਨਾ ਘਟਾਉਂਦੇ ਜਾਂ ਭਾਵਨਾਤਮਕ ਮਹਿੰਗਾਈ ਨਾ ਪੈਦਾ ਕਰਦੇ। ਤੁਹਾਡੇ ਦਿਲ ਦੇ ਬੈਂਕ ਦੇ ਧੁਰ ਅੰਦਰ, ਰਹਿਮਦਿਲੀ ਦਾ ਇੱਕ ਕਦੇ ਨਾ ਮੁੱਕਣ ਵਾਲਾ ਭੰਡਾਰ ਪਿਐ। ਉਸ ‘ਚੋਂ ਕੁਝ ਕੁ ਹੁਣੇ ਹੀ ਕਢਾ ਲਓ … ਅਤੇ ਉਸ ਨੂੰ ਦਿਲ ਖੋਲ੍ਹ ਕੇ ਵੰਡੋ!

ਚਲੋ, ਮੈਂ ਤੁਹਾਨੂੰ ਹੋਰ ਜ਼ਿਆਦਾ ਸਮਾਂ ਰੋਕ ਕੇ ਨਹੀਂ ਰੱਖਦਾ … ਲੋਕ ਅਕਸਰ ਕਿਸੇ ਫ਼ੋਨ ਕਾਲ ਦੇ ਅਖੀਰ ‘ਚ ਇਹ ਗੱਲ ਕਹਿੰਦੇ ਸੁਣੇ ਜਾ ਸਕਦੇ ਨੇ। ਆਮ ਤੌਰ ‘ਤੇ, ਉਨ੍ਹਾਂ ਦੇ ਕਹਿਣ ਦਾ ਅਸਲ ਮਤਲਬ ਹੁੰਦੈ, ”ਮੈਂ ਸੱਚਮੁੱਚ ਇਹ ਉਮੀਦ ਕਰਦਾਂ ਕਿ ਤੁਸੀਂ ਮੇਰਾ ਬਹੁਤਾ ਜ਼ਿਆਦਾ ਵਕਤ ਬਰਬਾਦ ਨਹੀਂ ਕਰੋਗੇ।” ਪਰ ਕਹਿਣ ਨੂੰ ਇਹ ਕੋਈ ਬਹੁਤੀ ਸਲੀਕੇਦਾਰ ਗੱਲ ਨਹੀਂ ਲੱਗਦੀ। ਅਤੇ ਹਾਂ ਸੱਚ, ਸਲੀਕੇਦਾਰ ਹੋਣਾ ਬਹੁਤ ਹੀ ਲਾਜ਼ਮੀ ਹੈ ਇਸ ਸੰਸਾਰ ‘ਚ। ਕਈ ਵਾਰ ਤਾਂ ਇੰਝ ਜਾਪਦੈ ਜਿਵੇਂ ਆਪਣੇ ਨਿੱਜੀ ਖ਼ਿਆਲਾਂ ‘ਚ ਅਸੀਂ ਜਿੰਨੇ ਮਰਜ਼ੀ ਅਸ਼ਲੀਲ ਅਤੇ ਅਪਮਾਨਜਨਕ ਵਿਚਾਰ ਰੱਖਦੇ ਹੋਈਏ, ਜਦੋਂ ਤਕ ਜਨਤਕ ਤੌਰ ‘ਤੇ ਅਸੀਂ ਬੰਦੇ ਬਣੇ ਰਹਿੰਦੇ ਹਾਂ, ਸਭ ਕੁਝ ਠੀਕ ਹੈ। ਪਰ ਤੁਹਾਡੀ ਜ਼ਿੰਦਗੀ ‘ਚ, ਇਸ ਵੇਲੇ ਸੱਚ ਦੱਸੇ ਜਾਣ ਦੀ ਬਹੁਤ ਜ਼ਿਆਦਾ ਲੋੜ ਹੈ। ਬੇਸ਼ੱਕ ਪਿਆਰ ਨਾਲ ਹੀ ਸਹੀ, ਪਰ ਇੰਨੀ ਕੁ ਦ੍ਰਿੜਤਾ ਨਾਲ ਕਿ ਸੁਣਿਆ ਜਾ ਸਕੇ!

ਕੁਝ ਲੋਕ ਹਮੇਸ਼ਾ ਸਭਿਅਕ ਜਾਂ ਬਾ-ਤਮੀਜ਼ ਨਹੀਂ ਹੁੰਦੇ। ਅਤੇ ਕੁਝ ਬਹੁਤ ਹੀ ਜ਼ਿਆਦਾ ਚੰਗੇ ਹੁੰਦੇ ਹਨ। ਲਗਭਗ ਸਾਨੂੰ ਸ਼ਸ਼ੋਪੰਜ ‘ਚ ਪਾਉਣ ਦੀ ਹੱਦ ਤਕ ਭਲੇ ਮਾਣਸ। ਕੁਝ ਲੋਕ ਇਕਾਂਤਪਸੰਦ ਹੁੰਦੇ ਨੇ। ਦੂਸਰੇ ਉਸ ਤੋਂ ਕਿਤੇ ਵੱਧ ਹਮਦਰਦ ਜਿੰਨੀ ਸ਼ਾਇਦ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ। ਇਨ੍ਹਾਂ ਚੀਜ਼ਾਂ ‘ਚ ਬਰਾਬਰ ਦਾ ਤਵਾਜ਼ਨ ਕਾਇਮ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਦੇ ਕਿਰਦਾਰ ਦਾ ਇੱਕ ਹਿੱਸਾ ਬਹੁਤ ਸ਼ਾਨਦਾਰ ਜਾਪਦਾ ਹੋਵੇ ਤਾਂ ਹੋ ਸਕਦੈ ਕਿ ਉਸ ਦੀ ਸਖ਼ਸੀਅਤ ਦਾ ਕੋਈ ਦੂਸਰਾ ਹਿੱਸਾ ਤੁਹਾਨੂੰ ਖਿੱਝ ਚੜ੍ਹਾਉਣ ਵਾਲਾ ਲੱਗੇ। ਸਾਨੂੰ ਸਰਸਰੀ ਅਤੇ ਬੇਹੱਦ ਭਾਵੁਕ ਪ੍ਰਤੀਕਰਮਾਂ ਦੇ ਆਧਾਰ ‘ਤੇ ਵੱਡੇ ਅਤੇ ਤਾ-ਉਮਰ ਪ੍ਰਭਾਵਿਤ ਕਰਨ ਵਾਲੇ ਫ਼ੈਸਲੇ ਲੈਣ ਲੱਗਿਆਂ ਸਾਵਧਾਨ ਰਹਿਣਾ ਚਾਹੀਦੈ। ਜਿਹੜੀ ਚੋਣ ਵੱਲ ਤੁਸੀਂ ਇਸ ਵਕਤ ਆਕਰਸ਼ਿਤ ਹੋ ਰਹੇ ਹੋ, ਉਸ ‘ਤੇ ਸਬਰ ਦਾ ਥੋੜ੍ਹਾ ਲੇਪ ਲਗਾਓ।