ਬਾਦਲ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਤਨਖਾਹ ਸਣੇ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਦੀ ਆਗਿਆ

3ਚੰਡੀਗੜ੍ਹ : ਆਂਗਣਵਾੜੀ ਵਰਕਰਾਂ ਦੀਆਂ ਲੰਮੇਂ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਂਗਣਵਾੜੀ ਵਰਕਰਾਂ ਦੀ ਭਲਾਈ ਲਈ ਵੱਡਾ ਕਦਮ ਚੁੱਕਦਿਆਂ ਉਨ੍ਹਾਂ ਨੂੰ ਤਨਖਾਹ ਸਣੇ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਦੀ ਆਗਿਆ ਦੇ ਦਿੱਤੀ ਹੈ।
ਇਸ ਸਬੰਧੀ ਫੈਸਲਾ ਸ. ਬਾਦਲ ਨੇ ਅੱਜ ਸਵੇਰੇ ਆਪਣੇ ਦੇ ਨਿਵਾਸ ਸਥਾਨ ‘ਤੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਨਾਲ ਹੋਈ ਇੱਕ ਮੀਟਿੰਗ ਵਿੱਚ ਲਿਆ ਜੋ ਆਪਣੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਇਆ ਸੀ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਆਂਗਣਵਾੜੀ ਵਰਕਰ 10 ਦਿਨ ਦੀ ਮੈਡੀਕਲ ਛੁੱਟੀ ਦੀਆਂ ਹੱਕਦਾਰ ਸਨ ਅਤੇ ਹੁਣ ਉਹ ਤਨਖਾਹ ਸਣੇ ਇੱਕ ਮਹੀਨੇ ਦੀ ਛੁੱਟੀ ਪ੍ਰਾਪਤ ਕਰਨ ਦੀਆਂ ਹੱਕਦਾਰ ਹੋਣਗੀਆਂ।
ਮੁੱਖ ਮੰਤਰੀ ਨੇ ਆਂਗਣਵਾੜੀ ਸੈਂਟਰਾਂ ਦੀਆਂ ਅਧੂਰੀਆਂ ਪਈਆਂ ਤਕਰੀਬਨ 800 ਇਮਾਰਤਾਂ ਨੂੰ ਮੁਕੰਮਲ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ ਤਰੁੰਤ 18 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ ਤਾਂ ਜੋ ਇਹ ਜਲਦੀ ਤੋਂ ਜਲਦੀ ਕਾਰਜਸ਼ੀਲ ਹੋ ਸਕਣ। ਗੌਰਤਬਲ ਹੈ ਕਿ ਇਨ੍ਹਾਂ ਇਮਾਰਤਾਂ ਦੇ ਨਿਰਮਾਣ ਲਈ ਸੂਬਾ ਸਰਕਾਰ ਨੇ 18 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਉਨ੍ਹਾਂ ਨੇ 68 ਨਵੇਂ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ ਛੇਤੀਂ ਸ਼ੁਰੂ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਲਈ 4 ਕਰੋੜ ਰੁਪਏ ਦੇ ਫੰਡ ਨਾਬਾਰਡ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਆਂਗਣਵਾੜੀ ਵਰਕਰਾਂ ਦੀ ਸੁਪਰਵਾਈਜ਼ਰ ਵਜੋਂ ਪਦ ਉਨਤੀ ਲਈ ਕੰਮ ਦਾ ਤਜਰਬਾ 10 ਸਾਲ ਤੋਂ ਘਟਾ ਕੇ 3 ਸਾਲ ਕਰਨ ਦਾ ਮਾਮਲਾ ਉਹ ਭਾਰਤ ਸਰਕਾਰ ਕੋਲ ਉਠਾਉਣਗੇ। ਸ. ਬਾਦਲ ਨੇ ਸਮਾਜਿਕ ਸੁਰੱਖਿਆ ਮੰਤਰੀ ਨੂੰ ਆਖਿਆ ਕਿ ਉਹ ਸਮਾਜਿਕ ਭਲਾਈ ਸਲਾਹਕਾਰੀ ਬੋਰਡ ਅਤੇ ਪੰਜਾਬ ਬਾਲ ਭਲਾਈ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾਂਦੇ 8 ਆਂਗਣਵਾੜੀ ਬਲਾਕਾਂ ਨੂੰ ਵਿਭਾਗ ਵਿੱਚ ਤਬਦੀਲ ਕਰਨ ਦੇ ਮੁੱਦੇ ਦਾ ਵਿਸਤ੍ਰਤ ਰੂਪ ਵਿੱਚ ਜਾਇਜਾ ਲੈਣ ਤਾਂ ਜੋ ਆਂਗਣਵਾੜੀ ਸੈਂਟਰਾਂ ਦੇ ਕੰਮਕਾਜ ਨੂੰ ਦਰੁਸਤ ਕੀਤਾ ਜਾ ਸਕੇ।
ਸ. ਬਾਦਲ ਨੇ ਸਕੱਤਰ ਸਮਾਜਿਕ ਸੁਰੱਖਿਆ ਨੂੰ ਆਖਿਆ ਕਿ ਉਹ ਵਿਭਾਗ ਵਿੱਚ ਖਾਲੀ ਪਈਆਂ ਸੁਪਰਵਾਈਜ਼ਰ ਦੀਆਂ ਅਸਾਮੀਆਂ ਦੇ ਵਿਰੁੱਧ ਵੇਟਿੰਗ ਲਿਸਟ ਵਿੱਚ ਰੱਖੇ ਗਏ ਤਕਰੀਬਨ 20 ਉਮਦੀਵਾਰਾਂ ਨੂੰ ਤਰੁੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ। ਜਿਕਰਯੋਗ ਹੈ ਕਿ ਪਿਛਲੇ ਸਾਲ ਨਿਰਧਾਰਤ ਪ੍ਰਕਿਰਿਆ ਦੇ ਰਾਹੀਂ 286 ਆਂਗਣਵਾੜੀ ਵਰਕਰਾਂ ਨੂੰ ਸੁਪਰਵਾਈਜ਼ਰ ਦੀ ਅਸਾਮੀ ‘ਤੇ ਪੱਦ ਉਨਤ ਕੀਤਾ ਗਿਆ ਹੈ।
ਅਧਿਆਪਿਕ ਯੋਗਤਾ ਟੈਸਟ (ਟੈਟ) ਪਹਿਲਾਂ ਹੀ ਪਾਸ ਕਰ ਚੁੱਕੇ 50-60 ਆਂਗਣਵਾੜੀ ਵਰਕਰਾਂ ਨੂੰ ਅਧਿਆਪਕ ਨਿਯੁਕਤ ਕਰਨ ਦੀ ਇੱਕ ਹੋਰ ਮੰਗ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਖਿਆ ਕਿ ਉਹ ਇਨ੍ਹਾਂ ਨੂੰ ਉਮਰ ਵਿੱਚ ਵਿਸ਼ੇਸ਼ ਛੋਟ ਦੇਣ ਲਈ ਸਿੱਖਿਆ ਵਿਭਾਗ ਕੋਲ ਮਾਮਲਾ ਉਠਾਉਣ।
ਲੋੜੀਂਦੀ ਯੋਗਤਾ ਵਾਲੇ ਆਂਗਣਵਾੜੀ ਵਰਕਰਾਂ ਵਿੱਚੋਂ ਏ ਐਨ ਐਮਜ਼ ਲਈ 10 ਫੀਸਦੀ ਅਸਾਮੀਆਂ ਰਾਖਵੀਂਆਂ ਰੱਖਣ ਦੀ ਇੱਕ ਹੋਰ ਮੰਗ ਦੇ ਸਬੰਧ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਪਰਸੋਨਲ ਅਤੇ ਲੀਗਲ ਰੀਮੈਬਰੈਂਸ (ਐਲ ਆਰ) ਵਿਭਾਗ ਕੋਲੋਂ ਸੇਵਾ ਨਿਯਮਾਂ ਵਿੱਚ ਸੋਧ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਇਸ ਮਾਮਲੇ ਨੂੰ ਅੰਤਿਮ ਪ੍ਰਵਾਨਗੀ ਲਈ ਮੰਤਰੀ ਮੰਡਲ ਕੋਲ ਭੇਜ ਦਿੱਤਾ ਜਾਵੇਗਾ।
ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਦਾ ਧਨਵਾਦ ਕਰਦੇ ਹੋਏ ਵਫਦ ਨੇ ਸ. ਬਾਦਲ ਨੂੰ ਭਰੋਸਾ ਦੁਆਇਆ ਕਿ ਉਹ ਮਹਿਲਾਵਾਂ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਨਾਉਣ ਲਈ ਉਹ ਆਂਗਣਵਾੜੀ ਨੂੰ ਇੱਕ ਲੋਕ ਲਹਿਰ ਬਨਾਉਣ ਲਈ ਹਰ ਕੋਸ਼ਿਸ਼ ਕਰਨਗੇ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਮਾਜਿਕ ਸੁਰੱਖਿਆ ਅਤੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਐਸ ਕੇ ਸੰਧ, ਪ੍ਰਮੁੱਖ ਸਕੱਤਰ  ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ, ਸਕੱਤਰ ਖਰਚਾ ਸ੍ਰੀ ਜਸਪਾਲ ਸਿੰਘ ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ ਸ੍ਰੀ ਗੁਰਕੀਰਤ ਕਿਰਪdਾਲ ਸਿੰਘ ਸ਼ਾਮਲ ਸਨ।