ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 35 ਸਾਲ ਪਹਿਲਾਂ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸੁਰੱਖਿਆ ਹਟਾਏ ਜਾਣ ਨੂੰ ਸਿਰਫ ਇਕ ਸੰਜੋਗ ਮੰਨਣ ਤੋਂ ਇਨਕਾਰ ਕਰਦੇ ਹੋਏ ਦੋਸ਼ ਲਾਇਆ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਹੱਤਿਆ ਕਰਵਾਈ ਜਾ ਸਕੇ। ਰਾਹੁਲ ਨੇ ਇਹ ਟਿੱਪਣੀ ਆਪਣੀ ਮਾਤਾ ਸੋਨੀਆ ਗਾਂਧੀ ਤੇ ਭੈਣ ਪ੍ਰਿਅੰਕਾ ਗਾਂਧੀ ਨਾਲ ਗੱਲਬਾਤ ਦੌਰਾਨ ਕੀਤੀ। ਇਸ ਗੱਲਬਾਤ ਦੀ ਇਕ ਵੀਡੀਓ ਮੰਗਲਵਾਰ ਕਾਂਗਰਸ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਕੀਤੀ ਗਈ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਹਟਾਏ ਜਾਣਾ ਕੋਈ ਹਾਦਸਾ ਨਹੀਂ ਸੀ। ਉਨ੍ਹਾਂ ਦੀ ਹੱਤਿਆ ਲਈ ਉਨ੍ਹਾਂ ਵਿਰੁੱਧ ਮਾਹੌਲ ਬਣਾਇਆ ਗਿਆ ਸੀ। ਵੀਡੀਓ ’ਚ ਸੋਨੀਆ ਗਾਂਧੀ ਨੇ 35 ਸਾਲ ਪਹਿਲਾਂ ਰਾਜੀਵ ਗਾਂਧੀ ਦੇ ਬਿਹਾਰ ਦੌਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਇਕ ਖੁੱਲ੍ਹੀ ਜੀਪ ’ਚ ਸਨ ਤੇ ਉਨ੍ਹਾਂ ’ਤੇ ਪੱਥਰ ਸੁੱਟੇ ਗਏ ਸਨ। ਆਪਣੀ ਮਾਂ ਨਾਲ ਹੋਏ ਸਲੂਕ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਵੇਖਿਆ ਕਿ ਕਿਸ ਤਰ੍ਹਾਂ ਉੁਨ੍ਹਾਂ ਦੀ ਮਾਂ ਦਾ ਅਪਮਾਨ ਕੀਤਾ ਗਿਆ। ਰਾਜੀਵ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ 1989 ’ਚ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਐੱਸ. ਪੀ. ਜੀ. ਦੀ ਸੁਰੱਖਿਆ ਵਾਪਸ ਲੈ ਲਈ ਸੀ।
ਇਸ ਦੀ ਥਾਂ ਉਨ੍ਹਾਂ ਨੂੰ ਘੱਟ ਸੁਰੱਖਿਆ ਵਾਲਾ ਕਵਰ ਪ੍ਰਦਾਨ ਕੀਤਾ ਗਿਆ। ਇਸ ਤੋਂ ਬਾਅਦ 21 ਮਈ, 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ’ਚ ਇਕ ਚੋਣ ਜਲਸੇ ਦੌਰਾਨ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਦੇ ਆਤਮਘਾਤੀ ਹਮਲਾਵਰ ਵੱਲੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ‘ਤੇਰਾ ਚਾਚਾ ਚੋਰ ਹੈ’ ਕਹਿਣ ਵਾਲੇ ਮੁੰਡੇ ਨੂੰ ਪ੍ਰਿਅੰਕਾ ਨੇ ਸਕੂਲ ’ਚ ਥੱਪੜ ਮਾਰਿਆ ਸੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਦੱਸਿਆ ਕਿ ਐਮਰਜੈਂਸੀ ਤੋਂ ਬਾਅਦ ਜਦੋਂ ਉਨ੍ਹਾਂ ਦੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1977 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸਨ ਤਾਂ ਸਕੂਲ ’ਚ ਇਕ ਮੁੰਡੇ ਨੇ ਉਨ੍ਹਾਂ ਦੇ ਚਾਚਾ ਸੰਜੇ ਗਾਂਧੀ ਬਾਰੇ ਟਿੱਪਣੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਉਸ ਨੂੰ ਥੱਪੜ ਮਾਰਨ ਲਈ ਮਜਬੂਰ ਹੋਣਾ ਪਿਆ ਸੀ।
ਪ੍ਰਿਅੰਕਾ ਨੇ ਆਪਣੀ ਮਾਤਾ ਸੋਨੀਆ ਤੇ ਭਰਾ ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਇਹ ਘਟਨਾ ਸਾਂਝੀ ਕੀਤੀ। ਵੀਡੀਓ ’ਚ ਪ੍ਰਿਅੰਕਾ ਨੇ ਕਿਹਾ ਕਿ ਇਕ ਮੁੰਡਾ ਸਕੂਲ ’ਚ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਾ ਕਿ ਤੇਰਾ ਚਾਚਾ ਸੰਜੇ ਗਾਂਧੀ ਜੇਲ ’ਚ ਹੈ, ਤੇਰਾ ਚਾਚਾ ਚੋਰ ਹੈ। ਮੈਂ ਉਸ ਨੂੰ ਥੱਪੜ ਮਾਰਿਆ। ਉਹ ਰੋਣ ਲੱਗ ਪਿਆ ਤੇ ਅਧਿਆਪਕ ਕੋਲ ਚਲਾ ਗਿਆ। ਇਸ ਤੋਂ ਬਾਅਦ ਮੈਨੂੰ ਝਿੜਕਿਆ ਗਿਆ ਸੀ।















