ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਚੀਨ, ਭਾਰਤ, ਯੂਰਪੀ ਸੰਘ ਅਤੇ ਦੁਨੀਆ ਦੇ ਦਰਜਨਾਂ ਹੋਰ ਵਪਾਰਕ ਭਾਈਵਾਲਾਂ ’ਤੇ ਨਵੀਂ ਦਰਾਮਦ ਡਿਊਟੀ ਲਗਾਉਣ ਦੀਆਂ ਤਿਆਰੀਆਂ ਕਾਰਨ ਵਿਸ਼ਵ ਸ਼ੇਅਰ ਬਾਜ਼ਾਰਾਂ ਵਿਚ ਇਕ ਵਾਰ ਫਿਰ ਬੇਚੈਨੀ ਵਧ ਗਈ ਹੈ।
ਮੰਗਲਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕ ਅੰਕਾਂ ’ਤੇ ਗਿਰਾਵਟ ਦਾ ਦਬਾਅ ਰਿਹਾ। ਨਿਵੇਸ਼ਕਾਂ ਨੇ ਪਿਛਲੇ ਕਾਰੋਬਾਰੀ ਸੈਸ਼ਨ ਦੇ ਵੱਡੇ ਵਾਧੇ ਤੋਂ ਬਾਅਦ ਮੁਨਾਫ਼ਾ ਵਸੂਲੀ ਕੀਤੀ ਅਤੇ ਨਵੇਂ ਟੈਰਿਫ਼ ਲਾਗੂ ਹੋਣ ਦੇ ਖਦਸ਼ੇ ਦਰਮਿਆਨ ਸਾਵਧਾਨੀ ਵਾਲਾ ਰੁਖ਼ ਅਪਣਾਇਆ। ਸਟੈਂਡਰਡ ਐਂਡ ਪੂਅਰਜ਼ (ਐੱਸ. ਐਂਡ ਪੀ.) 500 ਦੇ ਫਿਊਚਰਜ਼ ਕਾਰੋਬਾਰ ’ਚ 1.25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ‘ਦਿ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਮੁਤਾਬਕ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਇਸ ਹਫ਼ਤੇ ਵਿਦੇਸ਼ੀ ਉਦਯੋਗਿਕ ਸਬਸਿਡੀ ਸਬੰਧੀ ਕਈ ਮਹੀਨਿਆਂ ਤੋਂ ਚੱਲ ਰਹੀ ਜਾਂਚ ਦੇ ਨਤੀਜੇ ਜਾਰੀ ਕਰ ਸਕਦੇ ਹਨ। ਗ੍ਰੀਰ ਦਾ ਦੋਸ਼ ਹੈ ਕਿ ਚੀਨ, ਯੂਰਪੀ ਸੰਘ ਅਤੇ 14 ਹੋਰ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਉਦਯੋਗਾਂ ਨੂੰ ਭਾਰੀ ਸਹਾਇਤਾ ਦੇ ਰਹੀਆਂ ਹਨ।
ਚੀਨ ’ਤੇ ਸਭ ਤੋਂ ਵੱਧ ਡਿਊਟੀ ਦਾ ਖ਼ਤਰਾ
ਪ੍ਰਸਤਾਵਿਤ ਟੈਰਿਫ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਦੇ ਸਾਰੇ 27 ਮੈਂਬਰ ਦੇਸ਼ਾਂ ਸਮੇਤ ਦਰਜਨਾਂ ਅਰਥਵਿਵਸਥਾਵਾਂ ਦੇ ਜ਼ਿਆਦਾਤਰ ਉਤਪਾਦਾਂ ’ਤੇ ਲਾਗੂ ਹੋ ਸਕਦੇ ਹਨ। ਹਾਲਾਂਕਿ, ਸਟੀਲ, ਐਲੂਮੀਨੀਅਮ ਅਤੇ ਵਾਹਨ ਖੇਤਰ ਨੂੰ ਇਸ ਤੋਂ ਬਾਹਰ ਰੱਖਿਆ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ’ਤੇ ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਵੱਖਰੇ ਤੌਰ ’ਤੇ ਡਿਊਟੀਆਂ ਲਾਗੂ ਹਨ।
ਅਮਰੀਕਾ ਨਾਲ ਪਹਿਲਾਂ ਵਪਾਰ ਸਮਝੌਤੇ ਕਰ ਚੁੱਕੇ ਯੂਰਪੀ ਸੰਘ, ਜਾਪਾਨ ਅਤੇ ਦੱਖਣੀ ਕੋਰੀਆ ਲਈ ਡਿਊਟੀ ਦਰ 15 ਫੀਸਦੀ ਜਾਂ ਇਸ ਤੋਂ ਘੱਟ ਰੱਖੇ ਜਾਣ ਦੀ ਸੰਭਾਵਨਾ ਹੈ। ਉਥੇ ਭਾਰਤ ਅਤੇ ਵੀਅਤਨਾਮ ’ਤੇ ਉਨ੍ਹਾਂ ਨਾਲ ਹੋਏ ਸਮਝੌਤਿਆਂ ਦੇ ਆਧਾਰ ’ਤੇ ਵਧੇਰੇ ਡਿਊਟੀ ਲਗਾਈ ਜਾ ਸਕਦੀ ਹੈ। ਚੀਨ ਨੂੰ ਆਪਣੀ ਉਦਯੋਗਿਕ ਸਬਸਿਡੀ ਦੇ ਵੱਡੇ ਪੱਧਰ ਕਾਰਨ ਸਭ ਤੋਂ ਉੱਚੀਆਂ ਡਿਊਟੀ ਦਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਵੇਸ਼ਕਾਂ ਦੀ ਚਿੰਤਾ ਵਧੀ, ਬਾਜ਼ਾਰ ਵਿਚ ਸਾਵਧਾਨੀ
ਨਵੀਆਂ ਡਿਊਟੀਆਂ ਦੇ ਖਦਸ਼ੇ ਨਾਲ ਨਿਵੇਸ਼ਕਾਂ ਨੂੰ ਡਰ ਹੈ ਕਿ ਵਿਸ਼ਵ ਵਪਾਰ ’ਚ ਮੁੜ ਤਣਾਅ ਵਧ ਸਕਦਾ ਹੈ। ਇਸ ਨਾਲ ਕੰਪਨੀਆਂ ਦੀ ਲਾਗਤ, ਸਪਲਾਈ ਚੇਨ ਅਤੇ ਅੰਤਰਰਾਸ਼ਟਰੀ ਕਾਰੋਬਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਬਾਜ਼ਾਰ ਪਹਿਲਾਂ ਹੀ ਪਿਛਲੇ ਸੈਸ਼ਨ ਦੀ ਤੇਜ਼ੀ ਨੂੰ ਬਰਕਰਾਰ ਰੱਖਣ ਲਈ ਜੱਦੋ-ਜਹਿਦ ਕਰ ਰਹੇ ਸਨ। ਅਜਿਹੇ ’ਚ ਨਵੇਂ ਟੈਰਿਫ਼ ਦੀਆਂ ਖ਼ਬਰਾਂ ਨੇ ਸ਼ੇਅਰਾਂ ਦੀ ਖ਼ਰੀਦਦਾਰੀ ਨੂੰ ਕਮਜ਼ੋਰ ਕਰ ਦਿੱਤਾ।
ਇਸ ਘਟਨਾਚੱਕਰ ਦਰਮਿਆਨ ਅਮਰੀਕਾ ’ਚ ਨਵੀਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਨਸਨ ਹੁਆਂਗ ਅਤੇ ਚੀਨ ਵਿਚ ਉੱਨਤ ਏ. ਆਈ. ਚਿਪਸ ਦੀ ਕਥਿਤ ਸਮੱਗਲਿੰਗ ਨੂੰ ਲੈ ਕੇ ਵੀ ਸਿਆਸੀ ਵਿਵਾਦ ਡੂੰਘਾ ਹੋਇਆ ਹੈ। ਦੋ-ਪਾਰਟੀ ਪੱਧਰ ’ਤੇ ਉੱਠ ਰਹੇ ਸਵਾਲਾਂ ਦਰਮਿਆਨ ਵਪਾਰ ਜਾਂਚ ਰਿਪੋਰਟ ਜਾਰੀ ਹੋਣ ਨਾਲ ਪ੍ਰਸ਼ਾਸਨ ਦਾ ਧਿਆਨ ਇਸ ਵਿਵਾਦ ਤੋਂ ਹਟਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਹਾਲਾਂਕਿ, ਨਿਵੇਸ਼ਕਾਂ ਲਈ ਫਿਲਹਾਲ ਸਭ ਤੋਂ ਵੱਡੀ ਚਿੰਤਾ ਨਵੀਆਂ ਡਿਊਟੀਆਂ ਤੋਂ ਪੈਦਾ ਹੋਣ ਵਾਲਾ ਵਿਸ਼ਵ ਵਪਾਰ ਤਣਾਅ ਹੈ।















