ਨਵੀਂ ਦਿੱਲੀ : ਮੁੱਖ ਮੰਤਰੀ ਕੇਜਰੀਵਾਲ ਦੇ ਦਫਤਰ ਵਿੱਚ ਮਾਰੇ ਸੀਬੀਆਈ ਛਾਪੇ ਮਗਰੋਂ ਦਿੱਲੀ ਸਰਕਾਰ ਨੇ ਸੀਬੀਆਈ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਨੇ ਕਿਹਾ ਹੈ ਕਿ ਸੀਬੀਆਈ ਨੇ ਉਨ੍ਹਾਂ ਦੇ ਦਫਤਰ ‘ਤੇ ਛਾਪਾ ਮਾਰਿਆ ਪਰ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਹੈ ਕਿ ਜੇਕਰ ਸੀਬੀਆਈ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਦੀ ਹੈ ਤਾਂ ਉਸ ਨੂੰ ਉੱਥੋਂ ਚਾਰ ਮਫਲਰ ਮਿਲ ਜਾਣੇ ਸੀ। ਕੇਜਰੀਵਾਲ ਨੂੰ ਲੋਕ ‘ਮਫਲਰਮੈਨ’ ਵੀ ਕਹਿੰਦੇ ਹਨ। ਉਧਰ ਮਨੀਸ਼ ਸਿਸੋਦੀਆ ਨੇ ਸੀਬੀਆਈ ‘ਤੇ ਦੋਸ਼ ਲਾਇਆ ਹੈ ਕਿ ਉਹ ਕੇਜਰੀਵਾਲ ਸਰਕਾਰ ਨੂੰ ਬਦਨਾਮ ਕਰਨ ਲਈ ਗੁਪਤ ਖਬਰਾਂ ਮੀਡੀਆ ਕੋਲ ਲੀਕ ਕਰ ਰਹੀ ਹੈ। ਕੇਜਰੀਵਾਲ ਨੇ ਵੀ ਇਲਜ਼ਾਮ ਲਾਇਆ ਹੈ ਕਿ ਕੁਝ ਮੀਡੀਆ ਹਾਊਸ ਜੇਤਲੀ ਨੂੰ ਨਿਰਦੋਸ਼ ਸਾਬਤ ਕਰਨ ਵਿਚ ਜੁਟੇ ਹੋਏ ਹਨ।















