ਚੰਡੀਗੜ੍ਹ : ਪੰਜਾਬ ਸਰਕਾਰ ਕਿਸਾਨਾ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਖੇਤੀਬਾੜੀ ਵਿੰਭਿਨਤਾ ਅਧੀਨ ਮੱਛੀ ਪਾਲਣ ਨੂੰ ਸੂਬਾ ਪੱਧਰ ਤੇ ਵਿਕਸਿਤ ਕਰ ਰਹੀ ਹੈ। ਮੱਛੀ ਪਾਲਣ ਨੂੰ ਪ੍ਰਫੁੱਲਿਤ ਕਰਨ ਲਈ ਸੇਮ ਦੇ ਇਲਾਕਿਆਂ ਲਈ 90% ਤੱਕ ਸਬਸਿਡੀ ਅਤੇ ਹੋਰ ਇਲਾਕਿਆਂ ਨੂੰ 50% ਸਬਸਿਡੀ ਮੁਹੱਈਆ ਕਰਵਾ ਰਹੀ ਹੈ।ਸੂਬੇ ਵਿਚ ਹੁੱਣ ਤੱਕ 38,000 ਏਕੜ੍ਹ ਰਕਬਾ ਮੱਛੀ ਪਾਲਣ ਅਧੀਨ ਲਿਆਦਾ ਗਿਆ ਹੈ ਜਿਸ ਸਦਕਾ ਪੂਰੇ ਦੇਸ਼ ਵਿੱਚ ਮੱਛੀ ਦੀ ਪੈਦਾਵਾਰ ਲਈ ਪੰਜਾਬ ਪਹਿਲੇ ਨੰਬਰ ਤੇ ਹੈ। ਜੱਦਕਿ ਦੇਸ਼ ਵਿੱਚ ਔਸਤ ਮੱਛੀ ਉਤਪਾਦਨ ਪ੍ਰਤੀ ਹੈਕਟੇਅਰ ਪ੍ਰਤੀ ਸਾਲ 3 ਟਨ ਹੈ ਅਤੇ ਪੰਜਾਬ ਵਿੱਚ ਇਹ 6.5 ਟਨ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਸੁਚਾਰੂ ਉਪਰਾਲਿਆਂ ਸਦਕਾ ਬਠਿੰਡਾ ਵਿਖੇ ਇਕ ਖੇਤਰੀ ਮੱਛੀ ਖੋਜ ਸੰਸਥਾ ਸੀਫਾ ਸਥਾਪਿਤ ਕੀਤਾ ਜਾ ਰਹੀ ਹੈ।ਜਿਸ ਦੁਆਰਾ ਆਧੁਨਿਕ ਤਕਨੀਕਾਂ ਨਾਲ ਸੂਬੇ ਵਿਚ ਮੱਛੀ ਦੀ ਪੈਦਾਵਾਰ ਵਧਾਈ ਜਾਵੇਗੀ।ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮੱਛੀ ਕਾਸ਼ਤਕਾਰਾਂ ਦੀ ਸਹੂਲਤਾਂ ਲਈ 4 ਨਵੀਆਂ ਆਧੁਨਿਕ ਮਿੱਟੀ ਅਤੇ ਪਾਣੀ ਨੂੰ ਟੈਸਟ ਕਰਨ ਲਈ ਲੈਬਾਰਟਰੀਆਂ ਸਥਾਪਤ ਕਰਨ ਲਈ ਮੰਨਜੂਰੀ ਦੇ ਦਿੱਤੀ ਹੈ। ਪਹਿਲੀ ਲੈਬਾਰਟਰੀ ਸਰਕਾਰੀ ਮੱਛੀ ਪੂੰਗ ਫਾਰਮ, ਢੰਡੂਆ ਜਿਲ੍ਹਾ ਨਵਾਂ ਸ਼ਹਿਰ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਵੀ ਆਧੁਨਿਕ ਮੱਛੀ ਮੰਡੀਆਂ ਬਣ ਕੇ ਤਿਆਰ ਹੋ ਗਈਆਂ ਹਨ। ਜਿਨ੍ਹਾਂ ਨੂੰ ਜਲਦੀ ਹੀ ਮੱਛੀ ਕਿਸਾਨਾਂ/ ਮੱਛੀ ਵਿਕਰੇਤਾਵਾਂ ਨੂੰ ਅਲਾਟ ਕੀਤੀਆਂ ਜਾ ਰਹੀਆਂ ਹਨ ।
ਉਨਾਂ ਅੱਗੇ ਦੱਸਿਆ ਕਿ ਮੱਛੀ ਕਾਸ਼ਤਕਾਰਾਂ ਨੂੰ ਵੱਧ ਉਤਪਾਦਨ ਲੈਣ ਲਈ ਮਾਹਿਰਾਂ ਦੁਆਰਾ ਸਿਫਾਰਸ਼ਾਂ ਨੂੰ ਆਪਣੇ ਤਲਾਬਾਂ ਉਪਰ ਲਾਗੂ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਤਲਾਬ ਵਿੱਚ ਪਾਣੀ ਦੇ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਸਮੇਂ-ਸਮੇਂ ਸਿਰ ਪਾਣੀ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਤਲਾਬ ਵਿੱਚ ਉਚਿਤ ਮਾਤਰਾ ਵਿੱਚ ਮੱਛੀ ਪੂੰਗ ਦੀ ਸਟਾਕਿੰਗ ਕਰਨੀ ਚਾਹੀਦੀ ਹੈ। ਇਸ ਨੂੰ ਤਕਨੀਕੀ ਅਧਾਰ ਤੇ ਸੰਤੁਲਿਤ ਪ੍ਰੋਟੀਨ ਫੀਡ ਪਾਉਣੀ ਚਾਹੀਦੀ ਹੈ। ਸਮੇਂ ਸਿਰ ਤਲਾਬ ਵਿੱਚ ਅਣਚਾਹੇ ਕੀੜਿਆਂ ਦਾ ਖਾਤਮਾ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਮੱਛੀ ਦੀ ਸਿਹਤ ਲਈ ਪੋਟਾਸ਼ੀਅਮ ਪਰਮੈਂਗਨੇਟ ਅਤੇ ਚੂਨੇ ਦੀ ਵਰਤੋਂ ਕਰਨੀ ਲਾਹੇਵੰਦ ਹੁੰਦੀ ਹੈ।















