ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ’ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦੇ ਬਾਵਜੂਦ ਹਾਈਕਮਾਨ ਵੱਲੋਂ ਅਜੇ ਤੱਕ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ। ਦਿੱਲੀ ’ਚ ਲਗਾਤਾਰ ਹੋਈਆਂ ਮੀਟਿੰਗਾਂ, ਆਬਜ਼ਰਵਰਾਂ ਦੀ ਰਿਪੋਰਟ ਤੇ ਸੀਨੀਅਰ ਆਗੂਆਂ ਨਾਲ ਵਿਸਥਾਰ ਪੂਰਵਕ ਮੰਥਨ ਤੋਂ ਬਾਅਦ ਵੀ ਨਵੀਂ ਟੀਮ ਜਾਂ ਪ੍ਰਦੇਸ਼ ਪ੍ਰਧਾਨ ਨੂੰ ਲੈ ਕੇ ਐਲਾਨ ਨਾ ਹੋਣ ਕਾਰਨ ਸਿਆਸੀ ਗਲਿਆਰਿਆਂ ’ਚ ਅਟਕਲਾਂ ਦਾ ਦੌਰ ਹੋਰ ਤੇਜ਼ ਹੋ ਗਿਆ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਮਗਰੋਂ ਹੀ ਪੰਜਾਬ ਕਾਂਗਰਸ ਨੂੰ ਨਵੀਂ ਲੀਡਰਸ਼ਿਪ ਮਿਲੇਗੀ? ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਤੱਕ ਪੰਜਾਬ ਦੇ ਆਬਜ਼ਰਵਰਾਂ ਦੀ ਰਿਪੋਰਟ ਪਹੁੰਚ ਚੁੱਕੀ ਹੈ ਅਤੇ ਇਸ ’ਤੇ ਵਿਸਥਾਰ ਨਾਲ ਚਰਚਾ ਵੀ ਹੋ ਚੁੱਕੀ ਹੈ। ਰਾਹੁਲ ਗਾਂਧੀ ਨੇ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਵੱਖ-ਵੱਖ ਮੁਲਾਕਾਤਾਂ ਦੌਰਾਨ ਸਪੱਸ਼ਟ ਕੀਤਾ ਕਿ ਫ਼ੈਸਲਾ ਪਾਰਟੀ ਦੇ ਸਰਵੇਖਣ ਤੇ ਗਰਾਊਂਡ ਰਿਪੋਰਟਾਂ ਦੇ ਆਧਾਰ ’ਤੇ ਹੀ ਲਿਆ ਜਾਵੇਗਾ। ਨਾਲ ਹੀ ਆਗੂਆਂ ਨੂੰ ਸੰਦੇਸ਼ ਵੀ ਦਿੱਤਾ ਗਿਆ ਕਿ ਹਾਈਕਮਾਨ ਦੇ ਅੰਤਿਮ ਫ਼ੈਸਲੇ ਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਹੋਵੇਗਾ। ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਦੌਰਾਨ ਵੀ ਦਿੱਲੀ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਪੰਜਾਬ ਨਾਲ ਸਬੰਧਿਤ ਆਗੂਆਂ ਨੇ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂੰਗੋਪਾਲ ਨਾਲ ਵੀ ਮੀਟਿੰਗਾਂ ਕੀਤੀਆਂ।
ਹਾਲਾਂਕਿ ਇਹ ਸੰਕੇਤ ਮਿਲੇ ਕਿ ਫ਼ੈਸਲਾ ਅੰਤਿਮ ਪੜਾਅ ’ਚ ਹੈ ਪਰ ਅਜੇ ਤੱਕ ਕਿਸੇ ਵੀ ਨਾਂ ’ਤੇ ਅਧਿਕਾਰਤ ਮੋਹਰ ਨਹੀਂ ਲੱਗੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਹਾਈਕਮਾਨ ਇਸ ਵਾਰ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲੈਣਾ ਚਾਹੁੰਦੀ, ਜਿਸ ਨਾਲ ਪਾਰਟੀ ਅੰਦਰ ਨਵੀਂ ਧੜੇਬੰਦੀ ਜਾਂ ਨਾਰਾਜ਼ਗੀ ਪੈਦਾ ਹੋਵੇ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੰਦਰੂਨੀ ਖਿੱਚੋਤਾਣ ਕਾਰਨ ਹੋਏ ਨੁਕਸਾਨ ਨੂੰ ਦੇਖਦਿਆਂ ਕਾਂਗਰਸ ਇਸ ਵਾਰ ਹਰ ਸਮਾਜਿਕ, ਖੇਤਰੀ ਤੇ ਸਿਆਸੀ ਸਮੀਕਰਨ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵੱਧ ਰਹੀ ਹੈ। ਇਸ ਦੌਰਾਨ ਮੌਜੂਦਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਲਗਾਤਾਰ ਚਰਚਾ ’ਚ ਹਨ। ਹਾਲਾਂਕਿ ਪਾਰਟੀ ਵੱਲੋਂ ਕਿਸੇ ਵੀ ਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਪਹਿਲਾਂ ਚੰਨੀ ਦਾ ਨਾਂ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਪਿਛਲੇ ਕੁੱਝ ਦਿਨਾਂ ’ਚ ਚਰਚਾ ਦਾ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਪਾਰਟੀ ਸਮਾਜਿਕ ਤੇ ਖੇਤਰੀ ਸੰਤੁਲਨ ਨੂੰ ਧਿਆਨ ’ਚ ਰੱਖ ਕੇ ਨਵੀਂ ਟੀਮ ਦਾ ਗਠਨ ਕਰ ਸਕਦੀ ਹੈ।
ਇਸੇ ਦੌਰਾਨ ਡਾ. ਧਰਮਵੀਰ ਗਾਂਧੀ ਦੀ ਸੋਸ਼ਲ ਮੀਡੀਆ ਪੋਸਟ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀਆਂ ਟਿੱਪਣੀਆਂ ਨੇ ਵੀ ਚਰਚਾ ਨੂੰ ਹੋਰ ਹਵਾ ਦਿੱਤੀ। ਹਾਲਾਂਕਿ ਬਾਅਦ ’ਚ ਉਹ ਪੋਸਟ ਹਟਾ ਦਿੱਤੀ ਗਈ ਪਰ ਇਸ ਨਾਲ ਇਹ ਸੰਕੇਤ ਜ਼ਰੂਰ ਮਿਲੇ ਕਿ ਪਾਰਟੀ ਅੰਦਰ ਵਿਚਾਰ-ਵਟਾਂਦਰਾ ਅਜੇ ਵੀ ਜਾਰੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਕੋਈ ਵੀ ਜੋਖ਼ਮ ਨਹੀਂ ਲੈਣਾ ਚਾਹੁੰਦੀ। ਇਸੇ ਕਾਰਨ ਹਾਈਕਮਾਨ ਹਰ ਪੱਖ ਨੂੰ ਸੰਤੁਸ਼ਟ ਕਰਕੇ ਹੀ ਨਵੀਂ ਲੀਡਰਸ਼ਿਪ ਦਾ ਐਲਾਨ ਕਰਨਾ ਚਾਹੁੰਦੀ ਹੈ, ਤਾਂ ਜੋ ਐਲਾਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਵਿਵਾਦ ਜਾਂ ਬਗਾਵਤ ਸਾਹਮਣੇ ਨਾ ਆਵੇ। ਫਿਲਹਾਲ ਪਾਰਟੀ ਵਰਕਰਾਂ ਅਤੇ ਆਗੂਆਂ ਦੀਆਂ ਨਜ਼ਰਾਂ ਦਿੱਲੀ ਵੱਲ ਟਿਕੀਆਂ ਹਨ। ਹਰ ਰੋਜ਼ ਨਵੀਂ ਸੂਚੀ ਆਉਣ ਦੀ ਚਰਚਾ ਹੁੰਦੀ ਹੈ ਪਰ ਇੰਤਜ਼ਾਰ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਹੈ। ਹੁਣ ਸਭ ਦੀ ਨਜ਼ਰ ਰਾਹੁਲ ਗਾਂਧੀ ਦੀ ਭਾਰਤ ਵਾਪਸੀ ’ਤੇ ਹੈ। ਉਨ੍ਹਾਂ ਦੀ ਵਾਪਸੀ ਤੋਂ ਤੁਰੰਤ ਬਾਅਦ ਨਵੀਂ ਲੀਡਰਸ਼ਿਪ ਦਾ ਐਲਾਨ ਹੁੰਦਾ ਹੈ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਹਾਈਕਮਾਨ ਨੇ ਲੰਬੇ ਮੰਥਨ ਤੋਂ ਬਾਅਦ ਹਰ ਸਮੀਕਰਨ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਕੀਤਾ ਹੈ। ਨਹੀਂ ਤਾਂ ਪੰਜਾਬ ਕਾਂਗਰਸ ’ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਸਸਪੈਂਸ ਹੋਰ ਗਹਿਰਾ ਹੋ ਸਕਦਾ ਹੈ।















