ਨੈਸ਼ਨਲ ਡੈਸਕ- ਆਸਾਮ ਤੋਂ ਇਕ ਵੱਡੀ ਖ਼ਬਰ ਮਿਲੀ ਹੈ, ਜਿੱਥੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਸੰਗਠਨ ਉਲਫਾ (ਆਈ) ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਤਿਨਸੁਕੀਆ ਸ਼ਹਿਰ ’ਚ ਲੋਕਾਂ ਦਾ ਕਤਲ ਕਰ ਕੇ ਦਹਿਸ਼ਤ ਪੈਦਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ।
ਤਿਨਸੁਕੀਆ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਮਯੰਕ ਕੁਮਾਰ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਆਸਾਮ ਪੁਲਸ ਨੇ ਕੇਂਦਰੀ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਜਾਗੁਨ ਖੇਤਰ ’ਚ ਸਾਂਝੀ ਮੁਹਿੰਮ ਦੌਰਾਨ ਦੋਵਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਸੰਗਠਨ ਦੇ ਸਵੈ-ਘੋਸ਼ਿਤ ਸੈਕਿੰਡ ਲੈਫਟੀਨੈਂਟ ਸਿਓਰ ਅਸੋਮ ਉਰਫ ਹੁਮੇਨਜੋਤੀ ਬਰੂਆ ਅਤੇ ਮਨੋਜ ਅਸੋਮ ਉਰਫ ਪੱਪੂ ਮੋਰਾਨ ਵਜੋਂ ਹੋਈ ਹੈ।
ਦੋਵੇਂ ਤਿਨਸੁਕੀਆ ਜ਼ਿਲੇ ਦੇ ਵਸਨੀਕ ਹਨ। ਇਹ ਦੋਵੇਂ ਪਹਿਲਾਂ ਕਾਕੋਪਾਥਾਰ ਅਤੇ ਜਾਗੁਨ ’ਚ ਸੁਰੱਖਿਆ ਫੋਰਸਾਂ ’ਤੇ ਹੋਏ ਹਮਲਿਆਂ ’ਚ ਵੀ ਸ਼ਾਮਲ ਰਹੇ ਹਨ। ਗ੍ਰਿਫਤਾਰ ਅੱਤਵਾਦੀਆਂ ਦੇ ਕਬਜ਼ੇ ’ਚੋਂ 2 ਏ. ਕੇ.-56 ਰਾਈਫਲਾਂ, 172 ਕਾਰਤੂਸ, 2 ਹੈਂਡ ਗ੍ਰੇਨੇਡ, ਦਵਾਈਆਂ ਦੀ ਕਿੱਟ, ਸਰਿੰਜ, ਦਰਦ ਨਿਵਾਰਕ ਦਵਾਈਆਂ, ਜੰਗਲ ’ਚ ਲੰਬੇ ਸਮੇਂ ਤੱਕ ਰਹਿਣ ਲਈ ਖੁਰਾਕ ਸਮੱਗਰੀ, ਬੈਗ ਅਤੇ ਜੰਗ ਵਰਗੀ ਸਥਿਤੀ ’ਚ ਵਰਤਿਆ ਜਾਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ਗਿਆ।















