ਨਵੀਂ ਦਿੱਲੀ – ਆਸਾਮ ਦੇ ਇਕ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗੁਹਾਟੀ ’ਚ 4 ਹੋਟਲਾਂ ਤੇ ਮੁੰਬਈ ’ਚ 2 ਫਲੈਟਾਂ ਸਮੇਤ ਕੁੱਲ 53.28 ਕਰੋੜ ਰੁਪਏ ਦੀਆਂ ਜਾਇਦਾਦਾਂ ਆਰਜ਼ੀ ਤੌਰ ’ਤੇ ਕੁਰਕ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਈ. ਡੀ. ਅਨੁਸਾਰ, ਇਹ ਕਾਰਵਾਈ ਆਸਾਮ ਪੁਲਸ ਦੇ ਸੇਵਾਮੁਕਤ ਡੀ. ਆਈ. ਜੀ. ਪ੍ਰਸ਼ਾਂਤ ਕੁਮਾਰ ਦੱਤਾ ਖਿਲਾਫ ਕੀਤੀ ਗਈ ਹੈ, ਜੋ 2019 ’ਚ ਸੇਵਾਮੁਕਤ ਹੋਏ ਸਨ। ਏਜੰਸੀ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਗੁਹਾਟੀ ਦੇ 4 ਹੋਟਲ ਅਤੇ ਮੁੰਬਈ ਦੇ ਅੰਧੇਰੀ (ਪੱਛਮੀ) ਸਥਿਤ ‘ਸਮਰਥ ਦੀਪ’ ’ਚ ਦੋ ਰਿਹਾਇਸ਼ੀ ਫਲੈਟ ਸ਼ਾਮਲ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 53.28 ਕਰੋੜ ਰੁਪਏ ਹੈ।
ਇਹ ਮਾਮਲਾ ਆਸਾਮ ਭ੍ਰਿਸ਼ਟਾਚਾਰ ਵਿਰੋਧੀ ਅਤੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਨਾਲ ਸਬੰਧਤ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੱਤਾ ਨੇ 1992 ਅਤੇ 2019 ਦੇ ਵਿਚਕਾਰ ਆਪਣੀ ਨੌਕਰੀ ਦੌਰਾਨ ਆਮਦਨ ਦੇ ਜਾਇਜ਼ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ।















