ਪਿੰਡ ਦੀ ਸੱਥ ਵਿੱਚੋਂ (ਕਿਸ਼ਤ-267)

ਜਿਸ ਦਿਨ ਦਾ ਪਿੰਡ ‘ਚ ਡੋਲੂ ਵਾਲੇ ਸਾਧ ਦਾ ਰੌਲਾ ਪਿਆ ਉਸ ਦਿਨ ਤੋਂ ਸੱਥ ਵਿੱਚ ਉਹ ਬੰਦੇ ਵੀ ਹਾਜ਼ਰੀ ਭਰਨ ਲੱਗ ਪਏ ਜਿਹੜੇ ਕਦੇ ਸੱਥ ਕੋਲ ਦੀ ਕੱਟਾ ਲੈ ਕੇ ਵੀ ਨਹੀਂ ਸਨ ਲੰਘੇ। ਨੱਕੋ ਨੱਕ ਭਰੀ ਸੱਥ ‘ਚ ਆ ਕੇ ਤੇਲੀਆਂ ਦਾ ਸਿੱਧੇ ਸੁਭਾਅ ਦਾ ਮੁੰਡਾ ਫ਼ੱਤੂ ਬਾਬੇ ਨਿਰੰਜਨ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਮੈਂ ਕਈਆਂ ਦਿਨਾਂ ਦਾ ਵੇਖਦਾਂ, ਸਾਰਾ ਪਿੰਡ ਈ ਹੁਣ ਸੱਥ ‘ਚ ਇਉਂ ਆ ਢੇਰੀ ਹੁੰਦਾ ਜਿਮੇਂ ਲੋਕ ਰਾਤ ਨੂੰ ਡੋਲੂ ਆਲੇ ਸਾਧ ਦੇ ਜਲਸੇ ‘ਚ ‘ਕੱਠੇ ਹੋ ਜਾਂਦੇ ਐ। ਹੁਣ ਤਾਂ ਲੱਗਦਾ ਜਿਮੇਂ ਸੱਥ ‘ਚ ਦਿਨੇ ਵੀ ਜਲਸਾ ਹੋਣ ਲੱਗ ਪਿਐ। ਡੋਲੂ ਆਲਾ ਸਾਧ ਸੱਥ ‘ਚ ਆਉਂਦਾ ਕੁ ਲੋਕ ਆਪ ਈ ਹਰਲੋ ਹਰਲੋ ਕਰ ਕੇ ਘਰੇ ਮੁੜ ਜਾਂਦੇ ਐ।?”
ਫ਼ੱਤੂ ਸਿੱਧੇ ਜੇ ਸੁਭਾਅ ਦਾ ਹੋਣ ਕਰ ਕੇ ਕਦੇ ਕਦੇ ਸਿਆਣੀ ਗੱਲ ਵੀ ਕਰ ਜਾਂਦਾ ਸੀ ਜਿਸ ਕਰ ਕੇ ਉਸ ਨੇ ਇਹ ਗੱਲ ਸਮਝ ਲਈ ਸੀ ਕਿ ਜਿਹੜਾ ਸੱਥ ‘ਚ ਅੱਗੇ ਨਾਲੋਂ ਵੱਧ ਇਕੱਠ ਹੋਣ ਲੱਗ ਪਿਆ, ਕੋਈ ਗੱਲ ਐ। ਪਰ ਉਸ ਨੂੰ ਡੋਲੂ ਵਾਲੇ ਸਾਧ ਬਾਰੇ ਪਏ ਰੌਲੇ ਦਾ ਉੱਕਾ ਹੀ ਪਤਾ ਨਹੀਂ ਸੀ।
ਬਾਬੇ ਨਿਰੰਜਨ ਸਿਉਂ ਨੇ ਬਜ਼ੁਰਗ ਅਵਸਥਾਂ ‘ਚੋਂ ਬੋਲਦਿਆਂ ਫ਼ੱਤੂ ਦੇ ਸਵਾਲ ਦਾ ਜਵਾਬ ਦਿੱਤਾ, ”ਹਾਂ ਫ਼ੱਤਿਆ! ਇਹ ਸੱਥ ਆਲਾ ਜਲਸਾ ਤਾਂ ਪੰਜ ਚਾਰ ਦਿਨ ਈ ਭਰੂ, ਫ਼ੇਰ ਤਾਂ ਮੂਹਰੇ ਹਾੜ੍ਹੀ ਦੀ ਵਾਢੀ ਆ ਜਾਣੀ ਐਂ ਫ਼ੇਰ ਕੀਹਨੇ ਆਉਣੈ ਸੱਥ ‘ਚ। ਫ਼ੇਰ ਤਾਂ ਆਪਣੇ ਅਰਗੇ ਵੇਲੜ੍ਹ ਈ ਆਉਣਗੇ। ਜਾਂ ਨਾਥਾ ਸਿਉਂ ਅਰਗੇ ਸੱਥ ਦੀ ਰੌਣਕ ਵਧਾਉਣਗੇ, ਬਾਕੀਆਂ ਨੇ ਤਾਂ ਫਿਰ ਕੰਮੀੰ ਧੰਦੀ ਵੜ ਜਾਣੈ।”
ਮਾਹਲੇ ਨੰਬਰਦਾਰ ਨੇ ਬਾਬੇ ਨਿਰੰਜਨ ਸਿਉਂ ਦੀ ਗੱਲ ‘ਚ ਗੱਲ ਤੋਰੀ, ”ਸਰੋਂ ਨੂੰ ਤਾਂ ਦਾਤੀ ਪੈ ਵੀ ਗਈ ਐ। ਵੱਸ! ਸਰੋਂ ‘ਕੱਠੀ ਕਰਦੇ ਕਰਦੇ ਕਣਕ ਦੀ ਵਢਾਈ ਸ਼ੁਰੂ ਹੋ ਜਾਣੀ ਐ।”
ਫ਼ੱਤੂ ਨੇ ਫ਼ੇਰ ਮੋੜੀ ਜਲਸੇ ਵੱਲ ਨੂੰ ਗੱਲ। ਬਾਬੇ ਨਿਰੰਜਨ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਰਾਤ ਆਲਾ ਜਲਸਾ ਬਾਬਾ ਬੰਦ ਹੋ ਗਿਆ ਕੁ ਉਹ ਵੀ ਲੱਗਦੈ?”
ਤਾਸ਼ ਦੀ ਬਾਜੀ ਛੱਡ ਕੇ ਸੀਤਾ ਮਰਾਸੀ ਫ਼ੱਤੂ ਤੇਲੀ ਕੋਲੇ ਆ ਕੇ ਕਹਿੰਦਾ, ”ਹੁਣ ਨ੍ਹੀ ਫ਼ੱਤਾ ਸਿਆਂ ਜਲਸਾ ਜੁਲਸਾ ਲੱਗਣਾ, ਹੁਣ ਤਾਂ ਡੋਲੂ ਆਲੇ ਸਾਧ ਦੀ ਕੱਢ ‘ਤੀ ਪਦੀੜ। ਅਗਲਿਆ ਨੇ ਘੜੀਸ ਘੜੀਸ ਇਉਂ ਝੰਬਿਆ ਜਿਮੇਂ ਘਰ ਦੇ ਵੇਹੜੇ ‘ਚ ਪਈਆਂ ਮੱਕੀ ਦੀਆਂ ਛੱਲੀਆਂ ਕੁੱਟੀ ਦੀਆਂ ਹੁੰਦੀ ਐ।”
ਸੀਤੇ ਮਰਾਸੀ ਦੀ ਚਲਦੀ ਗੱਲ ‘ਚ ਨਾਥੇ ਅਮਲੀ ਨੇ ਵੀ ਲਈ ਫ਼ਿਰ ਵਾਰੀ। ਗੱਲ ਕਰਨ ਨੂੰ ਪੈਰਾਂ ਭਾਰ ਹੋ ਕੇ ਕਹਿੰਦਾ, ”ਜਦੋਂ ਸਾਧ ਦੀਆਂ ਲੱਤਾਂ ਬੰਨ੍ਹ ਕੇ ਗੋਡਨੀਏ ਤੋਰਿਆ ਨਾਹ, ਸਾਧ ਇਉਂ ਚੀਕੇ ਜਿਮੇਂ ਕਿਸੇ ਦੀ ਚੰਗੀ ਪਾਲੀ ਹੋਈ ‘ਮਰੀਕਣ ਵੱਛੀ ਰੰਭਦੀ ਹੁੰਦੀ ਐ। ਜਦੋਂ ਸਾਧ ਦੇ ਗੋਡੇ ਛਿੱਲੇ ਗਏ ਤਾਂ ਸਾਧ ਮੱਲਮ ਮੰਗੇ। ਨੱਥੇ ਬਾਬੇ ਕਾ ਕੰਨੂੰ ਕਹਿੰਦਾ ‘ਸੰਘਾੜੇ ਦਾ ਆਟਾ ਲਿਆ ਕੇ ਮਲ਼ ਦਿਉ ਇਹਦੇ ਗੋਡਿਆਂ ‘ਤੇ। ਨਾਲੇ ਇਹ ਸੰਘਾੜੇ ਦੇ ਆਟੇ ਦੀ ਰੋਟੀ ਖਾਂਦਾ ਹੁੰਦੈ।”
ਬਾਬਾ ਨਿਰੰਜਨ ਸਿਉਂ ਕ੍ਰਿਪਾਲੇ ਬਾਵੇ ਕੇ ਤਾਰੇ ਨੂੰ ਕਹਿੰਦਾ, ”ਕਿਉਂ ਪੁੱਤ ਤਾਰ! ਤੂੰ ਤਾਂ ਫ਼ਿਰ ਵੀ ਵੇਖ ਲਾ ਉੱਥੇ ਰਾਤ ਆਲੇ ਜਲਸੇ ‘ਚ ਸੇਵਾ ਕਰਦਾ ਹੁੰਦਾ ਸੀ, ਇਹ ਗੱਲ ਕੀ ਬਣੀ। ਕਿੱਥੋਂ ਬਿਗੜੀ ਐ ਗੱਲ ਬਈ?”
ਤਾਰਾ ਬਾਬੇ ਨਿਰੰਜਨ ਸਿਉਂ ਦੀ ਗੱਲ ਸੁਣ ਕੇ ਕਹਿੰਦਾ, ”ਗੱਲ ਕਿੱਥੋਂ ਬਿਗੜਣੀ ਸੀ ਬਾਬਾ, ਇਹ ਸਾਧ ਜੇ ਆਪਣੇ ਲੋਕਾਂ ਨੇ ਈਂ ਵਗਾੜੇ ਐ। ਆਹ ਤਾਂਗੇ ਆਲੇ ਧੰਨੇ ਕੀ ਬੁੜ੍ਹੀ ਕਿਤੇ ਗਬੜੀ ‘ਚ ਸਾਧ ਦੇ ਡੇਰੇ ਦੁੱਧ ਲੈ ਗੀ।”
ਤਾਰੇ ਦੀ ਗੱਲ ਵਿੱਚੋਂ ਟੋਕ ਕੇ ਜੱਗਾ ਕਾਮਰੇਡ ਕਹਿੰਦਾ, ”ਗਬੜੀ ਨ੍ਹੀ ਓਏ, ਗੜਬੀ ਹੁੰਦੀ ਐ।”
ਚੱਲਦੀ ਗੱਲ ‘ਚ ਰਾਮ ਘਚੋਲਾ ਪਏ ਤੋਂ ਬਾਬਾ ਨਿਰੰਜਨ ਸਿਉਂ ਬੋਲਿਆ ਫ਼ਿਰ, ”ਓਏ ਚੁੱਪ ਵੀ ਕਰੋ ਯਾਰ, ਗੱਲ ਸੁਣ ਲੈਣ ਦਿਉ। ਆਵਦਾ ਈ ਟੱਟੂ ਦਵੱਲ ਤੁਰਦੇ ਐਂ ਵਿੱਚ। ਚੁੱਪ ਕਰੋ ਹੁਣ ਨਾ ਬੋਲਿਓ। ਹਾਂ ਬਈ ਤਾਰ, ਗਾਹਾਂ ਦੱਸ ਫਿਰ ਕਿਮੇਂ ਐਂ ਕਹਾਣੀ। ਅੱਛਿਆ ਪਹਿਲਾਂ ਇਉਂ ਦੱਸ ਬਈ ਇਹਨੂੰ ਡੋਲੂ ਆਲਾ ਸਾਧ ਕਿਉਂ ਕਹਿੰਦੇ ਐ?”
ਨਾਥੇ ਅਮਲੀ ਨੇ ਬਾਬੇ ਦੇ ਸਵਾਲ ‘ਤੇ ਭਰੀ ਫ਼ਿਰ ਹਾਮ੍ਹੀ, ”ਹਾਂ—। ਇਹੀ ਗੱਲ ਬਾਬਾ ਮੈਂ ਪੁੱਛਣ ਲੱਗਿਆ ਸੀ ਜਿਹੜੀ ਤੂੰ ਪੁੱਛ ਲੀ।”
ਤਾਰਾ ਫ਼ੇਰ ਉੱਧੜ ਪਿਆ ਗਲੋਟੇ ਦੇ ਘੂਰ ਵਾਂਗੂੰ। ਬਾਬੇ ਨੂੰ ਕਹਿੰਦਾ, ”ਓਹੀ ਗੱਲ ਦੱਸਣ ਲੱਗਿਆਂ ਬਾਬਾ। ਤੁਸੀਂ ਤਾਂ ਵਿੱਚ ਹੋਰ ਈ ਕੁਸ ਬੋਲਣ ਲੱਗ ਜਾਨੇਂ ਐ, ਮੈਂ ਗੱਲ ਦਸਦਾ ਦਸਦਾ ਭੁੱਲ ਜਾਨਾਂ, ਸੁਣ ਤਾਂ ਸਹੀ। ਮੈਂ ਗੱਲ ਕਰਨ ਲੱਗਿਆ ਸੀ ਬਈ ਦੁੱਧ ਆਲੀ ਗਬੜੀ ਦੀ। ਜਦੋਂ ਧੰਨੇ ਕੀ ਬੁੜ੍ਹੀ ਨੇ ਸਾਧ ਮੂਹਰੇ ਦੁੱਧ ਆਲੀ ਗਬੜੀ ਜਾ ਰੱਖੀ ਤਾਂ ਸਾਧ ਕਹਿੰਦਾ ‘ਗਬੜੀਆਂ ਗੁਬੜੀਆਂ ਨਾਲ ਨ੍ਹੀ ਬੀਬੀ ਕੰਮ ਚੱਲਦੇ ਹੁੰਦੇ। ਡੋਲੂਆਂ ‘ਚ ਲਿਆਇਆ ਕਰੋ ਦੁੱਧ। ਨਾਲੇ ਪਾਣੀ ਨਾ ਪਾਇਆ ਕਰੋ ਦੁੱਧ ‘ਚ, ਜਿਹੜੇ ਤਾਹਾਂ ਬਾਬੇ ਬੈਠੇ ਐ ਉਹ ਰੁੱਸ ਜਾਣਗੇ ਬਈ ਦੁੱਧ ਥੋੜ੍ਹੈ’। ਹੁਣ ਤੈਨੂੰ ਤਾਂ ਬਾਬਾ ਪਤਾ ਬਈ ਗਬੜੀ ‘ਚ ਤਾਂ ਪਾਈਆ ਅੱਧ ਪਾ ਦੁੱਧ ਪੈਂਦਾ, ਤੇ ਡੋਲੂ ‘ਚ ਦੋ ਸੇਰ ਵੀ ਪੈ ਜਾਂਦਾ ਕਿਸੇ ‘ਚ ਤਿੰਨ ਸੇਰ ਵੀ ਪੈ ਜਾਂਦਾ। ਆਹ ਬਾਬੇ ਬਹਾਲ ਸਿਉਂ ਕੇ ਚਾਰ ਸੇਰ ਆਲਾ ਡੋਲੂ ਵੀ ਐ। ਜੇ ਐਨਾਂ ਐਨਾਂ ਦੁੱਧ ਪਖੰਡੀਆਂ ਦੇ ਡੇਰਿਆਂ ‘ਤੇ ਚੜ੍ਹਾਉਣ ਲੱਗ ਗੇ ਤਾਂ ਏਥੇ ਤਾਂ ਹੋਰ ਵੀਹ ਪਖੰਡੀ ਜੰਮ ਪੈਣਗੇ। ਆਪਾਂ ਨੂੰ ਸਾਧ ਇਉਂ ਪਿੰਡੋਂ ਕੱਢ ਦੇਣਗੇ ਜਿਮੇਂ ਗੋਡੇ ਗੋਡੇ ਖੜ੍ਹੀ ਕਣਕ ‘ਚੋਂ ਗਾਈਆਂ ਦਾ ਵੱਗ ਕੱਢੀਦਾ ਹੁੰਦੈ। ਕਿਸੇ ਸਰਕਾਰ ਦਰਬਾਰ ਨੇ ਵੀ ਬਾਂਹ ਨ੍ਹੀ ਫ਼ੜਨੀ। ਸਰਕਾਰੇ ਦਰਬਾਰੇ ਵੀ ਸਾਧਾਂ ਦੀਓ ਈ ਚੱਲਦੀ ਐ। ਆਪਾਂ ਨੂੰ ਕੀਹਨੇ ਪੁੱਛਣੈ ਕਰਜਾਈ ਜੱਟਾਂ ਨੂੰ। ਨਾਲੇ ਹੁਣ ਗਰਮੀ ਦੀ ਰੁੱਤ ਐ। ਏਸ ਰੁੱਤ ‘ਚ ਮੱਝਾਂ ਦਾ ਸੂਆ ਵੀ ਘੱਟ ਈ ਪੈਂਦਾ। ਏਸ ਰੁੱਤ ‘ਚ ਕਿੱਥੇ ਹੁੰਦੈ ਦੁੱਧ ਕਿਸੇ ਦੇ। ਜੇ ਕਿਸੇ ਦੇ ਭੋਰਾ ਹੁੰਦੈ ਤਾਂ ਉਹ ਹੁਣ ਸਾਧ ਲੈ ਜਿਆ ਕਰੂ।”
ਬੁੱਘਰ ਦਖਾਣ ਕਹਿੰਦਾ, ”ਜੀਹਨੇ ਬਾਈ ਜੀ ਸਾਧ ਦੇ ਡੇਰੇ ਦੁੱਧ ਦੇ ਕੇ ਆਉਣੈ ਉਹ ਤਾਂ ਡੈਹਰੀ ‘ਚੋਂ ਮੁੱਲ ਲੈ ਕੇ ਵੀ ਦੇ ਆਊਗਾ।”
ਨਾਥਾ ਅਮਲੀ ਕਹਿੰਦਾ, ”ਜੇ ਕਿਸੇ ਦੇ ਦੁੱਧ ਘਰੇ ਹੋਊ ਤਾਂ ਹੀ ਡੈਹਰੀ ਪਾ ਕੇ ਆਊ। ਡੈਹਰੀ ‘ਚ ਵੀ ਦੁੱਧ ਕਿੱਥੋਂ ਆਊ। ਡੈਅਰੀ ਆਲਿਆਂ ਦੇ ਕਿਹੜੀ ਬਿੱਲੀ ਸੂਅ ਪੂ ਬਈ ਦੁੱਧ ਦੀਆਂ ਨਦੀਆਂ ਵਗਾ ਦੇਣਗੇ ਜੱਟ।”
ਫ਼ੱਤੂ ਫ਼ੇਰ ਬੋਲਿਆ ਬਾਬੇ ਨਿਰੰਜਣ ਸਿਉਂ ਨੂੰ, ”ਮੈਂ ਤਾਂ ਬਾਬਾ ਸੱਥ ਆਲੇ ਜਲਸੇ ਦੀ ਗੱਲ ਪੁੱਛੀ ਸੀ, ਆਹ ਤਾਏ ਨਾਥੇ ਅਰਗੇ ਹੋਰ ਈ ਪਾਸੇ ਗੱਲ ਤੋਰ ਕੇ ਲੈ ਗਏ।”
ਬਾਬਾ ਨਿਰੰਜਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਨਾਥਾ ਸਿਆਂ! ਆਹ ਫੱਤਾ ਸਿਉਂ ਦੀ ਗੱਲ ਸੁਣੋ ਬਈ। ਇਹ ਕਹਿੰਦਾ ਤਾਏ ਨਾਥੇ ਅਰਗੇ ਮੇਰੀ ਗੱਲ ਨ੍ਹੀ ਸੁਣਦੇ।”
ਨਾਥਾ ਅਮਲੀ ਫ਼ੱਤੂ ਨੂੰ ਕਹਿੰਦਾ, ”ਹਾਂ ਬਈ ਫ਼ੱਤੂ ਢੀਂਗਿਆ, ਤੂੰ ਦੱਸ ਕੀ ਕਹਿਣਾ ਚਾਹੁੰਨੈਂ?”
ਫ਼ੱਤੂ ਨੇ ਅਮਲੀ ਨੂੰ ਲਾਲ ਪੀਲਾ ਹੋ ਕੇ ਗੁੱਸੇ ‘ਚ ਪੁੱਛਿਆ, ”ਉਹ ਕੀ ਹੁੰਦੈ ਫ਼ੱਤੂ ਢੀਂਗਾ ਤਾਇਆ?”
ਮਾਹਲੇ ਨੰਬਰਦਾਰ ਨੇ ਫ਼ੱਤੂ ਨੂੰ ਵੇਖ ਲਿਆ ਬਈ ਇਹ ਫ਼ੱਤੂ ਢੀਂਗਾ ਕਹੇ ਤੋਂ ਖਿਝ ਗਿਆ ਲੱਗਦੈ। ਉਹ ਫ਼ੱਤੂ ਦੇ ਗੁੱਸੇ ਨੂੰ ਠੰਢਾ ਕਰਨ ਲਈ ਫੱ:ਤੂ ਨੂੰ ਕਹਿੰਦਾ, ”ਤੇਰੇ ਨਾਂਅ ‘ਤੇ ਤਾਂ ਫ਼ੱਤਾ ਸਿਆਂ ਪਿੰਡ ਬੱਝਿਆ ਵਿਆ ਫ਼ੱਤੂ ਢੀਂਗਾ, ਤਾਂ ਕਰ ਕੇ ਤੈਨੂੰ ਫ਼ੱਤੂ ਢੀਂਗਾ ਕਹਿ ‘ਤਾ ਇਹਨੇ। ਇਹ ਗਾਲ ਗੂਲ ਨ੍ਹੀ ਕੋਈ।”
ਫ਼ੱਤੂ ਗੁੱਸੇ ਆਇਆ ਫ਼ੇਰ ਬੋਲ ਪਿਆ ਨਾਥੇ ਅਮਲੀ ਨੂੰ, ”ਜੇ ਤਾਇਆ ਤੈਨੂੰ ਮੈਂ ਕੁਸ ਕਹਿ ‘ਤਾ ਤਾਂ ਤੂੰ ਮੇਰੀ ਗੱਲ ਦਾ ਗੁੱਸਾ ਕਰੇਂਗਾ। ਫ਼ੇਰ ਤੈਥੋਂ ਬੋਲਿਆ ਮਨ੍ਹੀ ਜਾਣਾ। ਬੋਲੇਂਗਾ ਵੀ ਇਉਂ ਜਿਮੇ ਟੁੱਟੀ ਭੱਜੀ ਖਾਬ੍ਹਿਆਂ ਆਲੀ ਸੜਕ ‘ਤੇ ਬੱਸਾਂ ਟਰੱਕ ਬੁੱੜ੍ਹਕ ਦੇ ਹੁੰਦੇ ਐ।”
ਫੱ:ਤੂ ਦੀ ਗੱਲ ਸੁਣ ਕੇ ਸਾਰੀ ਸੱਥ ਹੱਸ ਪਈ। ਸੀਤਾ ਮਰਾਸੀ ਫ਼ੱਤੂ ਨੂੰ ਕਹਿੰਦਾ, ”ਆਹ ਬੱਸ ਟਰੱਕ ਬੁੜ੍ਹਕਨ ਆਲੀ ਗੱਲ ਕਿਮੇਂ ਐ ਫ਼ੱਤਿਆ?”
ਫ਼ੱਤੂ ਕਹਿੰਦਾ, ”ਆਹ ਜਿਹੜਾ ਆਪਣੇ ਪਿੰਡ ਆਲਾ ਸਰਦਾਰ ਸੀ ਪ੍ਰੀਤਮ ਸਿਉਂ, ਹੁਣ ਤਾਂ ਉਹਨੂੰ ਮਰੇ ਨੂੰ ਵੀ ਕਈ ਵਰ੍ਹੇ ਹੋ ਗੇ, ਮੇਰਾ ਅੱਬੂ ਦੱਸਦਾ ਹੁੰਦਾ ਸੀ ਕਹਿੰਦੇ ਇਹ ਪਹਿਲਾਂ ਕੋਟ ਫ਼ਰੀਦਕੋਟ ਨੂੰ ਕੱਚੇ ਰਾਹਾਂ ‘ਚ ਬੱਸ ਚਲਾਉਂਦਾ ਹੁੰਦਾ ਸੀ। ਰਾਹਾਂ ‘ਚ ਵੱਡੇ ਵੱਡੇ ਟੋਏ ਖੱਡੇ ਹੁੰਦੇ ਸੀ। ਬੱਸ ਉੱਚੀ ਉੱਚੀ ਬੁੜ੍ਹਕਦੀ ਹੁੰਦੀ ਸੀ। ਪੰਜ ਸੱਤ ਸਾਲ ਇਹਨੇ ਇੰਨ੍ਹਾਂ ਰਾਹਾਂ ‘ਚ ਬੱਸ ਚਲਾਈ ਸੀ। ਮੁੜਕੇ ਕਿਤੇ ਪ੍ਰੀਤਮ ਸਿਉਂ ਬਾਹਰਲੇ ਮੁਲਖ ਉਠ ਗਿਆ। ਓੱਥੇ ਜਾ ਕੇ ਜਹਾਜ਼ ਚਲਾਉਣ ਲੱਗ ਪਿਆ। ਇੱਕ ਦਿਨ ਕਿਤੇ ਜਹਾਜ ਚਲਦੇ ਚਲਦੇ ‘ਚ ਖ਼ਰਾਬੀ ਆ ਗਈ। ਜਹਾਜ ਡਿੱਕ ਡੋਲੇ ਖਾਣ ਲੱਗ ਪਿਆ। ਪ੍ਰੀਤਮ ਸਿਉਂ ਨੇ ਐਧਰ ਓਧਰ ਹੇਠਾਂ ਤਾਂਹ ਹੁੰਦਾ ਜਹਾਜ ਸਮਝਦਾਰੀ ਨਾਲ ਹੇਠਾਂ ‘ਤਾਰ ਲਿਆ। ਜਦੋਂ ਅਫ਼ਸਰਾਂ ਨੇ ਸਹੀ ਸਲਾਮਤ ਜਹਾਜ ਉੱਤਰਿਆ ਵੇਖ ਕੇ ਪ੍ਰੀਤਮ ਸਿਉਂ ਨੂੰ ਪੁੱਛਿਆ ਬਈ ਤੂੰ ਜਹਾਜ ਚਲਾਉਣ ਦਾ ਕੋਰਸ ਕਿੱਥੋਂ ਕੀਤਾ ਤਾਂ ਪ੍ਰੀਤਮ ਸਿਉਂ ਕਹਿੰਦਾ ‘ਮੈਂ ਕੋਰਸ ਕਾਰਸ ਕਿਤੋਂ ਨ੍ਹੀ ਕੀਤਾ, ਮੈਂ ਤਾਂ ਪਹਿਲਾਂ ਬਾਜਾਖਾਨਾ ਪਿੰਡ ਤੋਂ ਸਲਾਬਤਪੁਰਾ ਵਾਇਆ ਭਾਈ ਕਾ ਭਗਤਾ ਰੂਟ ‘ਤੇ ਬੱਸ ਚਲਾਉਂਦਾ ਹੁੰਦਾ ਸੀ। ਇਹ ਰੂਟ ਆਲੀ ਸੜਕ ਕੱਚੇ ਰਾਹ ਤੋਂ ਵੀ ਭੈੜੀ ਐ। ਬੱਸ ਕਦੇ ਓਧਰਲੇ ਕਨਾਰੇ ‘ਤੇ ਕਦੇ ਓਧਰਲੇ ਕਨਾਰੇ। ਕਦੇ ਕਿੱਧਰ ਨੂੰ ਢੇਡੀ ਕਦੇ ਕਿੱਧਰ ਨੂੰ ਟੇਢੀ। ਕਈ ਸਾਲ ਇਉਂ ਚੱਲਦੀ ਰਹੀ। ਵੱਸ ਓੱਥੋਂ ਈਂ ਮੈਂ ਮਾਹਰ ਹੋ ਗਿਆ। ਇਹ ਜਹਾਜ ਜਹੂਜ ਤਾਂ ਕੁਸ ਮਨ੍ਹੀ ਓਸ ਰਾਹ ‘ਤੇ ਚੱਲਣ ਆਲੀ ਬੱਸ ਦੇ ਮਕਾਬਲੇ। ਅਕੇ ਅਫ਼ਸਰਾਂ ਨੇ ਪ੍ਰੀਤਮ ਨੂੰ ਜਹਾਜ ਤੋਂ ਤਾਂ ਹਟਾਉਣਾ ਈਂ ਸੀ ਉਹਨੂੰ ਆਵਦੇ ਦੇਸ਼ ‘ਚੋਂ ਈ ਕੱਢ ‘ਤਾ ਸੀ। ਉਹੀ ਗੱਲ ਤਾਏ ਨਾਥੇ ਅਮਲੀ ਨਾਲ ਹੋਣੀ ਐ ਜੇ ਕਿਤੇ ਮੈਂ ਖੁੱਲ੍ਹ ਗਿਆ ਤਾਂ। ਇਹਨੇ ਸੱਥ ‘ਚੋਂ ਉੱਠ ਕੇ ਇਉਂ ਭੱਜਣਾ ਜਿਮੇਂ ਮਸਤੀ ਬੋਤਾ ਪੱਠਿਆਂ ਦੀ ਚਿੱਲੀ ਸਿੱਟ ਕੇ ਖੇਤੋਂ ਪਿੰਡ ਨੂੰ ਭੱਜ ਜਾਂਦਾ ਹੁੰਦੈ। ”
ਸੀਤਾ ਮਰਾਸੀ ਫ਼ੱਤੂ ਦੀ ਗੱਲ ਸੁਣ ਕੇ ਫ਼ੱਤੂ ਨੂੰ ਕਹਿੰਦਾ, ”ਇੱਕ ਅੱਧੀ ਫ਼ੱਤਿਆ ਅਮਲੀ ਦੀ ਹੋਰ ਸਣਾ ਦੇ। ਏਨੇ ਨੂੰ ਆਥਣ ਹੋ ਜਾਣੈ ਫ਼ੇਰ ਆਪਾਂ ਘਰਾਂ ਨੂੰ ਚੱਲਦੇ ਆਂ।”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਕਚੀਚੀ ਲੈ ਕੇ ਕਹਿੰਦਾ, ”ਇਹਦੀ ਵੀ ਸਣਾ ਦੇ ਫ਼ੱਤਿਆ ਮੰਗ ਖਾਣੀ ਜਾਤ ਦੀ। ਸਾਲਾ ਚਿੱਬੇ ਨਾਸਾ ਜਾ ਨਾ ਹੋਵੇ ਤਾਂ।”
ਨਾਥੇ ਅਮਲੀ ਨੂੰ ਸੀਤੇ ਮਰਾਸੀ ‘ਤੇ ਹਰਖਿਆ ਵੇਖ ਕੇ ਬਾਬਾ ਨਿਰੰਜਨ ਸਿਉਂ ਕਹਿੰਦਾ, ”ਚੱਲੋ ਯਾਰ ਘਰਾਂ ਨੂੰ ਚਲੀਏ ਐਮੇਂ ਲੜੋਂਗੇ ਹੁਣ। ਚਲੋ ਉੱਠੋ।”
ਬਾਬੇ ਦਾ ਦਬਕਾੜਾ ਸੁਣ ਕੇ ਸੱਥ ਵਾਲੇ ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਇਉਂ ਚੱਲ ਪਏ ਜਿਮੇਂ ਉਹ ਜਲਸਾ ਵੇਖ ਕੇ ਘਰਾਂ ਨੂੰ ਜਾਂਦੇ ਹੋਣ।