ਪਿੰਡ ਦੀ ਸੱਥ ਵਿੱਚੋਂ (ਕਿਸ਼ਤ-259)

ਪੱਗ ਦੇ ਉੱਪਰ ਦੀ ਡੱਬੀਦਾਰ ਸਾਫ਼ੇ ਨਾਲ ਮੰਡਾਸਾ ਮਾਰੀ ਮੂੰਹ ਵਲ੍ਹੇਟੀ ਬਾਬਾ ਘੀਚਰ ਸਿਉਂ ਜਿਉਂ ਹੀ ਸੱਥ ਵਾਲੇ ਥੜ੍ਹੇ ‘ਤੇ ਆ ਕੇ ਬੈਠਾ ਤਾਂ ਨਾਥੇ ਅਮਲੀ ਨੇ ਬਾਬੇ ਨੂੰ ਹੈਰਾਨੀ ਨਾਲ ਪੁੱਛਿਆ, ”ਅੱਜ ਕਿਮੇਂ ਬਾਬਾ ਇਉਂ ਮੂੰਹ ਸਿਰ ਜਾ ਲਵੇਟ੍ਹੀ ਫ਼ਿਰਦੈਂ ਜਿਮੇਂ ਤੂੜੀ ਲਤੜਦਾ ਆਇਆ ਹੁੰਨੈ ਕੁ ਮਖਿਆਲ ਦੀਆਂ ਮੱਖੀਆਂ ਮੁੱਖੀਆਂ ਲੜਗੀਆਂ। ਤੂੰ ਤਾਂ ਪਤੰਦਰਾਂ ਸਾਰਾ ਈ ਮੂੰਹ ਸਿਰ ਜਾ ਢਕੀ ਫ਼ਿਰਦੈਂ ਜਿਮੇਂ ਪਾਣੀ ਆਲੇ ਨਲਕੇ ‘ਚੋਂ ਮਸ਼ੀਨ ਕੱਢ ਕੇ ਨਾਲੀ ‘ਤੇ ਖਲ਼ ਆਲੀ ਖਾਲ੍ਹੀ ਬੋਰੀ ਬੰਨ੍ਹੀ ਹੁੰਦੀ ਐ।”
ਤਾਸ਼ ਖੇਡੀ ਜਾਂਦਾ ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਡੂੰਮਣਾ ਲੜ ਗਿਆ ਲੱਗਦਾ ਜਿਹੜਾ ਇਉਂ ਮੂੰਹ ਨਰੜੀ ਫ਼ਿਰਦਾ ਜਿਮੇਂ ਮੀਂਹ ‘ਚ ਭਿੱਜਣ ਤੋਂ ਤੰਦੂਰ ਖਾਕੀ ਬੋਰੀਆਂ ਦੇ ਪੱਲੜ ਨਾਲ ਢਕਿਆ ਹੁੰਦੈ। ਬਾਕੀ ਫ਼ਿਰ ਹੁਣ ਸੱਥ ‘ਚ ਤਾਂ ਮੂੰਹ ਨੰਗਾ ਕਰ ਕੇ ਵਖਾਉਣਾ ਈ ਪਊ। ਨਾਲੇ ਜੇ ਕਿਸੇ ਨੂੰ ਦੁੱਖ ਦੱਸਾਂਗੇ ਤਾਂ ‘ਲਾਜ ਵੀ ਹੋ ਜੂ। ਨਹੀਂ ਤਾਂ ਫ਼ਿਰ ਸਭ ਨੂੰ ਪਤਾ ਈ ਐ ਬਈ ਪੂਛ ਨੂੰ ਪੀਪਾ ਬੰਨ੍ਹ ਕੇ ਗਪਾਲ ਮੋਚਨੇ ਦੇ ਮੇਲੇ ‘ਚ ਛੱਡੇ ਗਧੇ ਨਾਲ ਕਿਮੇਂ ਹੋਈ ਸੀ, ਓਮੇਂ ਹੋਊ ਫ਼ਿਰ।”
ਗਧੇ ਵਾਲੀ ਗੱਲ ਸੁਣ ਕੇ ਮਾਹਲੇ ਨੰਬਰਦਾਰ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਇਹ ਕਿਮੇਂ ਐਂ ਸੀਤਾ ਸਿਆਂ ਮੇਲੇ ‘ਚ ਗਧੇ ਦੀ ਪੂਛ ਨੂੰ ਬੰਨ੍ਹੇ ਪੀਪੇ ਆਲੀ ਗੱਲ। ਪਤੰਦਰੋ ਨਿੱਤ ਈ ਕੋਈ ਨਾ ਕੋਈ ਨਮੀਂ ਗੱਲ ਕੱਢ ਕੇ ਲਿਆਉਨੇ ਐਂ। ਨਾਲੇ ਗਪਾਲ ਮੋਚਨੇ ਦੇ ਮੇਲੇ ‘ਚ ਗਧੇ ਦਾ ਕੀ ਕੰਮ ਬਈ?”
ਨਾਥਾ ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਗਪਾਲ ਮੋਚਨੇ ਦੇ ਮੇਲੇ ‘ਚ ਤਾਂ ਗਧਿਆਂ ਦਾ ਈ ਸਾਰਾ ਕੰਮ ਹੁੰਦੈ ਨੰਬਰਦਾਰਾ। ਮੋਟਰ ਗੱਡੀਆਂ ਤਾਂ ਪੁਲਸ ਆਲੇ ਮੇਲੇ ‘ਚ ਵੜਨ ਨ੍ਹੀ ਦਿੰਦੇ। ਪੰਜ ਦਿਨ ਭਰਦਾ ਹੁੰਦਾ ਮੇਲਾ। ਮੋਟਰ ਗੱਡੀਆਂ ਤਾਂ ਪੰਜ ਛੀ ਮੀਲ ਮੇਲੇ ਵਾਲੀ ਥਾਂ ਤੋਂ ਪਿੱਛੇ ਈ ਰੋਕ ਦਿੰਦੇ ਐ ਪੁਲਸ ਆਲੇ। ਉੱਥੋਂ ਫ਼ੇਰ ਗਧੇ ਈ ਲਜਾਂਦੇ ਐ ਸਾਰਾ ਸਮਾਨ ਮੇਲੇ ‘ਚ।”
ਅਮਲੀ ਦੀ ਗੱਲ ਸੁਣ ਕੇ ਬੁੱਘਰ ਦਖਾਣ ਕਹਿੰਦਾ, ”ਮੈਂ ਤਾਂ ਕਿਹਾ ਕਿਤੇ ਅਮਲੀ ਨੇ ਖਾਧੀ ਪੀਤੀ ‘ਚ ਬੰਦਿਆਂ ਨੂੰ ਗਧੇ ਕਹਿ ‘ਤਾ। ਅੱਛਿਆ! ਇਹ ਗੱਲ ਐ।”
ਏਨੇ ਚਿਰ ਨੂੰ ਸੂਬੇਦਾਰ ਰਤਨ ਸਿਉਂ ਵੀ ਸੱਥ ‘ਚ ਆ ਦੜਕਿਆ। ਬਾਬੇ ਘੀਚਰ ਸਿਉਂ ਨੂੰ ਮੂੰਹ ਸਿਰ ਲਵੇਟ੍ਹੀ ਬੈਠੇ ਨੂੰ ਵੇਖ ਕੇ ਸੂਬੇਦਾਰ ਨੇ ਤਾਸ਼ ਖੇਡੀ ਜਾਂਦੇ ਰੇਸ਼ਮ ਕੇ ਗੀਸੇ ਨੂੰ ਘੁੱਟਵੀਂ ਆਵਾਜ਼ ‘ਚ ਪੁੱਛਿਆ, ”ਆਹ ਮੂੰਹ ਸਿਰ ਲਵ੍ਹੇਟੀ ਬੈਠਾ ਕਿਹੜਾ ਬੰਦੈ ਬਈ?”
ਸੂਬੇਦਾਰ ਦਾ ਸਵਾਲ ਸੁਣ ਕੇ ਗੀਸਾ ਉੱਚੀ ਆਵਾਜ਼ ਮਾਰ ਕੇ ਨਾਥੇ ਅਮਲੀ ਨੂੰ ਕਹਿੰਦਾ, ”ਓ ਤਾਇਆ ਨਾਥਾ ਸਿਆਂ! ਆਹ ਫ਼ੌਜੀ ਸਾਹਬ ਨੂੰ ਦੱਸੀਂ ਬਈ ਸੋਡੇ ਕੋਲੇ ਮੂੰਹ ਸਿਰ ਲਵ੍ਹੇਟੀ ਆਲਾ ਕਿਹੜਾ ਬੰਦਾ ਬੈਠੈ?”
ਸੀਤਾ ਮਰਾਸੀ ਕਹਿੰਦਾ, ”ਮਸਾ ਟਾਲੀ ਸੀ ਇਹੇ ਗੱਲ। ਆਹ ਫ਼ੌਜੀ ਨੇ ਫ਼ੇਰ ਛੇੜ ‘ਤੀ ਸਿੰਗੜੀ। ਲੈ ਦੱਸੋ ਹੁਣ ਕੌਣ ਐਂ ਮੂੰਹ ਸਿਰ ਲਵ੍ਹਟੀ ਬੈਠਾ।”
ਨਾਥਾ ਅਮਲੀ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਬਾਬਾ ਘੀਚਰ ਸਿਉਂ ਐਂ ਫ਼ੌਜੀਆ। ਮਖਿਆਲ ਦੀਆਂ ਮੱਖੀਆਂ ਲੜੀਆਂ ਵੀਐਂ ਇਹਦੇ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਇਹ ਹੁਣੇ ਤਾਂ ਸਰਕਸ ਆਲੇ ਸਕੀਮੀਆਂ ਦੇ ਘਰੇ ਬੈਠਾ ਸੀ। ਐਡੀ ਛੇਤੀ ਕਿਮੇਂ ਆ ਗਿਆ ਸੱਥ ‘ਚ?”
ਜੰਗਾ ਰਾਹੀ ਸੂਬੇਦਾਰ ਨੂੰ ਕਹਿੰਦਾ, ”ਸਾਨੂੰ ਤਾਸ਼ ਖੇਡ ਲੈਣ ਦੇ ਫ਼ੌਜੀਆ। ਇਹ ਗੱਲ ਤੂੰ ਨੇੜੇ ਹੋ ਕੇ ਬਾਬੇ ਘੀਚਰ ਸਿਉਂ ਨੂੰ ਈਂ ਪੁੱਛ ਲਾ।”
ਸੂਬੇਦਾਰ ਰਤਨ ਸਿਉਂ ਬਾਬੇ ਦੇ ਨੇੜੇ ਹੋ ਕੇ ਬਾਬੇ ਨੂੰ ਕਹਿੰਦਾ, ”ਆਹ ਕੀ ਕਰੀ ਬੈਠੈਂ ਘੀਚਰ ਸਿਆਂ। ਬਲਾ ਬਾਹਲਾ ਮੂੰਹ ਸਿਰ ਬੰਨ੍ਹੀ ਬੈਠੈਂ ਜਿਮੇਂ ਦੁੱਧ ਰਿੜਕ ਕੇ ਮਧਾਣੀ ਦੇ ਫੁੱਲ ਖੱਦਰ ਦੇ ਪੋਣੇ ਨਾਲ ਲਵ੍ਹੇਟੇ ਵੇ ਹੁੰਦੇ ਐ।”
ਸੂਬੇਦਾਰ ਤੋਂ ਟਿੱਚਰ ਸੁਣ ਕੇ ਨਾਥਾ ਅਮਲੀ ਹੱਸ ਕੇ ਕਹਿੰਦਾ, ”ਚੱਲ ਗੀ ਬਈ ਫ਼ੌਜੀ ਦੀ ਵੀ ਅੱਜ। ਅੱਜ ਤਾਂ ਪੂਰੇ ਪੈਂਤੜੇ ‘ਤੇ ਹੋ ਕੇ ਆਇਆ ਸੱਥ ‘ਚ। ਹੋਰ ਸਣਾ ਫ਼ਿਰ ਫ਼ੌਜੀਆ।”
ਟਿੱਚਰ ਸੁਣ ਕੇ ਸੀਤਾ ਮਰਾਸੀ ਬਾਬੇ ਘੀਚਰ ਸਿਉਂ ਨੂੰ ਕਹਿੰਦਾ, ”ਤੂੰ ਵੀ ਬਾਬਾ ਕੁਸ ਬੋਲ ਪਾ ਹੁਣ। ਅੱਜ ਤਾਂ ਮਿੱਟੀ ਦਾ ਮਾਧੋ ਬਣਿਆ ਬੈਠੈਂ। ਇਹ ਤਾਂ ਸਾਰੇ ਤੈਨੂੰ ਭਾਬੀ ਬਣਾਈ ਬੈਠੇ ਐ, ਤੂੰ ਕੂੰਹਦਾ ਈ ਨ੍ਹੀ। ਤੂੰ ਵੀ ਛੱਡਦੇ ਭੱਥੇ ‘ਚੋਂ ਇੱਕ ਅੱਧਾ ਤੀਰ। ਫ਼ੌਜੀ ਤਾਂ ਕਹਿੰਦਾ ਤੂੰ ਸਰਕਸ ਆਲੇ ਸਕੀਮੀਆਂ ਦੇ ਘਰੇ ਬੈਠਾ ਸੀ। ਨਮੇਂ ਘਰ ਬਣਦੇ ਦੀ ਵਧਾਈ ਦੇਣ ਗਿਆ ਸੀ ਕੁ ਕੋਈ ਹੋਰ ਕੰਮ ਧੰਦਾ ਸੀ?”
ਮਦਨ ਪੰਡਤ ਸਕੀਮੀਆਂ ਦੇ ਘਰ ਦੀ ਗੱਲ ਸੁਣ ਕੇ ਕਹਿੰਦਾ, ”ਘਰ ਆਲੀ ਤਾਂ ਬਈ ਸਰਕਸ ਆਲੇ ਸਕੀਮੀਆਂ ਨੇ ਡੈਹਸ਼ ਕੱਢ ‘ਤੀ। ਇਹੇ ਜਾ ਘਰ ਆਪਣੇ ਤਾਂ ਨੇੜੇ ਤੇੜੇ ਹੋਣਾ ਨ੍ਹੀ ਕਿਸੇ ਦਾ। ਪੈਂਸਾ ਵੀ ਅੱਘਰੀ ਦਾ ਲੱਗ ਗਿਆ ਹੋਣੈ।”
ਮੱਖਣ ਮਾਸਟਰ ਨੇ ਹੈਰਾਨੀ ਨਾਲ ਪੁੱਛਿਆ, ”ਐਨਾ ਪੈਸਾ ਆਇਆ ਕਿੱਥੋਂ। ਫ਼ੀਮ ਫ਼ੂਮ ਦੀ ਬਲੈਕ ਬਲੂਕ ਕਰਦੇ ਹੋਣਗੇ। ਨਾ ਹੀ ਇਹੀ ਕਦੇ ਕੋਈ ਗੱਲ ਸੁਣੀ ਐ। ਬਾਕੀ ਫ਼ੇਰ ਭਾਈ ਰੱਬ ਈ ਜਾਣਦਾ।”
ਨਾਥੇ ਅਮਲੀ ਨੇ ਬਾਬੇ ਨੂੰ ਪੁੱਛਿਆ, ”ਇਨ੍ਹਾਂ ਨੂੰ ਸਰਕਸ ਆਲੇ ਸਕੀਮੀ ਕਿਉਂ ਕਹਿੰਦੇ ਐ ਬਾਬਾ। ਕੁ ਇਹੇ ਸਰਕਸ ਸੁਰਕਸ ‘ਚ ਕੰਮ ਕਰਦੇ ਰਹੇ ਐ?
ਸੁਖਣਾ ਪੱਤੀ ਆਲੇ ਬਚਿੱਤਰ ਸਿਉਂ ਕੇ ਪਿੰਡ ‘ਚ ਸਰਕਸ ਵਾਲੇ ਸਕੀਮੀਆਂ ਦੇ ਲਾਣੇ ਵਾਲੇ ਵਜਦੇ ਸੀ। ਬਚਿੱਤਰ ਸਿਉਂ ਕਿਆਂ ਦੀ ਗੱਲ ਸੁਣ ਕੇ ਬਾਬੇ ਘੀਚਰ ਸਿਉਂ ਨੇ ਗੱਲ ਦੱਸਣ ਦੇ ਮਾਰੇ ਨੇ ਮੂੰਹ ਖੋਲ੍ਹਿਆ ਫ਼ਿਰ। ਜਿਉਂ ਹੀ ਬਾਬੇ ਘੀਚਰ ਨੇ ਮੂੰਹ ਖੋਲ੍ਹਿਆ ਤਾਂ ਸਾਰੀ ਸੱਥ ਨੇ ਖ਼ੁਸ਼ੀ ‘ਚ ਰੌਲਾ ਅਸਮਾਨ ਨੂੰ ਚੁੱਕ ਦਿੱਤਾ ਜਿਮੇਂ ਕੋਈ ਵੱਡੀ ਸ਼ਰਤ ਲੱਗੀ ‘ਚ ਸ਼ਰਤ ਜਿੱਤਣ ਵਾਲੇ ਤਾਸ਼ ਖੇਡਦੇ ਰੌਲਾ ਚੁੱਕ ਦਿੰਦੇ ਹੋਣ।
ਨਾਥਾ ਅਮਲੀ ਸਾਰਿਆਂ ਨੂੰ ਚੱਪ ਕਰਾਉਂਦਾ ਬਾਬੇ ਦੇ ਮੂੰਹ ਵੱਲ ਵੇਖ ਕੇ ਬਾਬੇ ਨੂੰ ਕਹਿੰਦਾ, ”ਮੂੰਹ ‘ਤੇ ਤਾਂ ਤੇਰੇ ਬਾਬਾ ਕੁਸ ਮਨ੍ਹੀ ਹੋਇਆ। ਤੂੰ ਐਮੇਂ ਈ ਸੱਤ ਮੀਟਰ ਦੀ ਟਸਰੀ ਲਵ੍ਹੇਟੀ ਫ਼ਿਰਦੈਂ ਮੂੰਹ ‘ਤੇ। ਚੱਲ ਦੱਸ ਹੁਣ ਸਰਕਸ ਆਲੇ ਸਕੀਮੀਆਂ ਕੋਲੇ ਐਡਾ ਵੱਡਾ ਘਰ ਪਾਉਣ ਨੂੰ ਪੈਂਸਾ ਕਿੱਥੋਂ ਆਇਆ?”
ਬਾਬਾ ਘੀਚਰ ਸਿਉਂ ਕਹਿੰਦਾ, ”ਨਾ ਤਾਂ ਸਾਰੀ ਉਮਰ ਬਚਿੱਤਰ ਸਿਉਂ ਨੇ ਕੰਮ ਕੀਤਾ। ਨਾ ਬਚਿੱਤਰ ਦੇ ਮੁੰਡੇ ਨੇ। ਨਾ ਈ ਨਜਾਇਜ ਪੈਂਸਾ ਖਰਚਿਆ ਕਦੇ। ਦੋ ਕੁ ਝੁੱਗੇ ਸੁੱਥੂਆਂ ਨਾਲ ਈ ਸਾਲ ਭਰ ਨੰਘਾਅ ਲੈਂਦੇ ਸੀ। ਹੁਣ ਗਾਹਾਂ ਬਚਿੱਤਰ ਸਿਉਂ ਦੇ ਦੋਵੇਂ ਪੋਤੇ ਵੇਖ ਲਾ ਪੜ੍ਹ ਲਿਖ ਗੇ। ਪੋਤਿਆਂ ਨੂੰ ਘਰੇ ਪੈਂਸਿਆਂ ਦਾ ਵੀ ਪਤਾ ਲੱਗ ਗਿਆ ਬਈ ਸਾਡੇ ਬੁੜ੍ਹਿਆਂ ਕੋਲੇ ਐਨਾ ਪੈਂਸਾ। ਉਨ੍ਹਾਂ ਨੇ ਪਿਉ ਦਾਦੇ ਤੋਂ ਪੈਂਸੇ ਕਢਵਾ ਕੇ ਘਰ ਬਣਾਉਣਾ ਸ਼ੁਰੂ ਕਰ ‘ਤਾ। ਲੋਕਾਂ ਨੂੰ ਇਹਦੇ ‘ਚ ਅਚੰਭਾ ਲੱਗ ਗਿਆ ਬਈ ਇੱਕ ਦਮ ਐਨਾ ਪੈਂਸਾ ਕਿੱਥੋਂ ਆਇਆ। ਜਮੀਨ ਵੀ ਕੋਲੇ ਪੰਜ ਸੱਤ ਕਿੱਲੇ ਈ ਐ। ਪੰਜਾਂ ਸੱਤਾਂ ਕਿੱਲਿਆਂ ‘ਚੋਂ ਤਾਂ ਡੰਗ ਟਪਾਉਣ ਜੋਗੀਉ ਈ ਫ਼ਸਲ ਮਸਾਂ ਹੁੰਦੀ ਐ।”
ਨਾਥਾ ਅਮਲੀ ਕਹਿੰਦਾ, ”ਗੱਲ ਤਾਂ ਓਹੀ ਪੁੱਛਦੇ ਆਂ ਬਈ ਐਹੋ ਜੀ ਕਿਹੋ ਜੀ ਮੁਰਗੀ ਐ ਇਨ੍ਹਾਂ ਦੇ ਘਰੇ ਜਿਹੜੀ ਆਂਡਿਆਂ ਦੀ ਥਾਂ ਰਪੀਏ ਦਿੰਦੀ ਐ?”
ਬਾਬਾ ਘੀਚਰ ਸਿਉਂ ਕਹਿੰਦਾ, ”ਦੱਸਦਾਂ ਮੈਂ। ਇਨ੍ਹਾਂ ਨੂੰ ਬਚਿੱਤਰ ਦੇ ਦਾਦੇ ਪੜਦਾਦਿਆਂ ਤੋਂ ਈ ਸਰਕਸ ਆਲੇ ਸਕੀਮੀ ਕਹਿੰਦੇ ਐ। ਇਹਦੇ ਬਚਿੱਤਰ ਦੇ ਪਿਉ ਦਾਦੇ ਨੇ ਕਹਿੰਦੇ ਕੇਰਾਂ ਸਰਕਸ ਵਖਾਉਣ ਦਾ ਠੇਕਾ ਲੈ ਲਿਆ। ਉਨ੍ਹਾਂ ਵੇਲਿਆਂ ‘ਚ ਸਰਕਸ ਆਲਿਆਂ ਨੂੰ ਕਹਿੰਦੇ, ‘ਤੁਸੀਂ ਸਾਥੋਂ ਹਜਾਰ ਰਪੀਆ ਲੈ ਲੋ, ਸਰਕਸ ਵਖਾਉਣ ਦਾ ਠੇਕਾ ਸਾਨੂੰ ਦੇ ਦਿਉ। ਲੋਕਾਂ ਨੂੰ ਸਰਕਸ ਵਖਾਉਣ ਦੇ ਪੈਸੇ ਅਸੀਂ ਲਮਾਂਗੇ। ਉਨ੍ਹਾਂ ਨੇ ਦੋ ਹਜਾਰ ਰਪੀਆ ਮੰਗ ਲਿਆ। ਚਲੋ ਜੀ ਸਾਢੇ ਪੰਦਰਾਂ ਸੌ ‘ਚ ਗੱਲ ਟੁੱਕੀ ਗਈ। ਬੁੜ੍ਹਿਆਂ ਨੇ ਸਰਕਸ ਆਲੇ ਤੰਬੂ ਆਪਣੇ ਪਿੰਡ ਗਾਹੂ ਕੇ ਗੁਆੜ ਆਲੀ ਸ਼ਾਮਲਾਟ ‘ਚ ਆ ਗੱਡੇ। ਨੇੜੇ ਦੇ ਸਾਰੇ ਪਿੰਡਾਂ ‘ਚ ਹੋਕਾ ਦੁਆ ‘ਤਾ ਬਈ ਫ਼ਲਾਨੇ ਪਿੰਡ ਸਰਕਸ ਆ ਗੀ। ਲੋਕਾਂ ਨੇ ਆਪਣੇ ਪਿੰਡ ਵੱਲ ਨੂੰ ਵਹੀਰਾਂ ਘੱਤ ਲੀਆਂ ਬਈ ਸਰਕਸ ‘ਚ ਸ਼ੇਰ ਚੀਤੇ ਤੇ ਹੋਰ ਨਮੀਆਂ-ਨਮੀਆਂ ਖੇਡਾਂ ਵੇਖਾਂਗੇ। ਜਦੋਂ ਲੋਕ ਸਰਕਸ ਵੇਖਣ ਆਏ ਤਾਂ ਦਸ ਰਪੀਆਂ ਦੀ ਟਿਕਟ ਸੁਣ ਕੇ ਕਿਸੇ ਨੇ ਟਿਕਟ ਈ ਨਾ ਖਰੀਦੀ। ਉਨ੍ਹਾਂ ਨੇ ਦੋ ਕੁ ਦਿਨਾਂ ਪਿੱਛੋਂ ਟਿਕਟ ਅੱਠਾਂ ਰਪੀਆਂ ਦੀ ਕਰ ‘ਤੀ। ਲੋਕਾਂ ਨੇ ਫ਼ਿਰ ਵੀ ਨਾ ਖਰੀਦੀ। ਫ਼ੇਰ ਹੋਰ ਦੋ ਕੁ ਦਿਨਾਂ ਪਿੱਛੋਂ ਪੰਜਾਂ ਰਪੀਆਂ ਦੀ ਕਰ ‘ਤੀ। ਟਿਕਟ ਫ਼ਿਰ ਵੀ ਨਾ ਕਿਸੇ ਨੇ ਖਰੀਦੀ। ਉਨ੍ਹਾਂ ਨੇ ਇਉਂ ਕਰਦੇ ਕਰਦਿਆਂ ਨੇ ਦੋ ਰਪੀਆਂ ਦੀ ਫ਼ੇਰ ਇੱਕ ਰਪੀਏ ਦੀ ਕਰ ‘ਤੀ। ਜਦੋਂ ਰਪੀਏ ਨੂੰ ਵੀ ਨਾ ਕਿਸੇ ਨੇ ਖਰੀਦੀ ਤਾਂ ਆਖਰ ਨੂੰ ਪਿੰਡਾਂ ‘ਚ ਹੋਕਾ ਦੁਆ ‘ਤਾ ਬਈ ਕੱਲ੍ਹ ਨੂੰ ਸਰਕਸ ਮੁਖਤ ਵਖਾਈ ਜਾਊਗੀ। ਮੁਖਤ ਦਾ ਨਾਂ ਸੁਣ ਕੇ ਨਾਥਾ ਸਿਆਂ ਲੋਕ ਆਪਣੇ ਪਿੰਡ ‘ਚ ਫ਼ਿਰ ਇਉਂ ਆ ਢੇਰੀ ਹੋਏ ਜਿਮੇਂ ਪੰਜ ਛੀ ਸਾਲ ਪਹਿਲਾਂ ਆਪਣੇ ਖੇਤਾਂ ‘ਚ ਮੱਕੀਆਂ ‘ਤੇ ਆਹਣ ਦੇ ਟਿੱਡੇ ਆ ਢੇਰੀ ਹੋਏ ਸੀ।”
ਨਾਥੇ ਅਮਲੀ ਨੇ ਗੱਲ ਟੋਕ ਕੇ ਬਾਬੇ ਘੀਚਰ ਸਿਉਂ ਨੂੰ ਪੁੱਛਿਆ, ”ਫ਼ੇਰ ਮੁਖਤ ਵਖਾਈ ਬਾਬਾ ਸਰਕਸ ਕੁ ਅੰਦਰ ਵਾੜ ਕੇ ਲੋਕਾਂ ਦੀ ਮਰੰਮਤ ਕੀਤੀ?”
ਬਾਬਾ ਕਹਿੰਦਾ, ”ਗੱਲ ਤਾਂ ਅਮਲੀਆ ਤੂੰ ਸੁਣ। ਜਦੋਂ ਸਾਰੇ ਲੋਕ ਮੁਖਤ ਦੀ ਸਰਕਸ ਵੇਖਣ ਅੰਦਰ ਵੜ ਗੇ, ਉਨ੍ਹਾਂ ਨੇ ਚਾਰ ਚਫ਼ੇਰਿਓਂ ਸਰਕਸ ਦੇ ਸਾਰੇ ਦਰਵਾਜੇ ਬੰਦ ਕਰ ਕੇ ਜਿੰਦੇ ਲਾ ‘ਤੇ ਬਈ ਕੋਈ ਬਾਹਰ ਨਾ ਨਿਕਲ ਸਕੇ। ਲੋਕ ਰੌਲਾ ਪਾਉਣ ਬਈ ਛੇਤੀ ਵਖਾਉ ਸਰਕਸ। ਜਦੋਂ ਸਾਰੇ ਜਣੇ ਚੁੱਪ ਕਰ ਗੇ ਤਾਂ ਉਨ੍ਹਾਂ ਨੇ ਇੱਕ ਸ਼ੇਰ ਖੋਲ੍ਹ ‘ਤਾ। ਸ਼ੇਰ ਖੁੱਲ੍ਹ ਗਿਆ ਵੇਖ ਕੇ ਲੋਕਾਂ ‘ਚ ਹਫ਼ੜਾ ਦਫ਼ੜੀ ਮੱਚ ਗੀ। ਸਰਕਸ ਦੇ ਦਰਵਾਜੇ ਸਾਰੇ ਬੰਦ ਸੀ। ਲੋਕਾਂ ਨੂੰ ਬਾਹਰ ਨਿਕਲਣ ਨੂੰ ਥਾਂ ਨਾ ਮਿਲੇ। ਅਖੀਰ ਸਕੀਮੀਆਂ ਦੇ ਬੁੜ੍ਹਿਆਂ ਨੇ ਬਾਹਰ ਨਿਕਲਣ ਦੀ ਸੌ ਰਪੀਆ ਟਿਕਟ ਰੱਖ ‘ਤੀ। ਵੱਸ ਫ਼ੇਰ ਨਾਥਾ ਸਿਆਂ ਕੀ ਪੁੱਛਦੈਂ। ਸਕੀਮੀਆਂ ਦੇ ਬੁੜ੍ਹਿਆਂ ਨੇ ਰਪੀਆਂ ਦਾ ਗੱਡਾ ਭਰ ਲਿਆ। ਸੁਰਜਨ ਬਿੰਬਰ ਦਾ ਦਾਦਾ ਦੱਸਦਾ ਸੀ, ਅਕੇ ਸਕੀਮੀਆਂ ਦੇ ਟੱਬਰ ਨੇ ਤਿੰਨ ਚਾਰ ਦਿਨ ਲਾ ‘ਤੇ ਰਪੀਏ ਗਿਣਨ ਨੂੰ, ਐਨੇ ਰਪੀਏ ‘ਕੱਠੇ ਹੋ ਗੇ ਸੀ। ਲੋਕਾਂ ਨੇ ਸ਼ੇਰ ਤੋਂ ਡਰਦਿਆਂ ਨੇ ਬਾਹਰ ਨਿਕਲਣ ਦੀ ਸੌ-ਸੌ ਰਪੀਏ ਦੀ ਟਿਕਟ ਕਟਾ ਕੇ ਬਾਹਰ ਨਿਕਲ ਕੇ ਜਾਣ ਬਚਾਈ। ਕਈ ਹਰਫ਼ਲੇ ਵੇ ਤਾਂ ਕਾਹਲੀ ‘ਚ ਬਟੂਏ ਈ ਫ਼ੜਾਗੇ। ਉਨ੍ਹਾਂ ਨੂੰ ਤਾਂ ਹੋ ਸਕਦਾ ਟਿਕਟ ਸੌ ਰਪੀਏ ਤੋਂ ਵੀ ਮਹਿੰਗੀ ਪਈ ਹੋਵੇ। ਜਿਹੜੇ ਬਟੂਏ ‘ਚ ਚਾਰ ਛਿੱਲੜ ਹੋਣੇ ਐਂ, ਸਭ ਸ਼ੇਰ ਦੀ ਭੇਂਟ ਚੜ੍ਹਾ ‘ਤੇ ਹੋਣਗੇ। ਉਦੋਂ ਦੇ ਰਪੀਏ ‘ਕੱਠੇ ਹੋਏ ਵੇ ਐ। ਹੁਣ ਆ ਕੇ ਬੋਲੇ ਐ ਸਰਕਸ ਆਲੇ ਰਪੀਏ। ਉਹ ਵੀ ਬਚਿੱਤਰ ਸਿਉਂ ਦੇ ਪੋਤਿਆਂ ਨੇ ਰੌਲਾ ਰੂਲਾ ਪਾ ਕੇ ਰਪੀਏ ਕਢਾ ਲੇ, ਇਹ ਬੁੜ੍ਹੇ ਕਿੱਥੋਂ ਕੱਢਦੇ ਸੀ। ਏਸੇ ਗੱਲ ਕਰ ਕੇ ਲੋਕ ਇਨ੍ਹਾਂ ਨੂੰ ਸਰਕਸ ਆਲੇ ਸਕੀਮੀਆਂ ਦਾ ਲਾਣਾ ਕਹਿੰਦੇ ਐ। ਸਕੀਮ ਲਾ ਕੇ ਪੈਂਸੇ ਬਣਾ ਗੇ।”
ਪ੍ਰਤਾਪਾ ਭਾਊ ਕਹਿੰਦਾ, ”ਅੱਜ ਪਈ ਜਾਂਦਾ ਸਕੀਮੀਆਂ ਦੇ ਘਰ ਦਾ ਲੈਂਟਰ। ਕਹਿੰਦੇ ਦੋ ਢਾਈ ਸੌ ਬੰਦਾ ਲੱਗਿਆ ਵਿਆ ਲੈਂਟਰ ਪਾਉਣ। ਘਰ-ਘਰ ਦਾ ਬੰਦਾ ਗਿਆ ਵਿਆ ਪਿੰਡ ‘ਚੋਂ।”
ਏਨੇ ਚਿਰ ਨੂੰ ਗੱਲਾਂ ਕਰਦਿਆਂ ਕਰਦਿਆਂ ਤੋਂ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ‘ਸਰਕਸ ਵਾਲੇ ਬਚਿੱਤਰ ਸਿਉਂ ਸਕੀਮੀਆਂ ਦੇ ਲਾਣੇ ਕੇ ਘਰ ਦਾ ਜਿਹੜਾ ਲੈਂਟਰ ਪੈਂਦਾ ਸੀ ਉਹਦਾ ਕਾਲਬ ਡਿੱਗ ਪਿਆ ਤੇ ਬਹੁਤ ਸਾਰੇ ਬੰਦੇ ਕਾਲਬ ਦੇ ਹੇਠਾਂ ਆ ਗਏ। ਛੇਤੀ ਤੋਂ ਛੇਤੀ ਉਨ੍ਹਾਂ ਦੇ ਨਮੇਂ ਬਣਦੇ ਘਰੇ ਪਹੁੰਚੋ’।
ਸਪੀਕਰ ‘ਚੋਂ ਹੋਕਾ ਸੁਣਦੇ ਸਾਰ ਸੱਥ ਵਾਲੇ ਸਾਰੇ ਜਣੇ ਹੇਰਾ ਫ਼ੇਰੀ ਨਾਲ ‘ਕੱਠੇ ਕੀਤੇ ਪੈਸਿਆਂ ਦੀਆਂ ਗੱਲਾਂ ਕਰਦੇ ਸਰਕਸ ਵਾਲੇ ਸਕੀਮੀਆਂ ਦੇ ਘਰ ਨੂੰ ਭੱਜ ਨਿਕਲੇ ਤੇ ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।