ਪਿੰਡ ਦੀ ਸੱਥ ਵਿੱਚੋਂ (ਕਿਸ਼ਤ-190)

main-news-300x150ਸੱਥ ਕੋਲ ਦੀ ਸਾਇਕਲ ‘ਤੇ ਲੰਘੇ ਜਾਂਦੇ ਮਰੇ ਹੋਏ ਪਸੂਆਂ ਦੇ ਠੇਕੇਦਾਰ ਰੇਸ਼ਮ ਨੂੰ ਵੇਖ ਕੇ ਘੁੱਲਾ ਸਰਪੰਚ ਸੱਥ ‘ਚ ਸਾਇਕਲ ਲਈ ਖੜ੍ਹੇ ਪ੍ਰੀਤੇ ਨਹਿੰਗ ਦੇ ਮੁੰਡੇ ਗੀਸੇ ਨੂੰ ਕਹਿੰਦਾ, ”ਓ ਨਹਿੰਗ ਦਿਆ ਮੁੰਡਿਆ! ਔਹ ਰੇਸ਼ਮ ਠੇਕੇਦਾਰ ਨੂੰ ‘ਵਾਜ ਮਾਰੀਂ ਓਏ, ਕਿਤੇ ਦੂਰ ਨਾ ਨੰਘ ਜੇ। ਮੋੜੀਂ ਓਹਨੂੰ।”
ਸਰਪੰਚ ਦਾ ਹੁਕਮ ਸੁਣ ਕੇ ਗੀਸਾ ਤਾਂ ਅਜੇ ਪਿੱਛੇ ਵੱਲ ਨੂੰ ਮੂੰਹ ਭਮਾਕੇ ਠੇਕੇਦਾਰ ਨੂੰ ਵੇਖਣ ਹੀ ਲੱਗਿਆ ਸੀ ਤਾਂ ਸੱਥ ‘ਚ ਬੈਠੇ ਕਈ ਜਣਿਆਂ ਨੇ ਰੇਸ਼ਮ ਠੇਕੇਦਾਰ ਨੂੰ ਇਉਂ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਮੇਂ ਜ਼ਿਲ੍ਹੇ ਦੀ ਕਚਹਿਰੀ ‘ਚ ਜੱਜਾਂ ਦੇ ਅਰਦਲੀ ਸੱਤ ਇਕਵੰਜਾ ਵਾਲੇ ਜ਼ਮਾਨਤੀਆਂ ਨੂੰ ‘ਆਵਾਜ਼ਾਂ ਮਾਰਦੇ ਹੋਣ। ਕੋਈ ਕਹੇ ‘ਓ ਠੇਕੇਦਾਰਾ’। ਕੋਈ ਕਹਿੰਦਾ ‘ਰੇਸ਼ਮ ਸਿਆਂ’। ਕੋਈ ਬੋਲਿਆ ‘ਠੇਕੇਦਾਰਾ ਮੁੜੀਂ ਮਾੜਾ ਜਾ’। ਕਿਸੇ ਨੇ ਗਿੱਦੜ ਚੀਕ ਮਾਰੀ ਤੇ ਕਿਸੇ ਨੇ ਬਿਨਾਂ ਨਾਂ ਲਏ ਓਏ ਓਏ ਕਹਿ ਕੇ ਆਪੋ ਆਪਣੇ ਲਹਿਜੇ ‘ਚ ਠੇਕੇਦਾਰ ਨੂੰ ਰੋਕਣ ਲਈ ਇਉਂ ਕਾਵਾਂ ਰੌਲੀ ਪਾ ਦਿੱਤੀ ਜਿਮੇਂ ਪ੍ਰਾਇਮਰੀ ਸਕੂਲ ਦੇ ਜੁਆਕ ਉੱਚੀ ਉੱਚੀ ਪਹਾੜੇ ਬੋਲਦੇ ਹੋਣ। ਸੱਥ ‘ਚੋਂ ਆਵਾਜ਼ਾਂ ਪਈਆਂ ਸੁਣ ਕੇ ਸੱਥ ਤੋਂ ਥੋੜ੍ਹੀ ਕੁ ਵਿੱਥ ‘ਤੇ ਰੇਸ਼ਮ ਠੇਕੇਦਾਰ ਸਾਇਕਲ ‘ਤੇ ਚੜ੍ਹਿਆ ਚੜ੍ਹਾਇਆ ਸੱਥ ਵੱਲ ਨੂੰ ਸਾਇਕਲ ਮੋੜ ਕੇ ਸੱਥ ‘ਚ ਆ ਕੇ ਬੋਲਿਆ, ”ਹਾਂ ਜੀ ਦੱਸੋ। ਬਲਾ ਚੀਕ ਚੰਘਿਆੜਾ ਪਾਇਆ ਜਿਮੇਂ ਗਾਹਾਂ ਮੈਂ ਪਿੰਡ ਛੱਡ ਚੱਲਿਆ ਹੋਮਾਂ। ਨਾਲੇ ਆਹ ਕੀ ਬਈ, ਓਏ, ਓਏ, ਓਏ। ਰੇਸ਼ਮ ਸਿਉਂ ਧਰਿਆ ਮੇਰਾ ਨਾਂ ਮੇਰੇ ਮਾਂ ਪਿਉ ਨੇ। ਏਥੇ ਸੱਥ ‘ਚ ਆ ਕੇ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ?”
ਰੇਸ਼ਮ ਨੂੰ ਹਰਖਿਆ ਵੇਖ ਕੇ ਬਾਬੇ ਪਾਖਰ ਸਿਉਂ ਨੇ ਰੇਸ਼ਮ ਨੂੰ ਠੰਢਾ ਕੀਤਾ। ਬਾਬਾ ਕਹਿੰਦਾ, ”ਓਏ ਰੇਸ਼ਮ ਸਿਆਂ ਕਾਹਤੋਂ ਖਿਝ ਗਿਐਂ। ਸੱਥ ‘ਚੋਂ ਬੰਦਿਆਂ ਨੇ ਈ ਵਾਜਾਂ ਮਾਰੀਆਂ ਕਿਤੇ ਕਤਲ ਦੀ ਪੇਸ਼ੀ ‘ਤੇ ਤਾਂ ਨ੍ਹੀ ਵਾਜ ਪਈ। ਸ਼ੈਂਕਲ ਖੜ੍ਹਾ ਕਰ ਕੇ ਆ ਜਾ ਬਹਿ ਕੇ ਗੱਲ ਸੁਣ।”
ਓਸੇ ਸਮੇਂ ਸੱਥ ‘ਚ ਆਇਆ ਜੀਤ ਮਾਸਟਰ ਰੇਸ਼ਮ ਨੂੰ ਕਹਿੰਦਾ, ”ਸਰਪੰਚ ਨੇ ਸੱਦਿਆ ਤੈਨੂੰ।”
ਰੇਸ਼ਮ ਘੁੱਲੇ ਸਰਪੰਚ ਨੂੰ ਕਹਿੰਦਾ, ‘ਹਾਂ ਜੀ ਸਰਪੈਂਚ ਸਾਹਬ, ਦੱਸੋ ਜੀ?”
ਸਰਪੰਚ ਕਹਿੰਦਾ, ”ਆਹ ਸ਼ੈਂਕਲ ਖੜ੍ਹਾ ਕੇ ਉਰ੍ਹੇ ਹੋ ਮਾੜਾ ਜਾ।”
ਰੇਸ਼ਮ ਕਹਿੰਦਾ, ”ਕੋਈ ਨ੍ਹੀ ਐਥੇ ਈ ਦੱਸ ਦਿਉ ਜੀ ਸ਼ੈਂਕਲ ਦੇ ਸਟੈਂਡ ਹੈਨ੍ਹੀ।”
ਨਾਥਾ ਅਮਲੀ ਰੇਸ਼ਮ ਠੇਕੇਦਾਰ ਦੀ ਗੱਲ ਸੁਣ ਕੇ ਠੇਕੇਦਾਰ ਨੂੰ ਕਹਿੰਦਾ, ”ਕਾਠੀ ਤਾਂ ਸ਼ੈਕਲ ਮਗਰ ਬੱਗੜ ਦਖਾਣ ਦੇ ਬਣਾਏ ਗੱਡੇ ਦੇ ਤਵੀਤ ਜਿੱਡੀ ਲਾਈ ਫ਼ਿਰਦੈਂ ਓਏ, ਸਟੈਂਡ ਹੈਨ੍ਹੀ ਹੈਂਅ। ਜਾਹ ਓਏ ਬਿਨਾਂ ਬੱਤੀ ਆਲੇ ਦੀਵੇ ਦਿਆ ਥੱਲਿਆ। ਆਹ ਸ਼ੱਥ ਆਲੇ ਥੜ੍ਹੇ ਨਾਲ ਲਾ ਕੇ ਉਰ੍ਹੇ ਹੋ ਕੇ ਗੱਲ ਸੁਣ ਸੜਪੈਂਚ ਦੀ। ਭੱਜਿਆ ਜਾਨੈਂ ਜਿਮੇਂ ਗਾਹਾਂ ਦਾਖ ਮੜੱਕੇ ਨੂੰ ਪਾਣੀ ਲਾਉਣਾ ਹੁੰਦਾ। ਸਿੱਟਦੇ ਪਰਾਂ ਸ਼ੈਂਕਲ ਜਾ, ਕੁਸ ਨ੍ਹੀ ਟੁੱਟਦਾ ਇਹਦਾ।”
ਲੱਤਾਂ ਲਮਕਾਈ ਥੜ੍ਹੇ ‘ਤੇ ਬੈਠੇ ਬੁੱਘਰ ਦਖਾਣ ਨੇ ਬੈਠੇ ਬੈਠੇ ਨੇ ਰੇਸ਼ਮ ‘ਤੋਂ ਸਾਇਕਲ ਫ਼ੜ ਕੇ ਠੇਕੇਦਾਰ ਨੂੰ ਸਰਪੰਚ ਵੱਲ ਭੇਜ ਕੇ ਬੁੱਘਰ ਕਹਿੰਦਾ, ”ਜਾਹ ਸੁਣ ਲਾ ਸਰਪੈਂਚ ਦੀ ਗੱਲ ਹੁਣ, ਫ਼ੜਿਆ ਵਿਆ ਸ਼ੈਂਕਲ, ਛੱਡਦੇ।”
ਜਿਉਂ ਹੀ ਰੇਸ਼ਮ ਠੇਕੇਦਾਰ ਸਰਪੰਚ ਦੇ ਨੇੜੇ ਹੋਇਆ ਤਾਂ ਸਾਰੇ ਸੱਥ ਵਾਲੇ ਵੀ ਸਰਪੰਚ ਤੇ ਰੇਸ਼ਮ ਵੱਲ ਇਉਂ ਵੇਖਣ ਲੱਗ ਪਏ ਜਿਮੇਂ ਦੁਪਹਿਰ ਦੀ ਗਰਮੀਂ ‘ਚ ਬੱਸ ਅੱਡੇ ‘ਚ ਖੜ੍ਹੀ ਬੱਸ ‘ਚ ਬੈਠੀਆਂ ਸਵਾਰੀਆਂ ਬਾਰੀ ਵਿੱਚ ਖੜ੍ਹ ਕੇ ਮਿੱਠੀਆਂ ਗੋਲੀਆਂ, ਪਾਪੜ ਤੇ ਹੋਰ ਨਿੱਕ-ਸੁੱਕ ਵੇਚਣ ਵਾਲੇ ਦਾ ਹੋਕਾ ਸੁਣ ਕੇ ਓਹਦੇ ਵੱਲ ਵੇਖਣ ਲੱਗ ਪੈਂਦੇ ਹਨ ਬਈ ਇਹ ਕੀ ਵੇਚਦਾ? ਘੁੱਲਾ ਸਰਪੰਚ ਰੇਸ਼ਮ ਨੂੰ ਕੋਲ ਬਿਠਾ ਕੇ ਕਹਿੰਦਾ, ”ਰੇਸ਼ਮ ਸਿਆਂ! ਆਪਣੇ ਓਧਰਲੇ ਛਿਪਦੇ ਪਾਸੇ ਆਲੇ ਛੱਪੜ ਕੋਲੇ ਯਾਰ ਕਿੰਨੇ ਦਿਨਾਂ ਦਾ ਕਹਿੰਦੇ ਗਧਾ ਮਰਿਆ ਪਿਆ, ਉਹਨੂੰ ਯਾਰ ਚੱਕ ਕੇ ਹੱਡਾਂ ਰੋੜੀ ‘ਚ ਸਿੱਟੋ। ਕਈ ਘਰਾਂ ਆਲਿਆਂ ਨੇ ਦੱਸਿਆ ਬਈ ਮਰਦਾਰ ਦੀ ਬਦਬੂ ਬਹੁਤ ਆਉਂਦੀ ਐ। ਕੀ ਗੱਲ ਟੈਮ ਟੂੰਮ ਨ੍ਹੀ ਲੱਗਿਆ ਕੁ ਗਧੇ ਗੂਧੇ ਚੱਕਣੇ ਨ੍ਹੀ ਕੀਤੇ। ਨਾਲੇ ਪਤਾ ਕਰੋ ਬਈ ਉਹ ਗਧਾ ਸੀ ਕੀਹਦਾ?”
ਗੇਲੇ ਕਾਮਰੇਡ ਨੇ ਰੇਸ਼ਮ ਨੂੰ ਪੁੱਛਿਆ, ”ਠੇਕੇਦਾਰਾ! ਜੀਹਦਾ ਕੀਹਦਾ ਵੀ ਉਹ ਗਧਾ, ਤੈਨੂੰ ‘ਤਲਾਹ ਨ੍ਹੀ ਦਿੱਤੀ ਓਹਨੇ ਬਈ ਮੇਰਾ ਗਧਾ ਫ਼ਲਾਨੇ ਛੱਪੜ ‘ਤੇ ਮਰ ਗਿਆ ਤੂੰ ਜਾ ਕੇ ਚੱਕ ਲੈ?”
ਰੇਸ਼ਮ ਕਹਿੰਦਾ, ”ਕਾਮਰੇਟਾ ਜੇ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਹੁਣ ਨੂੰ ਚੱਕ ਕੇ ਸਿੱਟ ਵੀ ਆਉਂਦਾ ਕਦੋਂ ਦਾ। ਮੈਨੂੰ ਤਾਂ ਹੁਣ ਦੱਸਿਆ ਤੁਸੀਂ। ਹੁਣ ਮੈਂ ਅੱਜ ਈ ਚੱਕ ਕੇ ਸਿੱਟਿਆਉਣਾ ਆਥਣ ਨੂੰ।”
ਸੀਤਾ ਮਰਾਸੀ ਕਹਿੰਦਾ, ”ਆਥਣ ਕਦੋਂ ਆਇਆ ਠੇਕੇਦਾਰਾ। ਤੂੰ ਹੁਣੇ ਜਾ ਕੇ ਚੱਕ ਕੇ ਲਿਆ। ਆਥਣ ਤਕ ਤਾਂ ਸਾਰਾ ਪਿੰਡ ਬੇਹੋਸ਼ ਹੋ ਜੂ ਬਦਬੂ ਨਾਲ। ਛੱਪੜ ਦੇ ਨੇੜੇ ਆਲੇ ਘਰਾਂ ਕੋਲ ਤਾਂ ਖੜ੍ਹਾ ਨ੍ਹੀ ਜਾਂਦਾ। ਉਹ ਘਰਾਂ ਆਲੇ ਪਤਾ ਨ੍ਹੀ ਕਿਮੇਂ ਰਹਿੰਦੇ ਹੋਣਗੇ।”
ਸਰਪੰਚ ਨੇ ਵੀ ਰੇਸ਼ਮ ਨੂੰ ਤਾੜ ਦੇ ਕੇ ਕਿਹਾ, ”ਤੂੰ ਹੁਣ ਚੱਕ ਕੇ ਲਿਆ। ਆਥਣ ਹੋਣ ‘ਚ ਤਾਂ ਹਜੇ ਸੱਤ-ਅੱਠ ਘੈਂਟੇ ਪਏ ਐ। ਜਾਹ ਭੱਜ ਜਾ ਹੁਣੇ ਈ ਜਾਹ।”
ਰੇਸ਼ਮ ਦਾ ਬਿਨਾਂ ਸਟੈਂਡੋਂ ਸਾਇਕਲ ਫ਼ੜੀ ਬੈਠਾ ਬੁੱਘਰ ਦਖਾਣ ਸਾਇਕਲ ਦੀ ਪਿਛਲੀ ਕਾਠੀ ‘ਤੇ ਹੱਥ ਮਾਰ ਕੇ ਕਹਿੰਦਾ, ”ਐਸੇ ਪੀਂਘੇ ਜੇ ‘ਤੇ ਈ ਜਾ ਕੇ ਰੱਖ ਲਿਆ।”
ਬਚਨੇ ਰਾਠ ਦਾ ਗੋਪੀ ਕਹਿੰਦਾ, ”ਹੁਣ ਨ੍ਹੀ ਗਧਾ ਰਿਹਾ ਓਹੋ। ਹੁਣ ਤਾਂ ਫੁੱਲ ਕੇ ਹਾਥੀ ਅਰਗਾ ਬਣਿਆ ਪਿਆ। ਬਲਦ ਆਲੀ ਗੱਡੀ ਗੁੱਡੀ ‘ਤੇ ਆਊ।”
ਸੀਤਾ ਮਰਾਸੀ ਕਹਿੰਦਾ, ”ਆਹ ਸ਼ੈਂਕਲ ਦੀ ਕਾਠੀ ਗੱਡੀ ਤੋਂ ਘੱਟ ਐ ਕਿਤੇ। ਇਹਦੇ ‘ਤੇ ਤਾਂ ਭਾਮੇਂ ਸਾਨ੍ਹ ਲੱਦ ਲਾ।”
ਰੇਸ਼ਮ ਠੇਕੇਦਾਰ ਸਰਪੰਚ ਨੂੰ ਕਹਿੰਦਾ, ”ਆਥਣ ਨੂੰ ਮੈਂ ਗਧਾ ਚੱਕ ਦੂੰ ਜੀ। ਤੁਸੀਂ ਫ਼ਿਕਰ ਨਾ ਕਰੋ।”
ਨਾਥਾ ਅਮਲੀ ਵੀ ਬੋਲਿਆ ਫ਼ਿਰ, ”ਹੁਣ ਤੂੰ ਕੀ ਕਰਨਾ ਓਏ। ਹੁਣ ਵੇਹਲਾਂ ਈ ਐਂ ਤੂੰ। ਹੁਣ ਕਿਹੜਾ ਮੂੰਗਲੀਆਂ ਫ਼ੇਰਨੀਐਂ। ਓਧਰੇ ਈ ਹੱਡਾਂਰੋਡੀ ਐ, ਮਿੰਟ ਤੈਨੂੰ ਢਾਈ ਨ੍ਹੀ ਲੱਗਣੇ।”
ਨਾਥੇ ਅਮਲੀ ਦੀ ਗੱਲ ਸੁਣ ਕੇ ਠੇਕੇਦਾਰ ਕਹਿੰਦਾ, ”ਪਹਿਲਾਂ ਚੜ੍ਹਤੇ ਬੁੜ੍ਹੇ ਕੇ ਘੈਰੇ ਕਾ ਬੋਤਾ ਮਰ ਗਿਆ ਉਹ ਚੱਕ ਕੇ ਲਜਾਣੈ, ਫ਼ੇਰ ਓਦੂੰ ਮਗਰੋਂ ਗਧਾ ਚੱਕ ਕੇ ਸਿਟਿਆਊਂ।”
ਘੈਰੇ ਕੇ ਬੋਤੇ ਦੇ ਮਰ ਜਾਣ ਦੀ ਖਬਰ ਸੁਣ ਕੇ ਸੱਥ ‘ਚ ਬੈਠੇ ਕਈਆਂ ਨੇ ਰੇਸ਼ਮ ਨੂੰ ਪੁੱਛਿਆ, ”ਉਨ੍ਹਾਂ ਦਾ ਬੋਤਾ ਕਦੋਂ ਮਰ ਗਿਆ ਬਈ? ਕੱਲ੍ਹ ਤਾਂ ਘੈਰਾ ਮੰਡੀਉਂ ਆਇਆ ਪਿਆਰੇ ਬਾਣੀਏ ਕੀ ਕਪਾਹ ਸਿੱਟ ਕੇ।”
ਨਾਥਾ ਅਮਲੀ ਸੱਥ ‘ਚ ਬੋਤੇ ਦੇ ਮਰ ਜਾਣ ਦੀ ਗੱਲ ਛਿੜੀ ਸੁਣ ਕੇ ਉੱਚੀ ਉੱਚੀ ਹੱਸ ਕੇ ਠੇਕੇਦਾਰ ਨੂੰ ਕਹਿੰਦਾ, ”ਜਾਹ ਪਹਿਲਾਂ ਬੋਤਾ ਚੱਕ ਕੇ ਲੈ ਜਾ, ਗਧਾ ਫ਼ੇਰ ਚੱਕ ਲੀਂ। ਜਾਹ ਜਾਂਦਾ ਰਹਿ। ਜਾਣ ਦੇ ਸ਼ੜਪੈਂਚਾ ਇਹਨੂੰ। ਕਰ ਲੈਣ ਦੇ ਜਿਮੇਂ ਕਰਦਾ।”
ਅਮਲੀ ਨੂੰ ਬੋਤੇ ਦੀ ਗੱਲ ਤੋਂ ਹੱਸਿਆ ਵੇਖ ਕੇ ਬਾਬੇ ਪਾਖਰ ਸਿਉਂ ਨੇ ਅਮਲੀ ਨੂੰ ਪੁੱਛਿਆ, ”ਨਾਥਾ ਸਿਆਂ ਤੂੰ ਹੱਸਿਐਂ ਬਈ, ਬੋਤੇ ਦੀ ਗੱਲ ਐ ਕੋਈ?”
ਅਮਲੀ ਵੀ ਬੋਤੇ ਦੇ ਮਰਨ ਦੀ ਗੱਲ ਸੁਣਾਉਣ ਨੂੰ ਹੱਥਾਂ ਪੈਰਾਂ ‘ਚ ਆ ਗਿਆ। ਉਹ ਚਾਹੁੰਦਾ ਸੀ ਬਈ ਰੇਸ਼ਮ ਸੱਥ ‘ਚੋਂ ਚਲਾ ਜਾਵੇ ਮੈਂ ਫ਼ੇਰ ਖੋਹਲਾਂ ਪਟਾਰੀ। ਅਮਲੀ ਨੇ ਫ਼ੇਰ ਰੇਸ਼ਮ ਨੂੰ ਕਿਹਾ, ”ਤੂੰ ਜਾਹ ਯਾਰ ਹੁਣ, ਕੰਮ ਨਬੇੜ ਪਰ੍ਹਾਂ। ਬੋਤਾ ਗਧਾ ਸਿੱਟ ਕੇ ਫ਼ੇਰ ਆ ਜੀਂ। ਅਸੀਂ ਐਥੇ ਸੱਥ ‘ਚ ਈ ਹੋਵਾਂਗੇ ਅੱਧੀ ਰਾਤ ਤੱਕ। ਜਾਹ ਜਾਂਦਾ ਰਹਿ।”
ਜਦੋਂ ਰੇਸ਼ਮ ਠੇਕੇਦਾਰ ਸੱਥ ‘ਚੋਂ ਚਲਾ ਗਿਆ ਤਾਂ ਨਾਥੇ ਅਮਲੀ ਨੇ ਘੈਰੇ ਕੇ ਮਰੇ ਬੋਤੇ ਦੀ ਗੱਲ ਛੇੜ ਲਈ। ਪੈਰਾਂ ਭਾਰ ਹੋ ਕੇ ਨਾਥਾ ਅਮਲੀ ਬਾਬੇ ਪਾਖਰ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਹੁਣ ਸੁਣ ਲਾ ਬਾਬਾ ਬੋਤੇ ਦੀ ਵੀ ਗੱਲ। ਘੈਰੇ ਕਾ ਬੋਤਾ ਆਇਆ ਤਾਂ ਮੰਡੀਉਂ ਈਂ ਸੀ ਪਰਸੋਂ ਪਿਆਰੇ ਬਾਣੀਏ ਕੀ ਕਪਾਹ ਲਾਹ ਕੇ, ਪਰ ਕੱਲ੍ਹ ਵੱਗਾਂ ਵੇਲੇ ਖੜ੍ਹਾ ਖੜ੍ਹਾ ਇੱਕ ਦਮ ਡਿੱਗ ਪਿਆ। ਡਿੱਗਦੇ ਸਾਰ ਈ ਬੋਤਾ ਮਰ ਗਿਆ। ਉਹ ਭੱਜ ਕੇ ਚੂਹੜ ਸਲੋਤਰੀ ਨੂੰ ਸੱਦ ਕੇ ਲਿਆਏ ਬਈ ਬੋਤੇ ਨੂੰ ਪਤਾ ਨ੍ਹੀ ਕੀ ਹੋ ਗਿਆ। ਜਦੋਂ ਚੂਹੜ ਸਲੋਤਰੀ ਆਇਆ ਤਾਂ ਉਹ ਕਹਿੰਦਾ ‘ਬੋਤਾ ਤਾਂ ਭਾਈ ਸੋਡਾ ਮਰ ਗਿਆ’। ਜਦੋਂ ਬੋਤੇ ਦਾ ਪੱਕਾ ਪਤਾ ਲੱਗਿਆ ਬਈ ਬੋਤਾ ਮਰ ਈ ਗਿਆ ਤਾਂ ਘੈਰੇ ਕੇ ਘਰੇ ਰੋਣਾ ਧੋਣਾ ਸ਼ੁਰੂ ਹੋ ਗਿਆ। ਸਾਰਾ ਟੱਬਰ ਉੱਚੀ ਉੱਚੀ ਰੋਵੇ। ਘੈਰੇ ਕੀਆਂ ਬੁੜ੍ਹੀਆਂ ਤਾਂ ਸੱਥਰ ਵਛਾ ਕੇ ਰੋਣ ਲੱਗ ਪੀਆਂ। ਆਂਢ-ਗੁਆਂਢ ‘ਚੋਂ ਹੋਰ ਅੱਠ ਦਸ ਬੁੜ੍ਹੀਆਂ ਆ ਗੀਆਂ। ਪਿੰਡ ‘ਚੋਂ ਵੀ ਬੰਦੇ ਆ ਗੇ ਮੂੰਹ ਮਲ੍ਹਾਜੇ ਬਈ ਪਤਾ ਨ੍ਹੀ ਕੀ ਗੱਲ ਹੋ ਗੀ। ਲੋਕਾਂ ਨੂੰ ਘਰੇ ਆਇਆਂ ਨੂੰ ਪਤਾ ਲੱਗਿਆ ਬਈ ਇਹ ਤਾਂ ਬੋਤਾ ਮਰੇ ਤੋਂ ਰੋਂਦੇ ਐ। ਘਰੇ ਅੱਧੇ ਪਿੰਡ ਦਾ ‘ਕੱਠ ਹੋ ਗਿਆ। ਓਧਰੋਂ ਕਿਤੇ ਘੈਰਾ ਆ ਗਿਆ ਆਥਣੇ ਜੇ ਘਰੇ। ਘੈਰਾ ਵੇਖ ਲਾ ਰੋਡਵੇਸ ਬੱਸ ‘ਤੇ ਕਲੀਂਡਰ ਲੱਗਿਆ ਵਿਆ। ਮੋਗੇ ਤੋਂ ਸਰਸਾ ਹਿਸਾਰ ਆਲੇ ਰੂਟ ‘ਤੇ ਚੱਲਦਾ। ਪਤੰਦਰ ਕਿਸੇ ਸਵਾਰੀ ਨੂੰ ਟਿਕਟ ਈ ਨ੍ਹੀ ਦਿੰਦਾ ਧੁਰ ਤਕ। ਸਾਰੀ ਦੀ ਸਾਰੀ ਬੱਸ ਦੀਆਂ ਸਵਾਰੀਆਂ ਤੋਂ ਪੈਂਸੇ ਲੈ ਕੇ ਝੋਲੇ ‘ਚ ਪਾ ਲੈਂਦਾ। ਜਦੋਂ ਘੈਰੇ ਨੇ ਵੇਖਿਆ ਬਈ ਸਾਰਾ ਟੱਬਰ ਰੋਈ ਜਾਂਦਾ ਖਣੀ ਬਾਪੂ ਈ ਨਾ ਕਿਤੇ ਚੜ੍ਹਾਈ ਕਰ ਗਿਆ ਹੋਵੇ। ਬਾਪੂ ਆਪ ਢਿੱਲੇ ਜੇ ਬੁੱਲ੍ਹ ਕਰੀ ਮੂੰਹ ਜਾ ਲਮਕਾਈ ਬੈਠਾ ਸੀ। ਘੈਰੇ ਨੇ ਆਵਦੇ ਬਾਪੂ ਚੜ੍ਹਤੇ ਬੁੜ੍ਹੇ ਨੂੰ ਪੁੱਛਿਆ ਬਈ ਕੀ ਗੱਲ ਹੋ ਗੀ ਐਨਾ ‘ਕੱਠ ਕਿਉਂ ਹੋਇਆ ਪਿਆ ਘਰੇ। ਨਾਲੇ ਰੋਣ ਧੋਣ ਕਾਹਦਾ ਪਾਇਆ। ਕੀ ਗੱਲ ਐ? ਅਕੇ ਚੜ੍ਹਤਾ ਬੁੜ੍ਹਾ ਹੌਕੇ ਜੇ ਲੈ ਕੇ ਕਹਿੰਦਾ ‘ਆਪਣਾ ਬੋਤਾ ਮਰ ਗਿਆ ਪੁੱਤ ਘੈਰਿਆ, ਘਰ ਈ ਸੁੰਨਾ-ਸੁੰਨਾ ਲੱਗਦਾ’। ਜਦੋਂ ਘੈਰੇ ਨੇ ਸੁਣਿਆਂ ਬਈ ਇਹ ਤਾਂ ਸਾਰਾ ਟੱਬਰ ਬੋਤੇ ਦੇ ਮਰਨ ਕਰਕੇ ਰੋਂਦਾ ਤਾਂ ਘੈਰਾ ਚੜ੍ਹਤੇ ਬੁੜ੍ਹੇ ਨੂੰ ਕਹਿੰਦਾ ‘ਆਪਣਾ ਬੋਤਾ ਨ੍ਹੀ ਬਾਪੂ ਮਰਿਆ, ਬੋਤਾ ਤਾਂ ਰੋਡਵੇਜ਼ ਦਾ ਮਰ ਗਿਆ। ਤੂੰ ਕਿਉਂ ਰੋਨੈਂ’। ਘੈਰਾ ਕਲੀਂਡਰੀ ਆਲਾ ਪੈਂਸਿਆਂ ਨਾਲ ਭਰਿਆ ਵਿਆ ਝੋਲਾ ਚੜ੍ਹਤੇ ਬੁੜ੍ਹੇ ਦੀ ਝੋਲੀ ‘ਚ ਢੇਰੀ ਕਰ ਕੇ ਕਹਿੰਦਾ ‘ਚੱਕ ਬਾਪੂ ਪੈਂਸੇ, ਜਾਹ ਜਾ ਕੇ ਭਗਤੇ ਆਲੇ ਗਰਦਿਆਲ ਸਿਉਂ ਤੋਂ ਹੋਰ ਬੋਤਾ ਲੈ ਆ। ਆਪਾਂ ਕਿਉਂ ਰੋਈਏ, ਰੋਣ ਰੋਡਵੇਸ ਮੋਗੇ ਆਲੇ। ਆਹ ਗੱਲ ਐ ਬਾਬਾ ਬੋਤੇ ਦੀ।”
ਮਾਹਲਾ ਨੰਬਰਦਾਰ ਕਹਿੰਦਾ, ”ਬੋਤਾ ਸੀ ਵੀ ਬਹੁਤ ਵਧੀਆ ਬਈ। ਰਾਜੀ ਬਹੁਤ ਸੀ। ਰਾਤ ਨੂੰ ਜਦੋਂ ਮੰਡੀ ਨਰਮਾ ਕਪਾਹ ਲੈ ਕੇ ਜਾਂਦੇ ਸੀ, ਬੁੜ੍ਹਾ ਚੜ੍ਹਤਾ ਤਾਂ ਗੱਡੀ ‘ਤੇ ਚੜ੍ਹ ਕੇ ਸੌਂ ਜਾਂਦਾ ਸੀ, ਬੋਤਾ ਆਪਣੇ ਆਪ ਕੋਟ ਆਲੀ ਮੰਡੀ ‘ਚ ਜਾ ਰੁੱਕਦਾ ਸੀ ਐਨਾ ਸਿਆਣਾ ਸੀ।”
ਨੰਬਰਦਾਰ ਤੋਂ ਬੋਤੇ ਦੀ ਸਿਫ਼ਤ ਸੁਣ ਕੇ ਬਾਬਾ ਪਾਖਰ ਸਿਉਂ ਕਹਿੰਦਾ, ”ਫ਼ੇਰ ਤਾਂ ਯਾਰ ਚੱਲੋ ਆਪਾਂ ਵੀ ਮਸੋਸ ਕਰ ਈ ਆਈਏ।”
ਜਿਉਂ ਹੀ ਬਾਬਾ ਸੱਥ ‘ਚ ਉੱਠ ਕੇ ਚੜ੍ਹਤੇ ਬੁੜ੍ਹੇ ਕੇ ਘਰ ਨੂੰ ਬੋਤੇ ਦਾ ਅਫ਼ਸੋਸ ਕਰਨ ਤੁਰ ਪਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਬਾਬੇ ਦੇ ਨਾਲ ਚੜ੍ਹਤੇ ਕੇ ਘਰ ਨੂੰ ਚੱਲ ਪਏ।