ਇਕਬਾਲ ਸਿੰਘ ਜੱਬੋਵਾਲੀਆ
ਸੈੱਲ: 917-375-6395
ਯੂ-ਟਿਊਬ ‘ਤੇ ਪਹਿਲੀ ਵਾਰ ਇਟਲੀ ਦੇ ਗੋਰਿਆਂ ਨੇ ਉਹਦੀ ਕਲਾ ਵੇਖੀ ਤੇ ਉਹਦੇ ਨਾਲ ਸੰਪਰਕ ਕੀਤਾ ਅਤੇ ਇਟਲੀ ਦੇ ਪੇਪਰ ਭੇਜ ਦਿੱਤੇ. ਟਿਕਟ, ਰਿਹਾਇਸ਼ ਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਮੁਫ਼ਤ ਕੀਤਾ. ਹੱਸਦਾ ਉਹ ਕਹਿਣ ਲੱਗਾ, ”ਮੇਰੇ ਤਾਂ ਸਿਰਫ਼ 60 ਰੁਪਏ ਲੱਗੇ. ਕਾਰੇ-ਬਾਰੇ ਤੋਂ ਸਮਰਾਲੇ ਚੌਂਕ ਤਕ 10 ਰੁਪਏ ਆਟੋ ਕਿਰਾਇਆ ਤੇ ਸਮਰਾਲੇ ਚੌਂਕ ਤੋਂ ਚੰਡੀਗੜ੍ਹ ਦਾ 50 ਰੁਪਏ ਬੱਸ ਕਿਰਾਇਆ. ਚੰਡੀਗੜ੍ਹ ਤੋਂ ਦਿੱਲੀ ਦੀ ਲੋਕਲ ਫ਼ਲਾਇਟ ਤੇ ਦਿੱਲੀ ਤੋਂ ਸਿੱਧਾ ਇਟਲੀ.” ਇਟਲੀ ਦੇ ਗੋਰਿਆਂ ਦੀ ਰਹਿਮਦਿਲੀ ਨਾਲ ਉਹ ਉਹਨਾਂ ਦੀ ਧਰਤੀ ‘ਤੇ ਪਹੁੰਚ ਗਿਆ. ਏਅਰਪੋਰਟ ਤੋਂ ਸਿੱਧਾ ਹੋਸਟਲ. ਰਾਕੇਸ਼ ਨੂੰ ਯਕੀਨ ਨਾ ਆਵੇ ਕਿ ਉਹ ਵਿਦੇਸ਼ੀ ਧਰਤੀ ‘ਤੇ ਬੈਠਾ ਹੈ. ਜਦੋਂ ਉਹ ਘਰੋਂ ਤੁਰਿਆ ਸੀ ਤਾਂ ਚੰਡੀਗੜ੍ਹ ਤੋਂ ਦਿੱਲੀ ਤਕ ਉਹਦਾ ਭਰਾ ਨਾਲ ਗਿਆ. ਉਹਦੇ ਭਰਾ ਨੂੰ ਯਕੀਨ ਨਾ ਆਵੇ ਕਿ ਉਹਦਾ ਭਰਾ ਰਾਕੇਸ਼ ਬਾਹਰਲੇ ਮੁਲਕ ਨੂੰ ਜਾ ਰਿਹੈ ਤੇ ਉਹ ਹਵਾਈ ਜਹਾਜ਼ ‘ਚ ਬੈਠੇ ਹਨ. ਇਧਰ ਉਹ ਜਹਾਜ਼ ‘ਚ ਬਹਿ ਕੇ ਇਟਲੀ ਨੂੰ ਜਾ ਰਿਹਾ ਸੀ ਤੇ ਉਧਰ ਉਹਦੇ ਘਰ ਦੀਆਂ ਛੱਤਾਂ ਚੋਅ ਰਹੀਆਂ ਸਨ. ਖ਼ੁਸ਼ੀ ਨਾਲ ਹੰਝੂ ਆ ਗਏ. ਮਨ ਭਰ ਆਇਆ ਕਿ ਪ੍ਰਮਾਤਮਾ ਨੇ ਕਿਡੀ ਕ੍ਰਿਪਾ ਕੀਤੀ. ਕਿਸੇ ਗ਼ਰੀਬ ਦੀ ਬਾਂਹ ਫ਼ੜੀ ਹੈ.
ਉਹਨੇ ਭਰੇ ਮਨ ਨਾਲ ਕਿਹਾ ਕਿ ਪ੍ਰਮਾਤਮਾ ਨੇ ਉਹਦੀ ਬਾਂਹ ਜ਼ਰੂਰ ਫ਼ੜੀ ਹੈ, ਪਰ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੇ ਉਹਦੀ ਕੋਈ ਕਦਰ ਨਾ ਪਾਈ. ਕਿਸੇ ਤਰ੍ਹਾਂ ਦੀ ਕੋਈ ਮੱਦਦ ਨਾ ਕੀਤੀ. ਆਸ ਦੀ ਕੋਈ ਕਿਰਨ ਨਹੀਂ ਅਤੇ ਨਾ ਹੀ ਕੋਈ ਅੱਗੇ ਆਸ ਹੈ. ਕਬੱਡੀ ਖਿਡਾਰੀਆਂ ਨੂੰ ਤਾਂ ਲੱਖਾਂ-ਕਰੋੜਾਂ ਰੁਪਏ ਤੇ ਗੱਡੀਆਂ ਦਿੱਤੀਆਂ ਜਾ ਸਕਦੀਆਂ ਹਨ ਪਰ ਉਹਨੂੰ ਇੱਕ ਸਾਇਕਲ ਨਾ ਦੇ ਸਕੇ ਤੇ ਨਾ ਹੀ 20-30 ਹਜ਼ਾਰ ਰੁਪਏ ਦੀ ਨੌਕਰੀ. ਬੜਾ ਦੁੱਖ ਹੋਇਆ. ਗਿੰਨੀਜ਼ ਬੁੱਕ ਵਿੱਚ ਆਮ ਖਿਡਾਰੀ ਦਰਜ ਨਹੀਂ ਹੋ ਸਕਦਾ.
ਜਦੋਂ ਉਹ ਬਾਦਲ ਸਾਹਿਬ ਦੀ ਕੋਠੀ ਮਿਲਣ ਗਿਆ ਸੀ ਤਾਂ ਬਾਹਰ ਬੈਠਾ ਸਕਿਓਰਿਟੀ ਗਾਰਡ ਉਹਨੂੰ ਅੰਦਰ ਨਾ ਜਾਣ ਦੇਵੇ. ਉਹਨੂੰ ਸਾਰੇ ਸਰਟੀਫ਼ਿਕੇਟ ਵਿਖਾਉਣ ਦੇ ਬਾਵਜੂਦ ਵੀ ਕਹੀ ਜਾਵੇ, ”ਔਹ ਕੁਰਸੀ ‘ਤੇ ਬਹਿ ਜਾ, ਠਹਿਰ ਕੇ ਅੰਦਰ ਭੇਜਦਾ ਹਾਂ.” ਜਦੋਂ ਨੂੰ ਇੱਕ ਹੋਰ ਭਲਾ ਇਨਸਾਨ ਆ ਗਿਆ. ਉਹਨੇ ਰਾਕੇਸ਼ ਦੇ ਹੱਥਾਂ ‘ਚ ਸਰਟੀਫ਼ਿਕੇਟ ਦੇਖੇ ਤਾਂ ਉਸੇ ਵੇਲੇ ਬਾਦਲ ਸਾਹਿਬ ਕੋਲ ਅੰਦਰ ਲੈ ਗਿਆ.
ਬਾਦਲ ਸਾਹਿਬ ਨੇ ਨੌਕਰੀ ਦਿੱਤੀ ਜਾਂ ਨਹੀਂ ਜਾਂ ਕੋਈ ਬਹਾਨਾ ਲਾ ਦਿੱਤਾ ਉਹ ਵੱਖਰੀ ਗੱਲ ਹੈ ਪਰ ਉਸ ਭਲੇ ਇਨਸਾਨ ਨੂੰ ਰਾਕੇਸ਼ ਅੱਜ ਵੀ ਯਾਦ ਕਰ ਰਿਹਾ ਹੈ.
ਘਰ ਦੀ ਗ਼ਰੀਬੀ ਕੱਢਣ ਲਈ ਉਹਨੇ ਹਾਲੇ ਤਕ ਵਿਆਹ ਨਹੀਂ ਕਰਾਇਆ. ਘਰ ਦੀਆਂ ਤੰਗੀਆਂ ਤੁਰਸ਼ੀਆਂ ਦਾ ਫ਼ਿਕਰ ਜ਼ਰੂਰ ਹੈ. ਮਕਾਨ ਹਾਲੇ ਤਕ ਵੀ ਕੱਚੇ ਹਨ. ਬਰਸਾਤ ਦੇ ਦਿਨਾਂ ‘ਚ ਫ਼ਿਕਰ ਜ਼ਰੂਰ ਰਹਿੰਦੈ ਕਿਤੇ ਢਹਿ ਹੀ ਨਾ ਜਾਣ. ਇੰਨਾਂ ਜਰੂਰ ਹੈ ਕਿ ਉਹਦਾ ਪਰਿਵਾਰ ਰੱਜਵੀਂ ਰੋਟੀ ਖਾਣ ਜੋਗਾ ਹੋ ਗਿਆ ਹੈ.
ਪਿਤਾ ਤਰਸੇਮ ਲਾਲ ਅਤੇ ਮਾਤਾ ਪ੍ਰੀਤਮ ਕੌਰ ਦੇ ਲਾਡਲੇ ਪੁੱਤ ਰਾਕੇਸ਼ ਕੁਮਾਰ ਨੇ ਬੜੀ ਮੇਹਨਤ ਕੀਤੀ ਅਤੇ ਮਾਤਾ ਪਿਤਾ ਦਾ ਨਾਂ ਉੱਚਾ ਕੀਤਾ. ਉਹ ਪੰਜ ਭਰਾ ਹਨ. ਇੱਕ ਭਰਾ ਰਾਜਿੰਦਰ ਕੁਮਾਰ ਪੇਂਟਿਗਜ਼ ਦਾ ਸ਼ੌਕ ਰੱਖਦਾ ਹੈ. ਉਹਨੇ ਬਰਤਾਨੀਆ ਦੀ ਮਹਾਂਰਾਣੀ ਅਲੈਜ਼ਾਬਿਥ ਅਤੇ ਬਰਾਕ ਓਬਾਮਾ ਦੀ ਪੇਟਿੰਗ ਬਣਾਈ. ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਮਾਇਆਵਤੀ ਦੀ ਪੇਟਿੰਗ ਬਣਾ ਕੇ ਦੇ ਆਇਆ. ਭਾਰਤ ਗਏ ਤੇ ਬਰਾਕ ਓਬਾਮਾ ਨੂੰ ਮਿਲਣਾ ਚਾਹੁੰਦਾ ਸੀ, ਪਰ ਮਿਲ ਨਾ ਹੋਇਆ.
ਅੱਜਕੱਲ੍ਹ ਉਹ ਨਿਊ ਯੌਰਕ ਦੀ ਧਰਤੀ ‘ਤੇ ਆਇਆ ਹੋਇਐ. ਨਿਊ ਯੌਰਕ ਦੇ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਦੂਜੇ ਮੁੱਲਕਾਂ ‘ਚ ਭਾਰਤ ਦਾ ਨਾਂ ਉੱਚਾ ਕਰਨ ਵਾਲਾ ਪੰਜਾਬ ਦਾ ਗੱਭਰੂ ਰਾਕੇਸ਼ ਕੁਮਾਰ ਇਸ ਧਰਤੀ ‘ਤੇ ਘੁੰਮ ਰਿਹੈ.
ਉਹਦੀ ਕਲਾ ਦੀ ਕਦਰ ਅਤੇ ਥਾਪੜਾ ਦਿੰਦੇ ਹੋਏ ਨਿਊ ਯੌਰਕ ਦੇ ਸ਼੍ਰੀ ਗੁਰੂ ਰਵਿਦਾਸ ਗੁਰੂ-ਘਰ ਦੇ ਉਸ ਵੇਲੇ ਦੇ ਮੁੱਖ-ਸੇਵਾਦਾਰ ਸ੍ਰ. ਨਿਰਮਲ ਸਿੰਘ ਅਤੇ ਸਮੁੱਚੀ (ਪ੍ਰਬੰਧਕੀ ਤੇ ਟਰੱਸਟ) ਕਮੇਟੀ ਨੇ ਸੋਨੇ ਦੇ ਮੈਡਲ ਨਾਲ ਸਨਮਾਨਤ ਕੀਤਾ ਅਤੇ ਗੁਰੂ-ਘਰ ਦੀ ਸਮੂਹ ਸੰਗਤ ਨੇ ਵਡਮੁੱਲਾ ਪਿਆਰ ਦਿੱਤਾ. ਇੱਕ ਅੱਖ ਨਾਲ 20 ਕਿਲੋਗ੍ਰਾਮ ਅਤੇ ਇੱਕ ਕੰਨ ਨਾਲ 80 ਕਿਲੋਗ੍ਰਾਮ ਭਾਰ ਚੁੱਕ ਕੇ ਨਵੇਂ ਰਿਕਾਰਡ ਬਣਾਏ. ਇਸ ਵਕਤ ਉਹਦੇ 6 ਰਿਕਾਰਡ ਦਰਜ ਹੋ ਚੁੱਕੇ ਹਨ ਤੇ 22 ਉਹਦੇ ਕੋਲ ਹੋਰ ਪਏ ਹਨ ਜੋ ਇੱਕ ਇੱਕ ਕਰ ਕੇ ਸਾਰੇ ਗਿੰਨੀਜ਼-ਬੁੱਕ ਵਿੱਚ ਦਰਜ ਕਰਵਾਏਗਾ.
ਲੰਡਨ ਤੋਂ ਜਦੋਂ ਉਹ ਸ਼ੋਅ ਕਰ ਕੇ ਵਾਪਸ ਲੁਧਿਆਣੇ ਗਿਆ ਤਾਂ ਅਮਰੀਕਾ ਜਾਣ ਵਾਸਤੇ ਸੋਚਿਆ. ਅਮੈਰੀਕਨ-ਅੰਬੈਸੀ ਵੀਜ਼ਾ ਲੈਣ ਗਿਆ ਤਾਂ ਅੰਬੈਸੀ ਵਾਲਿਆਂ ਨੇ ਪੁੱਛਿਆ ਕਿ ਅਮਰੀਕਾ ਉਹ ਕੀ ਕਰਨ ਜਾਣਾ ਚਾਹੁੰਦਾ ਹੈ. ਤਾਂ ਉਹਨੇ ਦੱਸਿਆ ਕਿ ਅੱਖਾਂ ਤੇ ਕੰਨਾਂ ਨਾਲ ਭਾਰ ਚੁੱਕਦਾ ਹੈ. ਇਸ ਕਲਾ ਦਾ ਅਮਰੀਕਾ ਵਿੱਚ ਵੀ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ. ਰਾਕੇਸ਼ ਦੇ ਕਹਿਣ ‘ਤੇ ਅੰਬੈਸੀ ਵਾਲਿਆਂ ਨੇ ‘ਗੂਗਲ’ ‘ਤੇ ਜਾ ਕੇ ਭਾਰ ਚੁੱਕਦੇ ਨੂੰ ਵੇਖ ਕੇ ‘ਸਤਿ ਸ਼੍ਰੀ ਅਕਾਲ’ ਕਿਹਾ ਤੇ ਇੱਕ ਦਮ ਵੀਜ਼ਾ ਦੇ ਦਿੱਤਾ. ਉਹਦੀ ਕਿਸੇ ਸੰਸਥਾ ਜਾਂ ਕਿਸੇ ਹੋਰ ਨੇ ਮੱਦਦ ਨਹੀਂ ਕੀਤੀ. ਸਿਰਫ਼ ਪ੍ਰਮਾਤਮਾ ਨੇ ਬਾਂਹ ਫ਼ੜੀ.
ਅੱਜ-ਕੱਲ੍ਹ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਸੰਦੇਸ਼ ਹੈ ਕਿ ਨਸ਼ਿਆਂ ਤੋਂ ਬਚੋ. ਖੇਡਾਂ ਵੱਲ ਜ਼ਰੂਰ ਧਿਆਨ ਦਿਓੁ. ਮੇਹਨਤ ਨਾਲ ਕੋਈ ਵੀ ਕੰਮ ਕਰੋਗੇ ਤਾਂ ਜ਼ਰੂਰ ਸਫ਼ਲ ਹੋਵੋਗੇ. ਕੰਨਾਂ ਤੇ ਅੱਖਾਂ ਨਾਲ ਭਾਰ ਚੁੱਕ ਕੇ ਅੱਜ ਉਹ ਦੁਨੀਆਂ ਦੇ ਖ਼ੁਸ਼ਹਾਲ ਮੁੱਲਕਾਂ ਵਿੱਚ ਬੈਠਾ ਹੈ. ਅੱਖਾਂ ਸਿਰਫ਼ ਮਟਕੌਣ ਲਈ ਨਹੀਂ ਹੁੰਦੀਆਂ ਅਤੇ ਨਾ ਹੀ ਸਿਰਫ਼ ਕੰਨਾਂ ‘ਚ ਕੋਕੇ ਪਾਏ ਜਾ ਸਕਦੇ ਹਨ. ਇਨ੍ਹਾਂ ਤੋਂ ਹੋਰ ਕੰਮ ਵੀ ਲਏ ਜਾ ਸਕਦੇ ਹਨ. ਇਸ ਕਰਾਮਾਤ ਦੇ ਸਹਾਰੇ ਹਰ ਕੋਈ ਕਿਤੇ ਦੀ ਕਿਤੇ ਪਹੁੰਚ ਸਕਦਾ ਹੈ.
ਲੰਡਨ ਵਿੱਚ ਉਹਨੇ ਦੋ ਅੱਖਾਂ ਨਾਲ 30 ਕਿਲੋਗ੍ਰਾਮ ਭਾਰ ਚੁੱਕਿਆ ਸੀ. ਪਰ ਉਹਨੇ ਗਿੰਨੀਜ਼-ਬੁੱਕ ਵਿੱਚ ਹਾਲੇ ਦਰਜ ਨਹੀਂ ਕਰਾਇਆ. ਚੀਨ ਦੇ ਇੱਕ ਵਿਅਕਤੀ ਨੇ 23 ਕਿਲੋਗ੍ਰਾਮ ਚੁੱਕ ਕੇ ਇਹ ਰਿਕਾਰਡ ਬਣਾਇਆ ਹੈ. ਰਾਕੇਸ਼ ਜਦੋਂ ਮਰਜ਼ੀ ਇਹ ਰਿਕਾਰਡ ਤੋੜ ਸਕਦਾ ਹੈ.
ਨਿਊ ਯੌਰਕ ਦੇ ਪ੍ਰਸਿੱਧ ਧੁਰੇ ‘ਟਾਇਮਜ਼-ਸਕੂਐਰ’ ਏਰੀਏ ‘ਚ ਸ਼ੌਅ ਕਰਨਾ ਚਾਹੁੰਦਾ ਹੈ. ਉਹਦੀ ਗੱਲ ਬਾਤ ਚੱਲ ਰਹੀ ਹੈ. ਇਸ ਵਿੱਚ ਵੀ ਉਹ ਨਵੇਂ ਰਿਕਾਰਡ ਬਣਾਏਗਾ.
ਅਮਰੀਕਾ ਅਤੇ ਕੈਨੇਡਾ ਦੀ ”Ripley’s Believe It or Not” ਪ੍ਰਸਿੱਧ ਸਰਕਸ ਵਲੋਂ ਕੱਢੇ ਜਾਂਦੇ ਮੈਗ਼ਜ਼ੀਨ ਵਿੱਚ ਉਹਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ. ਉਹ ਮੈਗ਼ਜ਼ੀਨ ਅਮਰੀਕਾ, ਕੈਨੇਡਾ ਦੀ ਹਰ ਲਾਏਬ੍ਰੇਰੀ ਵਿੱਚ ਉਪਲਬੱਧ ਹੈ.
ਰਾਕੇਸ਼ ਕੁਮਾਰ ਦਾ ਵਰਲਡ ਰਿਕਾਰਡ ਨੈਟ ਤੋਂ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ. ਖੇਡਾਂ ‘ਚ ਸ਼ੌਕ ਰੱਖਣ ਵਾਲੇ ਮਿਲਣਾ ਚਾਹੁੰਦੇ ਹੋਣ ਤਾਂ ਰਾਕੇਸ਼ ਕੁਮਾਰ ਨਾਲ (347)-421-7015 ‘ਤੇ ਸੰਪਰਕ ਕੀਤਾ ਜਾ ਸਕਦਾ ਹੈ.
-ਸਮਾਪਤ-












