ਚੰਡੀਗੜ੍ਹ (Ajit Weekly News): ਸਿੱਧੂ ਮੂਸਾਵਾਲਾ ਦੇ ਕਤਲ ਤੋਂ ਬਾਅਦ ਹੁਣ ਪੰਜਾਬ ‘ਚ ਵੱਡੀਆਂ ਗੈਂਗਵਾਰਜ਼ ਸ਼ੁਰੂ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਵਿਕੀ ਗੌਂਡਰ ਅਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂਗ ਵੀ ਇਸ ਜੰਗ ਦੇ ਮੈਦਾਨ ‘ਚ ਆ ਗਿਆ ਹੈ। ਉਸ ਨੇ ਇੱਕ ਫ਼ੇਸਬੁੱਕ ਪੋਸਟ ‘ਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਉਹ ਦੋ ਦਿਨਾਂ ਅੰਦਰ ਮੂਸੇਵਾਲਾ ਦੇ ਕਤਲ ਦਾ ਬਦਲਾ ਲਵੇਗਾ। ਨੀਰਜ ਬਵਾਨਾ ਦਾ ਨਾਂ ਹਾਲ ਹੀ ‘ਚ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ‘ਚ ਚਰਚਾ ‘ਚ ਆਇਆ ਸੀ। ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਨੀਰਜ ਬਵਾਨਾ ਜੇਲ੍ਹ ਦੇ ਅੰਦਰੋਂ ਹੀ ਆਪਣਾ ਗੈਂਗ ਚਲਾ ਰਿਹਾ ਹੈ।
ਕੌਣ ਹੈ ਨੀਰਜ ਬਵਾਨਾ
ਦਿੱਲੀ ਦੇ ਰਹਿਣ ਵਾਲੇ ਨੀਰਜ ਬਵਾਨਾ ‘ਤੇ ਕਤਲ, ਡਕੈਤੀ, ਲੁੱਟ-ਖੋਹ, ਫ਼ਿਰੌਤੀ ਸਮੇਤ ਸੰਗੀਨ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ। ਉਹ ਇਸ ਵਕਤ ਤਿਹਾੜ ਜੇਲ੍ਹ ‘ਚ ਬੰਦ ਹੈ, ਅਤੇ ਉਸ ਦੇ ਗੈਂਗ ‘ਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕਈ ਨੌਜਵਾਨ ਸ਼ਾਮਿਲ ਹਨ।
ਗਾਇਕ ਮੀਕਾ ਦੀ ਸੁਰੱਖਿਆ ਵਧੀ
ਗਾਇਕ ਮੀਕਾ ਸਿੰਘ, ਜੋ ਇਨ੍ਹੀਂ ਦਿਨੀਂ ਜੋਧਪੁਰ ‘ਚ ਇੱਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਿਹੈ, ਦੀ ਪੁਲੀਸ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਦੇ ਹੋਟਲ ਦੇ ਅੰਦਰ-ਬਾਹਰ 50 ਸੁਰੱਖਿਆ ਜਵਾਨਾਂ ਨੂੰ ਤਾਇਨਾਤ ਕੀਤਾ ਗਿਐ। ਇਸ ਤੋਂ ਇਲਾਵਾ ਡਰੋਨ ਰਾਹੀਂ ਹੋਟਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਮਨਕੀਰਤ ਨੇ ਵੀ ਮੰਗੀ ਪੁਲੀਸ ਤੋਂ ਸੁਰੱਖਿਆ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੌਰੈਂਸ ਬਿਸ਼ਨੋਈ ਦੇ ਗੈਂਗ ਵਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਉਸ ਤੋਂ ਬਾਅਦ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਰਾਹੀਂ ਗਾਇਕ ਮਨਕੀਰਤ ਔਲਖ ਨੂੰ ਧਮਕੀ ਮਿਲਣ ਮਗਰੋਂ ਪੰਜਾਬ ਪੁਲੀਸ ਦੇ ਸਾਹ ਫ਼ੁੱਲ ਗਏ ਹਨ। ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ‘ਤੇ ਧਮਕੀ ਦਾ ਪਤਾ ਲੱਗਣ ਤੋਂ ਬਾਅਦ ਮਨਕੀਰਤ ਔਲਖ ਵਲੋਂ ਵੀ ਪੰਜਾਬ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ।
ਸੰਸਕਾਰ ਵਾਲੀ ਜਗ੍ਹਾ ‘ਤੇ ਬਣੀ ਮੂਸੇਵਾਲਾ ਦੀ ਯਾਦਗਾਰ
ਗਾਇਕ ਸਿੱਧੂ ਮੂਸੇਵਾਲਾ ਦੀ ਪਰਿਵਾਰ ਨੇ ਪਿੰਡ ਦੇ ਖੇਤਾਂ ‘ਚ ਹੀ ਮਰਹੂਮ ਗਾਇਦ ਦੀ ਇੱਕ ਯਾਦਗਾਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮੂਸੇਵਾਲਾ ਦੀ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਦਾ ਉਸ ਦੇ ਜੱਦੀ ਖੇਤ ‘ਚ ਹੀ ਸੰਸਕਾਰ ਕਰ ਦਿੱਤਾ ਗਿਆ ਸੀ। ਸੰਸਕਾਰ ਦੌਰਾਨ ਲੱਖਾਂ ਦੀ ਗਿਣਤੀ ‘ਚ ਮਰਹੂਮ ਗਾਇਕ ਦੇ ਪ੍ਰਸ਼ੰਸਕ ਅਤੇ ਰਿਸ਼ਤੇਦਾਰ ਹਾਜ਼ਰ ਹੋਏ ਅਤੇ ਸਿੱਧੂ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ।
Ajit Weekly News















