ਚੰਡੀਗੜ੍ਹ (Ajit Weekly News): ਖ਼ਤਰਨਾਕ ਗੈਂਗਸਟਰ ਲੌਰੈਂਸ ਬਿਸ਼ਨੋਈ ਭਾਰਤ ਦੀ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ੍ਹ ‘ਚ ਬੰਦ ਹੈ। ਉਹ ਹੁਕਮ ਦੇ ਕੇ ਕਤਲ ਅਤੇ ਫ਼ਿਰੌਤੀ ਮੰਗਣ ਦਾ ਧੰਦਾ ਆਪਣੇ ਜੇਲ੍ਹ ਦੇ ਸੈੱਲ ਤੋਂ ਹੀ ਚਲਾ ਰਿਹਾ ਹੈ। ਉਸ ਦੇ ਕੰਮ ਕਰਨ ਦੇ ਸਟਾਈਲ ਬਾਰੇ ਪੜ੍ਹ-ਸੁਣ ਕੇ ਹਰ ਕੋਈ ਹੈਰਾਨ ਹੋਰ ਰਿਹਾ ਹੈ ਕਿਉਂਕਿ ਕਿਸੇ ਕੌਰਪੋਰੇਸ਼ਨ ਜਾਂ ਵੱਡੀ ਕੰਪਨੀ ਵਾਂਗ ਲੌਰੈਂਸ ਨੇ ਵੀ ਕੰਮ ਨੂੰ ਆਪਣੇ ਚੇਲੇ-ਬਾਲਕਿਆਂ ‘ਚ ਵੰਡਿਆ ਹੋਇਐ। ਉਸ ਦਾ ਵਿਸ਼ਾਲ ਨੈੱਟਵਰਕ ਕੇਵਲ ਰਾਜਸਥਾਨ, ਪੰਜਾਬ, ਹਰਿਆਣਾ ਅਤੇ UP ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਫ਼ੈਲ ਰਿਹਾ ਹੈ। ਉਸ ਦਾ ਸੁਫ਼ਨਾ ਅੰਤਰਰਾਸ਼ਟਰੀ ਪੱਧਰ ਦਾ ਡੌਨ ਬਣਨ ਦਾ ਹੈ।
ਲੌਰੈਂਸ ਬਿਸ਼ਨੋਈ ਜੇਲ੍ਹ ਤੋਂ ਹੀ ਵਿਦੇਸ਼ੀ ਸਿਮ ਦੇ ਇਸਤੇਮਾਲ ਨਾਲ ਆਪਣੇ ਸਾਰੇ ਸੁਨੇਹੇ ਵ੍ਹਾਟਸਐਪ ਰਾਹੀਂ ਆਪਣੇ ਬੰਦਿਆਂ ਨੂੰ ਭੇਜਦਾ ਹੈ। ਸੂਤਰਾਂ ਅਨੁਸਾਰ, ਵੱਡੇ-ਵੱਡੇ ਗੈਂਗਸਟਰਾਂ ਨਾਲ ਹੱਥ ਮਿਲਾ ਕੇ ਲੌਰੈਂਸ ਨੇ ਉਨ੍ਹਾਂ ਦੇ ਨੈੱਟਵਰਕਸ ਨੂੰ ਵੀ ਆਪਣੇ ਨਾਲ ਰਲਾ ਲਿਆ ਹੈ। ਉਸ ਨੇ ਆਪਣੀ ਤਾਕਤ ਨੂੰ ਵਧਾਉਣ ਲਈ ਖ਼ਤਰਨਾਕ ਗੈਂਗਸਟਰ ਕਾਲਾ ਜਠੇੜੀ ਨਾਲ ਹੱਥ ਮਿਲਾਇਆ ਅਤੇ ਉਸ ਦੇ ਗੈਂਗ ‘ਚ ਹੁਣ 700 ਦੇ ਕਰੀਬ ਸ਼ੂਟਰ ਅਤੇ ਗੈਂਗਸਟਰਜ਼ ਸ਼ਾਮਿਲ ਹੋ ਚੁੱਕੇ ਹਨ। ਉਸ ਨੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ ਕੇ ਪੰਜਾਬ ‘ਚ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਵੀ ਵਿੱਢਿਆ ਹੋਇਆ ਹੈ, ਅਤੇ ਇੱਕ ਕੌਰਪੋਰੇਸ਼ਨ ਵਾਂਗ ਭਗਵਾਨਪੁਰੀਏ ਦੇ ਪੂਰੇ ਨੈੱਟਵਰਕ ਨੂੰ ਆਪਣੇ ਨਾਲ ਮਿਲਾ ਕੇ ਉਸ ਨੇ ਆਪਣੇ ਗੈਂਗ ਦਾ ਦਾਇਰਾ ਹੁਣ ਹੋਰ ਵੀ ਵਧਾ ਲਿਆ ਹੈ।
ਰਾਜਸਥਾਨ ‘ਚ ਆਪਣੇ ਪੈਰ ਜਮਾਉਣ ਲਈ ਉੱਥੋਂ ਦੇ ਇੱਕ ਸਥਾਨਕ ਗੈਂਗਸਟਰ ਆਨੰਦਪਾਲ ਨੂੰ ਆਪਣਾ ਸਾਥੀ ਬਣਾ ਲਿਆ ਸੀ, ਅਤੇ ਆਨੰਦਪਾਲ ਦੇ ਐਨਕਾਊਂਟਰ ਤੋਂ ਬਾਅਦ ਉਸ ਦੇ ਗਿਰੋਹ ਦਾ ਵੀ ਬਿਸ਼ਨੋਈ ਖ਼ੁਦ ਹੀ ਚੀਫ਼ ਬਣ ਬੈਠਾ। ਇੰਝ ਕਰਨ ਨਾਲ ਰਾਜਸਥਾਨ ਦਾ ਇੱਕ ਵੱਡਾ ਗੈਂਗਸਟਰ ਨੈੱਟਵਰਕ ਲੌਰੈਂਸ ਦਾ ਹਿੱਸਾ ਬਣ ਗਿਆ। ਰਾਜਪੂਤ ਭਾਈਚਾਰੇ ‘ਚ ਆਪਣੀ ਜਗ੍ਹਾ ਪੱਕੀ ਕਰਨ ਲਈ ਉਸ ਨੇ ਆਨੰਦਪਾਲ ਗੈਂਗ ਨਾਲ ਜੁੜੇ ਵਿਅਕਤੀਆਂ ਦਾ ਵੀ ਸਾਥ ਦਿੱਤਾ ਤਾਂ ਕਿ ਉਹ ਆਨੰਦਪਾਲ ਦੇ ਸਮਰਥਕਾਂ ਦੇ ਦਿਲਾਂ ‘ਚ ਆਪਣੇ ਲਈ ਥਾਂ ਬਣਾ ਸਕੇ। ਰਾਜਸਥਾਨ ‘ਚ ਆਨੰਦਪਾਲ ਦੀ ਮੁਕਾਬਲੇ ‘ਚ ਮੌਤ ਮਗਰੋਂ ਉਸ ਨੇ ਇੱਕ ਲੇਡੀ ਡੌਨ ਦਾ ਵੀ ਸਹਾਰਾ ਲਿਆ ਅਤੇ ਆਪਣੇ ਨੈੱਟਵਰਕ ਨੂੰ ਰਾਜਸਥਾਨ ‘ਚ ਹੋਰ ਤਾਕਤਵਰ ਬਣਾਇਆ। ਲੌਰੈਂਸ ਅਤੇ ਉਸ ਦੇ ਗੈਂਗ ਨਾਲ ਜੁੜੇ ਸਾਰੇ ਵੱਡੇ ਚਿਹਰੇ ਇਸ ਸਮੇਂ ਸ਼ਲਾਖ਼ਾ ਪਿੱਛੇ ਹਨ, ਅਤੇ ਇੱਕ ਸੰਦੇਸ਼ ਮਿਲਣ ‘ਤੇ ਉਹ ਲੋਕ ਲੌਰੈਂਸ ਲਈ ਵੱਡੀ ਤੋਂ ਵੱਡੀ ਵਾਰਦਾਤ ਕਰਨ ਲਈ ਤਿਆਰ ਹਨ।
700 ਤੋਂ ਵੱਧ ਸ਼ੂਟਰਾਂ ਨੂੰ ਪਾਲ ਰਿਹੈ ਬਿਸ਼ਨੋਈ
ਅਖ਼ਬਾਰੀ ਰਿਪੋਰਟਾਂ ਮੁਤਾਬਿਕ, ਲੌਰੈਂਸ ਜੇਲ੍ਹ ‘ਚ ਵਿਦੇਸ਼ੀ ਸਿਮਾਂ ਰਾਹੀਂ ਰਾਬਤੇ ਕਰ ਕੇ 700 ਤੋਂ ਵੱਧ ਛੋਟੇ-ਵੱਡੇ ਗੈਂਗਸਟਰਾਂ ਨੂੰ ਸੰਭਾਲ ਰਿਹਾ ਹੈ। ਲੌਰੈਂਸ ਦੇ ਮੈਸੇਜ ਪਹਿਲਾਂ ਸਿੱਧੇ ਵਿਦੇਸ਼ ਜਾਂਦੇ ਹਨ ਅਤੇ ਫ਼ਿਰ ਉੱਥੋਂ ਘੁੰਮ ਕੇ ਸਥਾਨਕ ਸ਼ੂਟਰਾਂ ਨੂੰ ਹੁਕਮ ਮਿਲਦੇ ਹਨ। ਉਹ ਆਪਣੇ ਸ਼ੂਟਰਾਂ ਨੂੰ ਪੈਸਿਆਂ ਦੀ ਕਮੀ ਨਹੀਂ ਆਉਣ ਦਿੰਦਾ ਅਤੇ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਰਹਿੰਦਾ ਹੈ। ਫ਼ਿਰੌਤੀਆਂ ਤੋਂ ਮਿਲਣ ਵਾਲੇ ਪੈਸੇ ਦਾ ਇੱਕ ਵੱਡਾ ਹਿੱਸਾ ਉਹ ਆਪਣੇ ਸਾਥੀਆਂ ‘ਚ ਵੰਡ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਉਸ ਦੇ ਬੰਦੇ ਉਸ ਦੇ ਇੱਕ ਹੁਕਮ ‘ਤੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ।















