ਚੰਡੀਗੜ੍ਹ (Ajit Weekly News): ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਪੰਜਾਬ ‘ਚ ਇੱਕ ਬਹੁਤ ਵੱਡੀ ਗੈਂਗਵਾਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਰੀਪੋਰਟਾਂ ਅਨੁਸਾਰ, ਇਸ ਜੰਗ ਲਈ ਗੈਂਗਸਟਰਜ਼ ਦੇ ਗਰੁੱਪ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ ਹਨ। ਆਲਮ ਇਹ ਹੈ ਕਿ ਪੰਜਾਬ ਅਤੇ ਭਾਰਤ ਦੇ ਹੋਰ ਪ੍ਰਾਂਤਾਂ ‘ਚ ਸਰਗਰਮ ਗੈਂਗਸਟਰਜ਼ ਦੇ ਗਰੁੱਪ ਕਿਸੇ ਵਕਤ ਵੀ ਆਪਸ ‘ਚ ਖੁੱਲ੍ਹੇਆਮ ਅਤਿ-ਆਧੁਨਿਕ ਹਥਿਆਰਾਂ ਨਾਲ ਭਿੜ ਸਕਦੇ ਹਨ। ਸੰਭਾਵੀ ਗੈਂਗਵਾਰ ‘ਚ ਸਭ ਤੋਂ ਪਹਿਲਾਂ ਬੰਬੀਹਾ ਗੈਂਗ ਅਤੇ ਲੌਰੈਂਸ ਬਿਸ਼ਨੋਈ ਗਰੁੱਪ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਸਕਦੇ ਹਨ। ਬੀਤੇ ਦਿਨੀਂ ਹੋਏ ਮੂਸੇਵਾਲੇ ਦੇ ਕਤਲ ਨੂੰ ਵੱਖ-ਵੱਖ ਐਂਗਲਾਂ ਤੋਂ ਦੇਖਿਆ ਜਾ ਰਿਹਾ ਹੈ। ਸੁਰੱਖਿਆ ਹਟਾਏ ਜਾਣ ਤੋਂ ਬਾਅਦ ਤਾਂ ਉਸ ਦਾ ਕਤਲ ਨਹੀਂ ਕੀਤਾ ਗਿਆ? ਕਿਤੇ ਮੂਸਾਵਾਲੇ ਦਾ ਕਤਲ ਗੈਂਗਵਾਰ ਦਾ ਹਿੱਸਾ ਤਾਂ ਨਹੀਂ ਸੀ? ਖ਼ੁਫ਼ੀਆ ਤੰਤਰ ‘ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਲੌਰੈਂਸ ਬਿਸ਼ਨੋਈ ਉੱਤਰ ਭਾਰਤ ਦਾ ਇੱਕ ਖ਼ਤਰਨਾਕ ਗੈਂਗਸਟਰ ਹੈ ਜੋ ਪ੍ਰਮੁੱਖ ਤੌਰ ‘ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਬਹੁਤ ਥੋੜ੍ਹ ਜਿਹੇ ਸਮੇਂ ‘ਚ ਉਸ ਨੇ ਇਸ ਇਲਾਕੇ ‘ਚ ਬਹੁਤ ਨਾਮ ਕਮਾਇਆ। ਮੰਨਿਆ ਜਾ ਰਿਹਾ ਹੈ ਕਿ ਲੌਰੈਂਸ ਬਿਸ਼ਨੋਈ ਜੇਲ੍ਹ ‘ਚੋਂ ਹੀ ਗੈਂਗ ਨੂੰ ਸੰਚਾਲਿਤ ਕਰ ਰਿਹਾ ਹੈ, ਪਰ ਪੁਲੀਸ ਉਸ ਦਾ ਕੁਝ ਵੀ ਨਹੀਂ ਕਰ ਪਾ ਰਹੀ। ਇਹ ਵੀ ਰੀਪੋਰਟਾਂ ਸਾਹਮਣੇ ਆਈਆਂ ਹਨ ਕਿ ਲੌਰੈਂਸ ਕੋਲ ਜੇਲ੍ਹ ‘ਚ ਮੋਬਾਇਲ ਫ਼ੋਨ ਵੀ ਹਮੇਸ਼ਾ ਹੁੰਦਾ ਹੈ। ਆਪਣੀ ਫ਼ੇਸਬੁੱਕ ਪ੍ਰੋਫ਼ਾਈਲ ਨੂੰ ਵੀ ਉਹ ਜੇਲ੍ਹ ‘ਚੋਂ ਹੀ ਚਲਾਉਂਦਾ ਹੈ। ਉਹ ਵ੍ਹਾਟਸਐਪ ਰਾਹੀਂ ਆਪਣੇ ਗੈਂਗ ਨੂੰ ਸਾਰੇ ਨਿਰਦੇਸ਼ ਦਿੰਦਾ ਹੈ। ਲੌਰੈਂਸ ਦੇ ਪਿਤਾ ਨੇ ਆਪਣੇ ਪੁਲੀਸ ਕਾਰਜਕਾਲ ਦੌਰਾਨ ਕਮਾਏ ਪੈਸੇ ਨੂੰ ਲੌਰੈਂਸ ‘ਤੇ ਖ਼ਰਚ ਕੀਤਾ ਜਿਸ ਕਾਰਨ ਉਹ ਕਿਸ਼ੋਰ ਅਵੱਸਥਾ ਤੋਂ ਹੀ ਇੱਕ ਵਿਗੜੈਲ ਸੀ।ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਪਨਾਇਆ ਅਪਰਾਧ ਜਗਤ
ਸਕੂਲੀ ਪੜ੍ਹਾਈ ਖ਼ਤਮ ਕਰਨ ਮਗਰੋਂ ਲੌਰੈਂਸ ਨੇ ਚੰਡੀਗੜ੍ਹ ਦੇ DAV ਕਾਲਜ ‘ਚ ਦਾਖ਼ਲਾ ਲਿਆ ਜਿੱਥੇ ਉਸ ਨੇ ਵਿਦਿਆਰਥੀ ਪਰਿਸ਼ਦ ਦੀਆਂ ਚੋਣਾਂ ‘ਚ ਵੀ ਹਿੱਸਾ ਲਿਆ। ਚੋਣਾਂ ਤਾਂ ਉਹ ਹਾਰ ਗਿਆ, ਪਰ ਹਾਰਨ ਤੋਂ ਬਾਅਦ ਉਸ ਨੇ ਹਥਿਆਰ ਚੁੱਕ ਲਏ। ਉਸ ਵੇਲੇ ਗੋਲਡੀ ਬਰਾੜ ਉਸ ਦਾ ਸਾਥੀ ਹੁੰਦਾ ਸੀ। ਲੌਰੈਂਸ ਦੇ ਚਾਚੇ ਦੇ ਲੜਕੇ ਦਾ ਵਿਦਿਆਰਥੀ ਰਾਜਨੀਤੀ ‘ਚ ਕਤਲ ਹੋ ਗਿਆ, ਅਤੇ ਆਪਣੇ ਚਚੇਰੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੇ ਅਪਰਾਧ ਦੀ ਦੁਨੀਆ ਨੂੰ ਫ਼ੁੱਲ-ਟਾਈਮ ਅਪਨਾ ਲਿਆ। ਕਾਲਜ ਵਿਦਿਆਰਥੀ ਪਰਿਸ਼ਦ ਦੀਆਂ ਚੋਣਾਂ ‘ਚ ਹਾਰਨ ਦੇ ਬਾਵਜੂਦ ਹੁਣ ਉਸ ਅੰਦਰ ‘ਚ ਅਪਰਾਧ ਦੀ ਦੁਨੀਆਂ ਦਾ ਡੌਨ ਬਣਨ ਦਾ ਸੁਫ਼ਨਾ ਜਾਗ ਚੁੱਕਾ ਸੀ ਜਿਸ ਕਾਰਨ ਉਸ ਨੇ ਆਪਣੀਆਂ ਵਿਰੋਧੀ ਪਾਰਟੀਆਂ ਨਾਲ ਜਨਤਕ ਤੌਰ ‘ਤੇ ਲੜਾਈਆਂ ਵੀ ਕੀਤੀਆਂ। ਪੰਜਾਬ ਯੂਨੀਵਰਸਿਟੀ ਤੋਂ ਲੌਰੈਂਸ ਨੇ ਲਾਅ ਦੀ ਡਿਗਰੀ (LLB) ਕੀਤੀ। ਉਸ ਨੇ ਸਟੂਡੈਂਟ ਔਰਗੇਨਾਈਜੇਸ਼ਨ ਔਫ਼ ਪੰਜਾਬ ਯੂਨੀਵਰਸਿਟੀ (SOPU) ਦੀ ਸਥਾਪਨਾ ਕੀਤੀ ਸੀ। ਵਿਦਿਆਰਥੀ ਜਥੇਬੰਦੀ ਦਾ ਨੇਤਾ ਹੁੰਦੇ ਹੋਏ ਲੌਰੈਂਸ ਨੇ ਆਪਣਾ ਗੈਂਗ ਬਣਾ ਲਿਆ, ਅਤੇ ਉਹ ਕਤਲ ਕਰਨ ਲਈ ਹੁਣ ਸੁਪਾਰੀਆਂ ਲੈਣ ਲੱਗ ਪਿਆ ਸੀ।
ਸਲਮਾਨ ਨੂੰ ਵੀ ਧਮਕਾ ਚੁੱਕੈ ਲੌਰੈਂਸ
ਲੌਰੈਂਸ ਦੇ ਪਿਤਾ ਪੁਲੀਸ ‘ਚ ਇੱਕ ਕਾਂਸਟੇਬਲ ਸਨ। ਇਸ ਵੇਲੇ ਵੀ ਉਹ ਫ਼ਿਰੋਜ਼ਪੁਰ ‘ਚ ਰਹਿ ਕੇ ਆਪਣੀ ਜ਼ਮੀਨ ਦੀ ਦੇਖਭਾਲ ਕਰ ਰਹੇ ਹਨ। ਲੌਰੈਂਸ ਜੇਲ੍ਹ ‘ਚ ਬੰਦ ਰਹਿਣ ਦੇ ਬਾਵਜੂਦ ਵ੍ਹਾਟਸਐਪ ‘ਤੇ ਸੁਪਾਰੀ ਲਈ ਰਾਬਤਾ ਕਾਇਮ ਕਰਦਾ ਹੈ ਅਤੇ ਆਨਾ-ਕਾਨੀ ਦੀ ਸੂਰਤ ‘ਚ ਜੇਲ੍ਹ ਤੋਂ ਹੀ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਅਤੇ ਆਪਣੇ ਕਾਰਨਾਮਿਆਂ ਦੀ ਜ਼ਿੰਮੇਵਾਰੀ ਵੀ ਉਹ ਆਪਣੇ ਫ਼ੇਸਬੁੱਕ ਐਕਾਊਂਟ ‘ਤੇ ਹੀ ਲੈਂਦਾ ਹੈ।
ਕੈਨੇਡਾ ਪੜ੍ਹਨ ਆਇਆ ਗੋਲਡੀ ਬਰਾੜ ਭਰਾ ਦੇ ਕਤਲ ਮਗਰੋਂ ਜੁਰਮ ਦੀ ਦੁਨੀਆ ‘ਚ ਹੋਇਆ ਮੁੜ ਸਰਗਰਮ
ਕਥਿਤ ਤੌਰ ‘ਤੇ ਕੈਨੇਡਾ ‘ਚ ਰਹਿੰਦਾ ਦੱਸਿਆ ਜਾ ਰਿਹਾ ਗੈਂਗਸਟਰ ਗੋਲਡੀ ਬਰਾੜ ਉਰਫ਼ ਸਤਿੰਦਰ ਸਿੰਘ ਵੀ ਭਾਰਤੀ ਅਧਿਕਾਰੀਆਂ ਨੂੰ ਕਈ ਅਪਰਾਧਕ ਮਾਮਲਿਆਂ ‘ਚ ਲੋੜੀਂਦਾ ਹੈ, ਪਰ ਕੈਨੇਡਾ ਦੀਆਂ ਪ੍ਰੋਵਿੰਸ਼ਲ ਜਾਂ ਫ਼ੈਡਰਲ ਪੁਲੀਸ ਫ਼ੋਸਿਜ਼ ਕੋਲ ਬਰਾੜ ਦਾ ਕੋਈ ਅਪਰਾਧਕ ਇਤਿਹਾਸ ਜਾਂ ਰਿਕਾਰਡ ਨਹੀਂ। ਫ਼ਰੀਦਕੋਟ ਦੀ ਇੱਕ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ‘ਚ ਜ਼ਿਲ੍ਹਾ ਯੁਵਾ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਸਿਲਸਿਲੇ ‘ਚ ਬਰਾੜ ਖ਼ਿਲਾਫ਼ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਸੀ। ਗੋਲਡੀ ਨੇ ਆਪਣੇ ਚਾਚੇ ਦੇ ਮੁੰਡੇ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਅਪਰਾਧ ਦੀ ਦੁਨੀਆਂ ‘ਚ ਵਾਪਸੀ ਕੀਤੀ ਸੀ। ਉਹ ਸਟੱਡੀ ਵੀਜ਼ੇ ‘ਤੇ ਕੈਨੇਡਾ ਪੜ੍ਹਾਈ ਕਰਨ ਗਿਆ ਸੀ, ਪਰ ਗੁਰਲਾਲ ਦੇ ਕਤਲ ਤੋਂ ਬਾਅਦ ਫ਼ਿਰ ਤੋਂ ਜੁਰਮ ਦੀ ਦੁਨੀਆਂ ‘ਚ ਸਰਗਰਮ ਹੋ ਗਿਆ।
ਚੰਡੀਗੜ੍ਹ ‘ਚ ਇੰਡਸਟਰੀਅਲ ਏਰੀਆ ਫ਼ੇਜ਼-1 ਸਥਿਤ ਇੱਕ ਕਲੱਬ ਦੇ ਬਾਹਰ 11 ਅਕਤੂਬਰ 2020 ਦੀ ਰਾਤ ਨੂੰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਲੌਰੈਂਸ ਬਿਸ਼ਨੋਈ ਦੇ ਸਭ ਤੋਂ ਕਰੀਬੀ ਸਾਥੀਆਂ ‘ਚੋਂ ਇੱਕ ਸੀ। ਉਸ ਤੋਂ ਬਾਅਦ ਗੋਲਡੀ ਨੇ ਕੈਨੇਡਾ ਤੋਂ ਹੀ ਇੱਕ ਤੋਂ ਬਾਅਦ ਇੱਕ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਗੋਲਡੀ ਨੇ 18 ਫ਼ਰਵਰੀ 2021 ਨੂੰ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਪੰਜਾਬ ਦੇ ਫ਼ਰੀਦਕੋਟ ‘ਚ ਜ਼ਿਲ੍ਹਾ ਯੁਵਾ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਦਾ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ। ਡੋਜ਼ੀਅਰ ‘ਚ ਗੋਲਡੀ ਬਰਾੜ ਦੇ 12 ਸਾਥੀਆਂ ਦਾ ਪੂਰਾ ਖ਼ੁਲਾਸਾ ਮੌਜੂਦ ਹੈ ਜੋ ਅਪਰਾਧਕ ਗਤੀਵਿਧੀਆਂ ‘ਚ ਉਸ ਦੇ ਨਾਲ ਹਨ ਜਿਨ੍ਹਾਂ ‘ਚ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਦਾ ਵੀ ਨਾਮ ਹੈ।
ਪੁਲੀਸ ਸੂਤਰਾਂ ਅਨੁਸਾਰ, ਲੌਰੈਂਸ ਬਿਸ਼ਨੋਈ ਦੇ ਜੇਲ੍ਹ ਜਾਣ ਮਗਰੋਂ ਗੈਂਗ ਦੀ ਕਮਾਨ ਕੈਨੇਡਾ ‘ਚ ਬੈਠ ਕੇ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਹੀ ਸੰਭਾਲਦਾ ਹੈ। ਗੋਲਡੀ ਬਰਾੜ ਪੁਲੀਸ ਸੂਚੀ ‘ਚ ਇੱਕ ਮੋਸਟ ਵਾਂਟੇਡ ਗੈਂਗਸਟਰ ਹੈ। ਉਸ ‘ਤੇ 16 ਕੇਸ ਦਰਜ ਹਨ ਜਿਨ੍ਹਾਂ ‘ਚੋਂ ਚਾਰ ‘ਚ ਉਹ ਬਰੀ ਹੋ ਚੁੱਕਾ ਹੈ।
ਆਪਣੀ ਲੇਡੀ ਡੌਨ ਨਾਲ ਲਿਵ ਇਨ ‘ਚ ਰਹਿੰਦਾ ਸੀ ਜੁਰਮ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਕਾਲਾ ਜਠੇੜੀ
ਕਾਲਾ ਜਠੇੜੀ ਦਾ ਨਾਮ ਦਿੱਲੀ ‘ਚ ਹੋਏ ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਅਚਾਨਕ ਸੁਰਖ਼ੀਆਂ ‘ਚ ਆਇਆ ਸੀ। ਜੇਲ੍ਹ ‘ਚ ਬੰਦ ਸੁਸ਼ੀਲ ਕੁਮਾਰ ਨੇ ਵੀ ਜੁਰਮ ਦੀ ਦੁਨੀਆ ‘ਚ ਸਰਗਰਮ ਜਠੇੜੀ ਤੋਂ ਜਾਨ ਨੂੰ ਖ਼ਤਰਾ ਦੱਸਿਆ ਸੀ। ਅਪਰਾਧਕ ਗਤੀਵਿਧੀਆਂ ਦੀ ਕਾਰਨ ਕਾਲਾ ਜਠੇੜੀ ਦੀ ਭਾਲ ਕਾਫ਼ੀ ਸਮੇਂ ਤੋਂ ਦਿੱਲੀ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਆਦਿ ਪੁਲੀਸ ਫ਼ੋਰਸਿਜ਼ ਨੂੰ ਸੀ, ਅਤੇ ਅੰਤ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਕਾਬੂ ਕਰ ਲਿਆ। ਪਿਛਲੇ ਕਰੀਬ 15-16 ਸਾਲਾਂ ਦੌਰਾਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਜਠੇੜੀ ਪਿੰਡ ਦੇ ਨਿਵਾਸੀ ਕਾਲਾ ਨੇ ਅਪਰਾਧਕ ਦੁਨੀਆਂ ‘ਚ ਤੇਜ਼ੀ ਨਾਲ ਆਪਣੇ ਕਦਮ ਵਧਾਏ। ਕਤਲ, ਅਗਵਾ, ਲੁੱਟ, ਫ਼ਿਰੌਤੀ, ਜ਼ਮੀਨ ‘ਤੇ ਕਬਜ਼ੇ ਵਰਗੇ ਕੰਮਾਂ ‘ਚ ਸ਼ਾਮਿਲ ਕਾਲਾ ਜਠੇੜੀ ਦੇ ਗੈਂਗ ‘ਚ ਇੱਕ ਵਾਰ ਤਾਂ 700 ਤੋਂ ਜ਼ਿਆਦਾ ਸ਼ੂਟਰਜ਼ ਦੇ ਸ਼ਾਮਿਲ ਹੋਣ ਦੀ ਗੱਲ ਕੀਤੀ ਗਈ ਸੀ, ਅਤੇ ਉਹ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਨਾਲ ਲਿਵ ਇਨ ‘ਚ ਵੀ ਰਹਿੰਦਾ ਰਿਹੈ।
ਸਨੈਚਿੰਗ ਤੋਂ ਸ਼ੁਰੂ ਕੀਤੀ ਸੀ ਅਪਰਾਧਕ ਜ਼ਿੰਦਗੀ ਅਤੇ ਬਣ ਗਿਆ ਖ਼ੌਫ਼ਨਾਕ ਡੌਨ
ਭਾਰਤ ਤੋਂ ਬਾਹਰ ਦੁਬਈ ਅਤੇ ਮਲੇਸ਼ੀਆ ‘ਚ ਬੈਠ ਕੇ ਗੈਂਗ ਔਪਰੇਟ ਕਰਨ ਵਾਲਾ ਕਾਲਾ ਜਠੇੜੀ ਪਹਿਲਾਂ ਇੱਕ ਕੇਬਲ ਔਪਰੇਟਰ ਦਾ ਕੰਮ ਕਰਦਾ ਸੀ। ਉਸ ਸਮੇਂ ਉਸ ਦੀ ਦੋਸਤੀ ਕੁਝ ਬਦਮਾਸ਼ਾਂ ਨਾਲ ਹੋ ਗਈ ਜਿਸ ਕਾਰਨ ਉਸ ਦੇ ਖ਼ਰਚੇ ਵੀ ਵੱਧ ਗਏ। ਖ਼ਰਚੇ ਪੂਰੇ ਕਰਨ ਲਈ ਉਸ ਨੇ ਮਾਂ-ਬਾਪ ਤੋਂ ਪੈਸਿਆਂ ਦੀ ਮੰਗ ਕੀਤੀ, ਪਰ ਫ਼ਿਰ ਵੀ ਜਦੋਂ ਉਸ ਦੇ ਖ਼ਰਚੇ ਪੂਰੇ ਨਾ ਹੋਏ ਤਾਂ ਉਹ ਸਨੈਚਿੰਗ ਅਤੇ ਲੁੱਟਾਂ-ਖੋਹਾਂ ਕਰਨ ਲੱਗਾ। ਜਠੇੜੀ ਖ਼ਿਲਾਫ਼ ਦਿੱਲੀ ‘ਚ ਪਹਿਲਾ ਮੁਕੱਦਮਾ 29 ਸਤੰਬਰ 2004 ਨੂੰ ਦਰਜ ਹੋਇਆ ਸੀ। ਕੁਝ ਸਾਲਾਂ ਬਾਅਦ ਹਰਿਆਣਾ ਦੇ ਸਾਂਪਲਾ ਅਤੇ ਫ਼ਿਰ ਗੋਹਾਨਾ ‘ਚ ਹੋਏ ਕਤਲਾਂ ‘ਚ ਉਸ ਦਾ ਨਾਮ ਵੱਜਣ ਲੱਗਾ ਅਤੇ ਫ਼ਿਰ ਉਸ ਨੇ ਕਦੇ ਮੁੜ ਕੇ ਨਹੀਂ ਦੇਖਿਆ।
ਕਾਲਾ ਜਠੇੜੀ ਦਾ ਜਨਮ 1984 ‘ਚ ਸੋਨੀਪਤ ਦੇ ਪਿੰਡ ਜਠੇੜੀ ‘ਚ ਹੋਇਆ ਸੀ। ਉਹ ਕੇਵਲ 12ਵੀਂ ਜਮਾਤ ਪਾਸ ਹੈ ਅਤੇ ਲੌਰੈਂਸ ਬਿਸ਼ਨੋਈ ਦਾ ਇੱਕ ਬਹੁਤ ਹੀ ਖ਼ਾਸ ਸਾਥੀ ਹੈ। ਦੋਵੇਂ ਮਿਲ ਕੇ ਸੈਂਕੜੇ ਬਦਮਾਸ਼ਾਂ ਦਾ ਗੈਂਗ ਚਲਾ ਰਹੇ ਹਨ। ਕਾਲਾ ਜਠੇੜੀ ਅਤੇ ਉਸ ਦਾ ਗੈਂਗ ਦਿੱਲੀ (NCR) ‘ਚ ਸਰਗਰਮ ਹੈ। ਉਸ ‘ਤੇ ਕਤਲ, ਲੁੱਟ-ਖੋਹ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ, ਅਤੇ ਉਸ ਦੀ ਗੈਂਗਸਟਰ ਨੀਰਜ ਬਵਾਨਾ ਨਾਲ ਦੁਸ਼ਮਣੀ ਚੱਲ ਰਹੀ ਹੈ।
ਖੇਡ ਦੇ ਮੈਦਾਨ ਤੋਂ ਅਪਰਾਧ ਦੀ ਦੁਨੀਆਂ ਤਕ ਕਿੰਝ ਪੁੱਜਾ ਦਵਿੰਦਰ ਬੰਬੀਹਾ
2016 ‘ਚ ਮਾਰਿਆ ਗਿਆ ਸੀ ਗੈਂਗਸਟਰ ਦਵਿੰਦਰ ਬੰਬੀਹਾ, ਪਰ ਉਸ ਦਾ ਗੈਂਗ ਅਜੇ ਵੀ ਐਕਟਿਵ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਬਿਸ਼ਨੋਈ ਗਿਰੋਹ ਦੇ ਕੱਟੜ ਵਿਰੋਧੀ ਬੰਬੀਹਾ ਗੈਂਗ ਨੇ ਫ਼ੇਸਬੁੱਕ ਪੋਸਟ ਰਾਹੀਂ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੂੰ ਚਲਾਉਣ ਵਾਲਾ ਦਵਿੰਦਰ ਸਿੰਘ ਬੰਬੀਹਾ ਸੀ ਜਿਸ ਦੀ ਸਾਲ 2016 ‘ਚ ਹੋਏ ਇੱਕ ਪੁਲੀਸ ਮੁਕਾਬਲੇ ‘ਚ ਮੌਤ ਹੋ ਗਈ ਸੀ। ਇਸ ਗੈਂਗ ਨੂੰ ਹੁਣ ਆਰਮੇਨੀਆ ‘ਚ ਬੈਠਾ ਗੈਂਗਸਟਰ ਲੱਕੀ ਗੌਰਵ ਪਟਿਆਲਾ ਚਲਾਉਂਦਾ ਹੈ।
ਜੇਲ੍ਹ ‘ਚ ਗੈਂਗਸਟਰਾਂ ਦੇ ਸੰਪਰਕ ‘ਚ ਆਇਆ
ਮੋਗਾ ਜ਼ਿਲ੍ਹੇ ਦੇ ਬੰਬੀਹਾ ਪਿੰਡ ‘ਚ ਜੰਮੇ ਦਵਿੰਦਰ ਬੰਬੀਹਾ ਦਾ ਅਸਲੀ ਨਾਮ ਦਵਿੰਦਰ ਸਿੰਘ ਸਿੱਧੂ ਸੀ ਜੋ ਕਿ ਅਪਰਾਧ ਜਗਤ ‘ਚ ਆਉਣ ਤੋਂ ਪਹਿਲਾਂ ਇੱਕ ਮਸ਼ਹੂਰ ਕਬੱਡੀ ਖਿਡਾਰੀ ਸੀ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਦਵਿੰਦਰ ਪੜ੍ਹਨ ‘ਚ ਹੋਸ਼ਿਆਰ ਹੁੰਦਾ ਸੀ। ਸਾਲ 2010 ‘ਚ, ਕਾਲਜ ‘ਚ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ, ਉਸ ਦਾ ਨਾਮ ਇੱਕ ਕਤਲ ਦੇ ਮਾਮਲੇ ‘ਚ ਆ ਗਿਆ। ਕਤਲ ਪਿੰਡ ‘ਚ ਦੋ ਧੜਿਆਂ ਦਰਮਿਆਨ ਹੋਈ ਹੱਥੋਪਾਈ ਦਰਮਿਆਨ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ‘ਚ ਆਪਣੇ ਕਿਆਮ ਦੌਰਾਨ ਉਹ ਕਈ ਗੈਂਗਸਟਰਾਂ ਦੇ ਸੰਪਰਕ ‘ਚ ਆਇਆ ਅਤੇ ਫ਼ਿਰ ਇੱਕ ਸ਼ਾਰਪ ਸ਼ੂਟਰ ਬਣ ਗਿਆ।
ਜੇਲ੍ਹ ਤੋਂ ਭੱਜ ਕੇ ਬਣਾਇਆ ਆਪਣਾ ਗੈਂਗ
21 ਸਾਲ ਦੀ ਉਮਰ ‘ਚ ਜੇਲ੍ਹ ਤੋਂ ਭੱਜ ਕੇ ਬੰਬੀਹਾ ਨੇ ਆਪਣਾ ਖ਼ੁਦ ਦਾ ਇੱਕ ਗੈਂਗ ਬਣਾ ਲਿਆ। ਉਹ ਕਰੀਬ ਅੱਧਾ ਦਰਜਨ ਕਤਲਾਂ ਦੇ ਮਾਮਲਿਆਂ ‘ਚ ਨਾਮਜ਼ਦ ਸੀ। ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਲੁੱਟਾਂ-ਖੋਹਾਂ, ਸਨੈਚਿੰਗਜ਼ ਅਤੇ ਆਰਮਜ਼ ਐਕਟ ਤਹਿਤ ਕਈ ਮਾਮਲੇ ਦਰਜ ਸਨ। ਦਵਿੰਦਰ ਦਾ ਖ਼ੌਫ਼ 2012 ਤੋਂ ਲੈ ਕੇ 2016 ਤਕ ਬਣਿਆ ਰਿਹਾ ਅਤੇ ਆਪਣੀ ਮੌਤ ਤੱਕ ਸੂਬੇ ਦੇ ਮੋਸਟ ਵਾਂਟੇਡ ਗੈਂਗਸਟਰਾਂ ‘ਚੋਂ ਇੱਕ ਸੀ। ਦਵਿੰਦਰ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਅਪਰਾਧਕ ਗਤੀਵਿਧੀਆਂ ਨੂੰ ਅੱਪਡੇਟ ਕਰਦਾ ਰਹਿੰਦਾ ਸੀ, ਅਤੇ ਉਸ ਨੇ ਕਈ ਵਾਰ ਤਾਂ ਪੰਜਾਬ ਪੁਲੀਸ ਨੂੰ ਵੀ ਸਿੱਧੀ ਚੁਣੌਤੀ ਦਿੱਤੀ।
ਸਾਲ 1990 ‘ਚ ਮੋਗਾ ਦੇ ਪਿੰਡ ਬੰਬੀਹਾ ‘ਚ ਜਨਮੇ ਦਵਿੰਦਰ ਦੀ ਮਰਨ ਵੇਲੇ ਉਮਰ ਮਸਾਂ 26 ਸਾਲ ਦੀ ਸੀ, ਅਤੇ ਉਸ ਖ਼ਿਲਾਫ਼ 21 ਕੇਸ ਦਰਜ ਸਨ। ਉਸ ਨੇ 12ਵੀਂ ਪਾਸ ਕੀਤੀ ਹੋਈ ਸੀ ਅਤੇ BA ਫ਼ਾਈਨਲ ਦੌਰਾਨ ਉਸ ਖ਼ਿਲਾਫ਼ ਕੇਸ ਦਰਜ ਹੋ ਗਿਆ। ਸਾਲ 2010 ‘ਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਅਤੇ ਦਵਿੰਦਰ ਬੰਬੀਹਾ ਦਾ 9 ਸਤੰਬਰ 2016 ਨੂੰ ਪੁਲੀਸ ਨਾਲ ਐਨਕਾਊਂਟਰ ਹੋ ਗਿਆ ਸੀ।
ਹੁਣ ਲੱਕੀ ਚਲਾ ਰਿਹੈ ਬੰਬੀਹਾ ਗੈਂਗ
ਇਸ ਵੇਲੇ ਬੰਬੀਹਾ ਗੈਂਗ ਨੂੰ ਚਲਾਉਣ ਵਾਲਿਆਂ ‘ਚ ਲੱਕੀ ਗੌਰਵ ਪਟਿਆਲਾ ਪ੍ਰਮੁੱਖ ਹੈ ਜੋ ਪਹਿਲਾਂ ਜੇਲ੍ਹ ‘ਚ ਬੰਦ ਸੀ, ਅਤੇ ਫ਼ਿਰ ਆਰਮੇਨੀਆ ਭੱਜ ਗਿਆ ਸੀ। ਇਸ ਗੈਂਗ ਦਾ ਦੂਸਰਾ ਮੇਨ ਕੰਟਰੋਲਰ ਮੋਗਾ ਜ਼ਿਲ੍ਹੇ ਦੇ ਕੁੱਸਾ ਪਿੰਡ ਦਾ ਰਹਿਣ ਵਾਲਾ ਸੁਖਪ੍ਰੀਤ ਸਿੰਘ ਬੁੱਢਾ ਹੈ ਜੋ ਅਜੇ ਵੀ ਸੰਗਰੂਰ ਜੇਲ੍ਹ ‘ਚ ਬੰਦ ਹੈ। ਕੁਝ ਮਹੀਨੇ ਪਹਿਲਾਂ ਜਲੰਧਰ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਵੀ ਬੰਬੀਹਾ ਗੈਂਗ ਨੇ ਅੰਜਾਮ ਦਿੱਤਾ ਸੀ।
ਬੰਬੀਹਾ ਗੈਂਗ ‘ਤੇ ਦਰਜ ਹਨ 40 ਤੋਂ ਜ਼ਿਆਦਾ ਮਾਮਲੇ
ਪੰਜਾਬ ਭਰ ‘ਚ ਇੱਕ ਦਰਜਨ ਤੋਂ ਵੱਧ ਗੈਂਗਾਂ ਦਾ ਖ਼ੌਫ਼ ਹੈ ਅਤੇ ਕਈ ਸੂਬਿਆਂ ਤਕ ਉਨ੍ਹਾਂ ਦਾ ਨੈੱਟਵਰਕ ਫ਼ੈਲਿਆ ਹੋਇਐ ਜਿਸ ਕਾਰਨ ਸੂਬੇ ‘ਚ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣਾ ਆਸਾਨ ਨਹੀਂ। ਬੰਬੀਹਾ ਗੈਂਗ ‘ਤੇ ਪੰਜਾਬ, ਹਰਿਆਣਾ ਅਤੇ ਦੂਜੇ ਸੂਬਿਆਂ ‘ਚ 40 ਤੋਂ ਜ਼ਿਆਦਾ ਮਾਮਲੇ ਦਰਜ ਹਨ।ਪੰਜਾਬ ਪੁਲੀਸ ਨਾਲ ਹੋਏ ਮੁਕਾਬਲਿਆਂ ‘ਚ ਕਈ ਖ਼ਤਰਨਾਕ ਗੈਂਗਸਟਰਾਂ ਦਾ ਸਫ਼ਾਇਆ ਹੋ ਚੁੱਕਾ ਹੈ ਜਿਨ੍ਹਾਂ ‘ਚ ਪ੍ਰੇਮਾ ਲਹੌਰੀਆ, ਵਿਕੀ ਗੌਂਡਰ, ਰੂਬੀ ਤਲਵਣ, ਦਵਿੰਦਰ ਬੰਬੀਹਾ, ਜੈਪਾਲ ਭੁੱਲਰ ਅਤੇ ਜੱਸੀ ਦੇ ਨਾਮ ਪ੍ਰਮੁੱਖ ਹਨ। ਜੱਸੀ ਦਾ ਐਨਕਾਊਂਟਰ ਕੋਲਕਾਤਾ ‘ਚ ਹੋਇਆ ਸੀ।
ਕਈ ਨਾਮਵਰ ਗੈਂਗਸਟਰਾਂ ਦੇ ਮਰਨ ਉਪਰੰਤ ਵੀ ਉਨ੍ਹਾਂ ਦੇ ਗਿਰੋਹ ਕਾਇਮ ਹਨ, ਅਤੇ ਉਹ ਆਪਣੀ ਗਿਣਤੀ ਵੀ ਵਧਾ ਰਹੇ ਨੇ। ਪ੍ਰੇਮਾ ਲਾਹੌਰੀਆ, ਸੁੱਖਾ ਕਾਹਲਵਾਂ, ਵਿਕੀ ਗੌਂਡਰ, ਜੈਪਾਲ ਭੁੱਲਰ, ਰੌਕੀ ਜਿਹੇ ਗੈਂਗਸਟਰਾਂ ਦੀ ਆਪਸੀ ਰੰਜਿਸ਼ ਅਤੇ ਪੁਲੀਸ ਮੁਕਾਬਲਿਆਂ ‘ਚ ਹੋਈਆਂ ਮੌਤਾਂ ਦੇ ਬਾਵਜੂਦ ਪੰਜਾਬ ‘ਚ ਗੈਂਗਸਟਰਾਂ ਦੀ ਗਿਣਤੀ ਘੱਟ ਹੋਣ ਦੀ ਬਜਾਏ ਵਧੀ ਹੈ, ਅਤੇ ਇਨ੍ਹਾਂ ਦੇ ਗਿਰੋਹ ਹਾਲੇ ਵੀ ਸਰਗਰਮ ਹਨ।
ਮੱਲ੍ਹੀ ਗੈਂਗ ਦੀ ਦਹਿਸ਼ਤ
ਨੰਗਲ ਤੋਂ ਮੋਹਾਲੀ ਤਕ ਕੇਸਰ ਮੱਲ੍ਹੀ ਅਤੇ ਬਚਿੱਤਰ ਦੇ ਗੈਂਗ ਸਰਗਰਮ ਹਨ। ਕੇਸਰ ਮੱਲ੍ਹੀ ਗੈਂਗ ‘ਚ 25 ਅਤੇ ਬਚਿੱਤਰ ਗੈਂਗ ‘ਚ 30 ਦੇ ਕਰੀਬ ਨੌਜਵਾਨ ਦੱਸੇ ਜਾਂਦੇ ਹਨ। ਇਹ ਦੋਹੇਂ ਗੈਂਗ ਅਕਸਰ ਇੱਕ ਦੂਜੇ ਦੇ ਮੈਂਬਰਾਂ ‘ਤੇ ਹਮਲੇ ਕਰਦੇ ਹਨ। ਮੱਲ੍ਹੀ ਗੈਂਗ ਵਿਕੀ ਗੌਂਡਰ ਨਾਲ ਜੁੜਿਆ ਹੋਇਆ ਸੀ। ਪੁਲੀਸ ਫ਼ਾਈਲ ਮੁਤਾਬਿਕ ਜੱਸੀ ਕਲਮਾ, ਦਿਲਪ੍ਰੀਤ ਢਾਹਾ, ਮਨੀ ਬੰਸਾਲੀ, ਸੁੱਖਾ ਆਜ਼ਮਪੁਰੀਆ ਅਤੇ ਰਾਣਾ ਸਮਾਣਾ ਇਸ ਦੇ ਸ਼ਾਰਪ ਸ਼ੂਟਰਜ਼ ਹਨ। ਉੱਥੇ ਹੀ ਬੰਬੀਹਾ ਗੈਂਗ ਦੇ ਸਰਗਨਾ ਦਵਿੰਦਰ ਬੰਬੀਹਾ ਨੂੰ ਬਠਿੰਡਾ ਪੁਲੀਸ ਨੇ 9 ਸਤੰਬਰ 2016 ਨੂੰ ਇੱਕ ਐਨਕਾਊਂਟਰ ‘ਚ ਮਾਰ ਦਿੱਤਾ ਸੀ। ਉਸ ਤੋਂ ਬਾਅਦ ਗਿਰੋਹ ਦਾ ਸੰਚਾਲਨ ਸੁਖਪ੍ਰੀਤ ਬੁੱਢਾ ਦੇ ਹੱਥ ਆ ਗਿਆ। ਬੁੱਢਾ ਨੇ 17 ਜੂਨ 2018 ਨੂੰ ਬਠਿੰਡਾ ਦੇ ਇੱਕ ਪ੍ਰੋਫ਼ੈਸ਼ਨਲ ਕੇਵਲ ਨੂੰ ਇਸ ਲਈ ਮਾਰ ਦਿੱਤਾ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਨੇ ਪੁਲੀਸ ਨੂੰ ਦਵਿੰਦਰ ਬੰਬੀਹਾ ਬਾਰੇ ਜਾਣਕਾਰੀ ਦਿੱਤੀ ਸੀ।
ਕਿਵੇਂ ਬਣਦੇ ਗਏ ਗੈਂਗ?
ਕੁਲਬੀਰ ਨਰੂਆਣਾ ਕਦੇ ਬੰਬੀਹਾ ਗੈਂਗ ਦਾ ਮੈਂਬਰ ਹੁੰਦਾ ਸੀ, ਪਰ ਬਾਅਦ ‘ਚ ਉਸ ਨੇ ਆਪਣੇ ਨਾਮ ਨਾਲ ਖ਼ੁਦ ਦਾ ਗੈਂਗ ਬਣਾ ਲਿਆ। ਫ਼ਿਰ ਉਹ ਰੌਕੀ ਗੈਂਗ ਨਾਲ ਜੁੜ ਗਿਆ। ਨਰੂਆਣਾ ਨੇ ਜੇਲ੍ਹ ‘ਚ ਹੀ ਬੰਦ ਮੰਡੀਕਲਾਂ ਦੇ ਗੈਂਗਸਟਰ ਗੁਰਦੀਪ ‘ਤੇ ਗੋਲੀ ਦਾਗ਼ ਦਿੱਤੀ ਸੀ, ਅਤੇ ਵੱਖ-ਵੱਖ ਥਾਣਿਆਂ ‘ਚ ਨਰੂਆਣਾ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਉਸ ਦੇ ਗੈਂਗ ‘ਚ 200 ਦੇ ਕਰੀਬ ਨੌਜਵਾਨ ਦੱਸੇ ਜਾਂਦੇ ਹਨ। ਰੰਮੀ ਮਛਾਣਾ ਕਦੇ ਸ਼ੇਰਾ ਖੁੱਬਣ ਗੈਂਗ ਦਾ ਮੈਂਬਰ ਸੀ, ਪਰ ਬਾਅਦ ‘ਚ ਉਸ ਨੇ ਆਪਣਾ ਵੱਖਰਾ ਗੈਂਗ ਬਣਾ ਲਿਆ। ਰੰਮੀ ਮਛਾਣਾ ‘ਤੇ ਪੰਜ ਤੋਂ ਜ਼ਿਆਦਾ ਹੱਤਿਆ ਦੇ ਮਾਮਲੇ ਅਤੇ ਰਾਜਸਥਾਨ ਦੇ ਕਈ ਵੱਡੇ ਸ਼ਹਿਰਾਂ ‘ਚ ਡਕੈਤੀਆਂ ਦੇ ਕੇਸ ਦਰਜ ਹਨ। ਅੰਮ੍ਰਿਤਪਾਲ ਸਿੰਘ ਭਾਟੀ ਨਾਭਾ ਜੇਲ੍ਹ ‘ਚ ਬੰਦ ਹੈ। ਉਸ ‘ਤੇ ਵੱਖ-ਵੱਖ ਥਾਣਿਆਂ ‘ਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਭਾਟੀ ਨੇ ਚਾਰ ਸਾਲ ਪਹਿਲਾਂ ਆਪਣੇ ਸਾਥੀਆਂ ਨਾਲ ਮਿਲ ਕੇ ਮੱਛਰ ਗੈਂਗ ਦੇ ਮਾਸਟਰਮਾਈਂਡ ਪ੍ਰਦੀਪ ਕੁਮਾਰ ਉਰਫ਼ ਮੱਛਰ ਦਾ ਭੁੱਚੋ ਮੰਡੀ ਕੋਲ ਕਤਲ ਕਰ ਦਿੱਤਾ ਸੀ।
ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਾ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ
ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਪੰਜਾਬ ਦੇ ਗੈਂਗਸਟਰਾਂ ‘ਚ ਸਭ ਤੋਂ ਚਰਚਿਤ ਚਿਹਰਾ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਕਾਹਲਵਾਂ ਨੇ ਹੀ ਪੰਜਾਬ ‘ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਨਾ ਉਸ ਦਾ ਸ਼ੌਕ ਸੀ, ਅਤੇ ਉਸ ਸਮੇਂ ਲੌਰੈਂਸ ਬਿਸ਼ਨੋਈ ਵੀ ਉਸ ਦੇ ਗੈਂਗ ਦਾ ਹਿੱਸਾ ਸੀ। ਸੁੱਖਾ ਦੇ ਘਰਵਾਲੇ ਅਮਰੀਕਾ ‘ਚ ਸੈਟਲ ਹੋ ਗਏ ਸਨ, ਪਰ 17 ਸਾਲ ਦੀ ਉਮਰ ‘ਚ ਸੁੱਖੇ ਖ਼ਿਲਾਫ਼ ਕਤਲ ਦਾ ਪਹਿਲਾ ਮਾਮਲਾ ਦਰਜ ਹੋਣ ਕਾਰਨ ਉਹ ਉਨ੍ਹਾਂ ਕੋਲ ਨਹੀਂ ਜਾ ਸਕਿਆ। ਇੱਕ ਵਾਰ ਸਿਰਫ਼ ਆਪਣੇ ਦੰਦਾਂ ਨਾਲ ਕੱਟ ਕੇ ਹੀ ਕਾਹਲਵਾਂ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਸਾਲ 2000 ਲੈ ਕੇ 2015 ਦਰਮਿਆਨ ਪੰਜਾਬ ਦੇ ਨਾਲ-ਨਾਲ ਆਸ-ਪਾਸ ਦੇ ਰਾਜਾਂ ‘ਚ ਵੀ ਉਸ ਦੀ ਵਾਹਵਾ ਦਹਿਸ਼ਤ ਹੁੰਦੀ ਸੀ।
ਵਧਾਵਾ ਸਿੰਘ ਬੱਬਰ ਦਾ ਸੱਜਾ ਹੱਥ ਬਣਿਆ ਹਰਿੰਦਰ ਰਿੰਦਾ
ਕਿਸੇ ਸਮੇਂ ਪੰਜਾਬ ‘ਚ ਇੱਕ ਗੈਂਗਸਟਰ ਰਿਹਾ ਹਰਵਿੰਦਰ ਸਿੰਘ ਰਿੰਦਾ ਇਸ ਵਕਤ ਪਾਕਿਸਤਾਨ ‘ਚ ਬੱਬਰ ਖ਼ਾਲਸਾ ਦੇ ਚੀਫ਼ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਕੇ ਭਾਰਤ ‘ਚ ਕਾਰਵਾਈਆਂ ਕਰਦਾ ਹੈ। ਰਿੰਦਾ ਡਰੋਨਾਂ ਰਾਹੀਂ ਹਥਿਆਰਾਂ ਦੀਆਂ ਖੇਪਾਂ ਪੰਜਾਬ ‘ਚ ਪਹੁੰਚਾਉਣ ਦੀ ਜ਼ਿੰਮੇਵਾਰੀ ਸੰਭਾਲਦਾ ਹੈ। ਪਿੱਛਲੇ ਕੁਝ ਕੁ ਸਾਲਾਂ ‘ਚ ਪੰਜਾਬ ‘ਚ ਜਿੰਨੀਆਂ ਵੀ ਸਿਆਸਤਦਾਨਾਂ ਦੇ ਕਤਲਾਂ ਦੀਆਂ ਘਟਨਾਵਾਂ ਹੋਈਆਂ ਹਨ, ਉਨ੍ਹਾਂ ‘ਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰਿੰਦਾ ਦਾ ਹੀ ਹੱਥ ਦੱਸਿਆ ਗਿਆ ਹੈ।















