ਅੰਮ੍ਰਿਤਸਰ — ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਨੇ ਪੂਰੀ ਤਰ੍ਹਾਂ ਮਰਿਆਦਾ ਨੂੰ ਧਿਆਨ ‘ਚ ਰੱਖਦੇ ਹੋਏ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਨਾਲ ਦੁਸ਼ਕਰਮ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦੇ ਕੇ ਪੀੜਤ ਮਹਿਲਾ ਨੂੰ ਇਨਸਾਫ ਦਿੱਤਾ ਹੈ, ਜੋ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਅਦਾਲਤ ਨੇ ਭਾਰੀ ਗਿਣਤੀ ‘ਚ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਇਕੱਠਾ ਹੋਣ ਦੇ ਬਾਵਜੂਦ ਬਿਨ੍ਹਾਂ ਕਿਸੇ ਦਬਾਅ ਦੇ ਫੈਸਲਾ ਸੁਣਾਇਆ ਹੈ, ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਦਾ ਅਦਾਲਤ ‘ਤੇ ਵਿਸ਼ਵਾਸ ਵਧਿਆ ਹੈ ਤੇ ਬਾਹੂਬਲੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਥੇ ਭਾਰਤੀ ਸਵਿੰਧਾਨ ਮੁਤਾਬਿਕ ਨਾਗਰਿਕਾਂ ਨੂੰ ਸ਼ਾਂਤੀਪੂਰਨ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਪਰ ਕੁਝ ਲੋਕ ਇਸਦਾ ਨਾਜਾਇਜ਼ ਫਾਇਦਾ ਚੁੱਕਦੋ ਹਏ ਇਸ ਦਾ ਗਲਤ ਇਸਤੇਮਾਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੇ ਖਿਲਾਫ ਫੈਸਲਾ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਡੇਰੇ ਦੇ ਸ਼ਰਧਾਲੂਆਂ ਵਲੋਂ ਤੋੜ ਭੰਨ ਕੀਤੀ ਜਾ ਰਹੀ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਬਣਾਏ ਰੱਖਣ ਲਈ ਧਾਰਾ-144 ਲਗਾਏ ਜਾਣ ਦੇ ਬਾਵਜੂਦ ਡੇਰਾ ਮੁੱਖੀ ਦੇ ਹਿੰਸਕ ਸ਼ਰਧਾਲੂਆਂ ਨੂੰ ਹਰਿਆਣਾ ਰਾਜ ਦੇ ਮਾਨਚੈਸਟਰ ਦੇ ਤੌਰ ‘ਤੇ ਜਾਣੇ ਜਾਂਦੇ ਪੰਚਕੂਲਾ ਸ਼ਹਿਰ ‘ਚ ਇਕੱਠੇ ਹੋਣ ਦੀ ਇਜਾਜ਼ਤ ਦੇਣਾ ਸਾਜਿਸ਼ ਦਾ ਹੀ ਹਿੱਸਾ ਸੀ ਤੇ ਹੁਣ ਸਰਕਾਰ ਦਾ ਡੇਰਾ ਸ਼ਰਧਾਲੂਆਂ ਨੂੰ ਕਾਬੂ ਨਾ ਕਰ ਪਾਉਣਾ ਸਪਸ਼ੱਟ ਕਰਦਾ ਹੈ ਕਿ ਹਰਿਆਣਾ ‘ਚ ਅਮਨ-ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਹੁਲੜਬਾਜ਼ਾਂ ਦੇ ਨਾਲ ਸਖਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ।















