ਚੰਡੀਗੜ੍ਹ — ਪੰਚਕੂਲਾ ‘ਚ ਹਿੰਸਾ ਦੇ ਲਈ ਗ੍ਰਹਿ ਸਕੱਤਰ ਰਾਮ ਵਿਲਾਸ ਨੇ ਹਰਿਆਣਾ ਪੁਲਸ ਅਤੇ ਸੁਰੱਖਿਆ ਫੋਰਸ ਦੀ ਪਿੱਠ ਥਾਪੜੀ ਹੈ। ਪ੍ਰੈਸ ਕਾਨਫਰੈਂਸ ‘ਚ ਡੀ.ਜੀ.ਪੀ. ਨੇ ਕਿਹਾ ਕਿ ਸੁਰੱਖਿਆ ਫੋਰਸ ਨੇ ਸਿਰਫ ਸਾਢੇ ਤਿੰਨ ਘੰਟੇ ‘ਚ ਹਾਲਾਤ ਕਾਬੂ ਕਰ ਲਏ ਸਨ, ਨਹੀਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਸਨ। ਗ੍ਰਹਿ ਸਕੱਤਰ ਰਾਮ ਵਿਲਾਸ ਨੇ ਕਿਹਾ ਕਿ ਜੇਕਰ ਮੁਸਤੈਦੀ ਨਾ ਦਿਖਾਈ ਜਾਂਦੀ ਤਾਂ ਹਾਲਾਤ ਹੱਥੋਂ ਨਿਕਲ ਸਕਦੇ ਸਨ। ਚੰਡੀਗੜ੍ਹ ‘ਚ ਡੀ.ਜੀ.ਪੀ. ਅਤੇ ਗ੍ਰਹਿ ਸਕੱਤਰ ਦੀ ਇਕ ਸਾਂਝਾ ਪ੍ਰੈਸ ਕਾਨਫਰੈਂਸ ਹੋਈ ਜਿਸ ‘ਚ ਉਨ੍ਹਾਂ ਨੇ ਮੰਨਿਆ ਕਿ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੇ ਸਨ ਪਰ ਪ੍ਰਸ਼ਾਸਨਿਕ ਮੁਸਤੈਦੀ ਦੇ ਕਾਰਨ ਹਾਲਾਤ ‘ਤੇ ਕਾਬੂ ਪਾਇਆ ਜਾ ਸਕਿਆ ਅਤੇ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਗ੍ਰਹਿ ਸਕੱਤਰ ਨੇ ਇਕ ਅਧਿਕਾਰੀ ਦੀ ਲਾਪਰਵਾਹੀ ਵੀ ਇਸ ਪੂਰੇ ਮਾਮਲੇ ‘ਚ ਮੰਨੀ ਹੈ ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਅਧਿਕਾਰੀ ਦਾ ਨਾਂ ਲੈਂਦੇ ਗ੍ਰਹਿ ਸਕੱਤਰ ਝਿਜਕਦੇ ਨਜ਼ਰ ਆਏ।















