ਜੇਤਲੀ ਨੇ ਕੇਜਰੀਵਾਲ ਤੇ ਪੰਜ ਹੋਰਨਾਂ ਖਿਲਾਫ ਲਗਾਇਆ ਝੂਠੇ ਬਿਆਨ ਦੇਣ ਦਾ ਦੋਸ਼

4ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜ ਹੋਰਨਾਂ ਨੇਤਾਵਾਂ ਖਿਲਾਫ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦੇ ਮਾਮਲੇ ‘ਚ ਦਿੱਲੀ ਦੀ ਇਕ ਅਦਾਲਤ ‘ਚ ਅੱਜ ਆਪਣਾ ਬਿਆਨ ਦਰਜ ਕਰਵਾਇਆ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਦੇ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਝੂਠੇ ਬਿਆਨ ਦਿੱਤੇ ਹਨ। ਆਪਣਾ ਬਿਆਨ ਦਰਜ ਕਰਵਾਉਣ ਦੌਰਾਨ ਜੇਤਲੀ ਨੇ ਮੁੱਖ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਸੰਜੇ ਖਨਗਵਾਲ ਨੂੰ ਦੱਸਿਆ ਕਿ ਕੇਜਰੀਵਾਲ ਤੇ ਇਨ੍ਹਾਂ ਪੰਜ ਲੋਕਾਂ ਨੇ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ‘ਝੂਠੇ’ ਤੇ ‘ਅਪਮਾਨਜਨਕ’ ਬਿਆਨ ਦਿੱਤੇ ਸਨ।
ਸਖਤ ਸੁਰੱਖਿਆ ਵਿਚਾਲੇ ਅਦਾਲਤ ਆਏ ਜੇਤਲੀ ਨੇ ਇਹ ਵੀ ਕਿਹਾ ਕਿ ਇਹ ਬਿਆਨ ਇਸ ਲਈ ਦਿੱਤੇ ਗਏ ਹਨ ਤਾਂ ਕਿ ਕੇਜਰੀਵਾਲ ਨਾਲ ਕੰਮ ਕਰਨ ਵਾਲੇ ਇਕ ਵਿਅਕਤੀ ਵਿਸ਼ੇਸ਼ ਖਿਲਾਫ ਸੀ. ਬੀ. ਆਈ. ਜਾਂਚ ਤੋਂ ਧਿਆਨ ਭਟਕਾਇਆ ਜਾ ਸਕੇ। ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਵੀ ਮੀਡੀਆ ਮੁਲਾਜ਼ਮ ਨੂੰ ਅਦਾਲਤ ‘ਚ ਦਾਖਲ ਨਹੀਂ ਹੋਣ ਦਿੱਤਾ। ਬੰਦ ਕਮਰੇ ‘ਚ ਹੋ ਰਹੀ ਇਸ ਸੁਣਵਾਈ ‘ਚ ਸਿਰਫ ਵਕੀਲਾਂ ਨੂੰ ਹੀ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ।