ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚੋਂ ਭਰਤਇੰਦਰ ਸਿੰਘ ਚਾਹਲ ਹੋਏ ਬਰੀ

3ਪਟਿਆਲਾ/ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ‘ਚ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਭਰਤਇੰਦਰ ਸਿੰਘ ਚਾਹਲ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ, ਬੇਟਾ ਬਿਕਰਮਜੀਤ ਸਿੰਘ ਇੰਦਰ ਚਾਹਲ ਤੇ ਪ੍ਰਵੀਨ ਪੁਰੀ, ਅਮਨ ਗੁਪਤਾ, ਗੁਰਚਰਨ ਸਿੰਘ, ਜਸਵਿੰਦਰਪਾਲ ਸਿੰਘ ਨੂੰ ਵੀ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਨੇ ਬਰੀ ਕਰ ਦਿੱਤਾ।
ਵਰਣਨਯੋਗ ਹੈ ਕਿ ਵਿਜੀਲੈਂਸ ਬਿਉਰੋ ਪਟਿਆਲਾ ਨੇ ਉਕਤ ਸਾਰਿਆਂ ਖਿਲਾਫ਼ 11 ਜੁਲਾਈ 2007 ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਦਰਜ ਮਾਮਲੇ ਵਿਚ ਵਿਜੀਲੈਂਸ ਬਿਉਰੋ ਦਾ ਕਹਿਣਾ ਸੀ ਕਿ ਭਰਤਇੰਦਰ ਸਿੰਘ ਚਾਹਲ ਨੇ ਸਾਲ 2002 ਤੋਂ 2007 ਦੌਰਾਨ ਭ੍ਰਿਸ਼ਟਾਚਾਰ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।