ਪੰਜਾਬੀ ਭਾਸ਼ਾ ਲਈ ਸੂਬਾ ਸਰਕਾਰ ਤੇ ਪੰਜਾਬੀ ਸਾਹਿਤ ਅਕਾਦਮੀ ਮਿਲ ਕੇ ਕੰਮ ਕਰਨਗੇ : ਡਾ. ਚੀਮਾ

1ਚੰਡੀਗੜ੍ਹ : ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਤੇ ਸੂਬੇ ਦੇ ਸਮੂਹ ਸਕੂਲਾਂ ਵਿੱਚ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਤੇ ਪੰਜਾਬੀ ਸਾਹਿਤ ਅਕਾਦਮੀ ਨਾਲ ਮਿਲ ਕੇ ਕੰਮ ਕਰੇਗੀ। ਇਹ ਗੱਲ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਪੰਜਾਬੀ ਸਾਹਿਤ ਅਕਾਦਮੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਹੀ। ਡਾ.ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਭਾਸ਼ਾ ਐਕਟ ਨੂੰ ਲਾਗੂ ਕਰਨ ਲਈ ਗੰਭੀਰਤਾ ਦਿਖਾਉਂਦਿਆਂ ਸੂਬੇ ਭਰ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਕੀਤੀ ਹੈ। ਉਨ੍ਹਾਂ ਅਕਾਦਮੀ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਵੀ ਵਿਭਾਗ ਦੀ ਇਸ ਕੋਸ਼ਿਸ਼ ਵਿੱਚ ਮੱਦਦ ਕਰਨ ਅਤੇ ਅਜਿਹੇ ਸਕੂਲਾਂ ਬਾਰੇ ਰਿਪੋਰਟ ਦੇਣ ਜੋ ਭਾਸ਼ਾ ਐਕਟ ਦੀ ਉਲੰਘਣਾ ਕਰਦੇ ਹਨ।
ਮੀਟਿੰਗ ਦੌਰਾਨ ਨਾਮਵਾਰ ਸ਼ਾਇਰ ਡਾ.ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਡਾ.ਚੀਮਾ ਨੂੰ ਮੁਬਾਰਕਬਾਦ ਵੀ ਦਿੱਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਚੈਕਿੰਗ ਦੌਰਾਨ 40 ਸਕੂਲਾਂ ਦੀ ਪਤਾ ਲੱਗਿਆ ਹੈ ਜਿਹੜੇ ਭਾਸ਼ਾ ਐਕਟ ਦੀ ਪਾਲਣਾ ਨਹੀਂ ਕਰਦੇ ਅਤੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਨਿੱੱਜੀ ਤੌਰ ‘ਤੇ ਮੀਟਿੰਗ ਵਿੱਚ ਬੁਲਾ ਕੇ ਭਾਸ਼ਾ ਐਕਟ ਦੀ ਪਾਲਣਾ ਲਈ ਕਹਿਣਗੇ। ਉਨ੍ਹਾਂ ਅਕਾਦਮੀ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਬਾਰੇ ਦੱਸਣ ਜੋ ਐਕਟ ਦੀ ਉਲੰਘਣਾ ਕਰਦੇ ਹਨ।
ਸਿੱਖਿਆ ਮੰਤਰੀ ਨੇ ਡਾ.ਪਾਤਰ, ਪ੍ਰੋ.ਗੁਰਭਜਨ ਗਿੱਲ, ਡਾ.ਸਿਰਸਾ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਭਾਸ਼ਾ ਦੀ ਉਨਤੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦਿਆਂ ਆਪਣੇ ਨਿੱਜੀ ਅਖਤਿਆਰੀ ਕੋਟੇ ਵਿੱਚੋਂ ਅਕਾਦਮੀ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਦਾ ਭਾਸ਼ਾ ਬਣਾਉਣ ਬਾਰੇ ਵਿਚਾਰਾਂ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਬਣਾਉਣ ਸਬੰਧੀ ਕੌਮੀ ਪੱਧਰ ਦੀ ਮੀਟਿੰਗ ਵਿੱਚ ਉਨ੍ਹਾਂ 12ਵੀਂ ਜਮਾਤ ਤੱਕ ਸੂਬਾਈ ਭਾਸ਼ਾਵਾਂ ਵਿੱਚ ਪੜ੍ਹਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਭਾਸ਼ਾ ਸਥਾਨਕ ਸੂਬੇ ਦੀਆਂ ਰਾਜ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ।
ਡਾ.ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 400 ਨਵੇਂ ਸਕੂਲਾਂ ਵਿੱਚ ਸ਼ੁਰੂ ਕੀਤੀ ਵੋਕੇਸ਼ਨਲ ਸਿੱਖਿਆ ਨੂੰ ਸਫਲ ਬਣਾਉਣ ਅਤੇ ਲੋੜੀਂਦੇ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਾਣ ਲਈ ਇਸ ਦਾ ਸਿਲੇਬਸ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕਿ ਕਿਸੇ ਵੀ ਭਾਸ਼ਾ ਨੂੰ ਰੋਜ਼ਗਾਰ ਨਾਲ ਨਹੀਂ ਜੋੜਿਆ ਜਾਵੇਗਾ, ਉਦੋਂ ਤੱਕ ਉਸ ਭਾਸ਼ਾ ਦੀ ਵਧੇਰੇ ਪ੍ਰਫੁੱਲਤਾ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਅਕਾਦਮੀ ਅਤੇ ਪੰਜਾਬੀ ਮਾਹਿਰਾਂ ਨੂੰ ਵੀ ਕਦਮ ਚੁੱਕਣ ਲਈ ਕਿਹਾ ਹੈ।
ਮੀਟਿੰਗ ਵਿੱਚ ਵਿਭਾਗ ਵੱਲੋਂ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਕੁਮਾਰ ਅੱਗਰਵਾਲ, ਡੀ.ਪੀ.ਆਈ. (ਸਸ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ) ਸ੍ਰੀ ਹਰਬੰਸ ਸਿੰਘ ਸੰਧੂ, ਐਸ.ਈ.ਆਰ.ਈ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਪੰਜਾਬੀ ਸਾਹਿਤ ਅਕਾਦਮੀ ਤਰਫੋਂ ਮੰਨੇ ਪ੍ਰਮੰਨੇ ਸ਼ਾਇਰ ਡਾ.ਸੁਰਜੀਤ ਪਾਤਰ, ਅਕਾਦਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਸ੍ਰੀ ਅਨੂਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ.ਸੁਰਜੀਤ, ਡਾ.ਗੁਲਜ਼ਾਰ ਪੰਧੇਰ ਵੀ ਹਾਜ਼ਰ ਸਨ।