ਛੱਤੀਸਗੜ੍ਹ ‘ਚ ਵੱਡਾ ਹਾਦਸਾ: ਟਰੱਕ ‘ਚ ਜਾ ਵਜੀ ਯਾਤਰੀਆਂ ਨਾਲ ਭਰੀ ਬੱਸ; 3 ਦੀ ਮੌਤ, ਕਈ ਜ਼ਖਮੀ

ਬਾਲੋਦਾਬਾਜ਼ਾਰ : ਛੱਤੀਸਗੜ੍ਹ ਦੇ ਬਲੋਦਾਬਾਜ਼ਾਰ-ਭਾਟਾਪਾੜਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਯਾਤਰੀਆਂ ਨਾਲ ਭਰੀ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਸਿਮਗਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਦਾਰਚੁਰਾ ਪਿੰਡ ਦੇ ਨੇੜੇ ਵਾਪਰਿਆ ਹੈ।
ਹਾਦਸੇ ਦਾ ਸ਼ਿਕਾਰ ਹੋਈ ਰਾਇਲ ਕੰਪਨੀ ਦੁਆਰਾ ਚਲਾਈ ਜਾ ਰਹੀ ਬੱਸ ਅੰਬਿਕਾਪੁਰ ਤੋਂ ਰਾਏਪੁਰ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇੱਕ ਟਰੱਕ ਖਰਾਬ ਹੋ ਗਿਆ ਸੀ ਅਤੇ ਸੜਕ ‘ਤੇ ਖੜ੍ਹਾ ਸੀ। ਅਧਿਕਾਰੀ ਦੇ ਅਨੁਸਾਰ, ਬੱਸ ਦੇ ਆਲੇ-ਦੁਆਲੇ ਬੋਰਡ ਲਗਾਏ ਗਏ ਸਨ ਤਾਂ ਜੋ ਆਉਣ ਵਾਲੇ ਡਰਾਈਵਰਾਂ ਨੂੰ ਸੁਚੇਤ ਕੀਤਾ ਜਾ ਸਕੇ, ਪਰ ਬੱਸ ਡਰਾਈਵਰ ਉਨ੍ਹਾਂ ਨੂੰ ਨਾ ਦੇਖ ਸਕਿਆ ਅਤੇ ਟਰੱਕ ਨਾਲ ਟਕਰਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਜਿਸ ਸਮੇਂ ਬੱਸ ਹਾਦਸੇ ਦਾ ਸ਼ਿਕਾਰ ਹੋਈ, ਉਸ ਵਿੱਚ ਕੁੱਲ 22 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਅੱਠ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਕਰਮਚਾਰੀ, ਐਂਬੂਲੈਂਸਾਂ ਅਤੇ ਬਚਾਅ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਜ਼ਖਮੀ ਯਾਤਰੀਆਂ ਨੂੰ ਗੈਸ ਕਟਰਾਂ ਅਤੇ ਹੋਰ ਉਪਕਰਣਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਸਿਮਗਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।