ਗੋਭੀ, ਗਾਜਰ ਅਤੇ ਮੂਲੀ ਦਾ ਆਚਾਰ ਸਭ ਆਚਾਰ ਸ਼ੌਕੀਨਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਕਾਫ਼ੀ ਆਸਾਨ ਹੈ।
ਜ਼ਰੂਰੀ ਸਮੱਗਰੀ
ਅੱਧਾ ਕਿੱਲੋ ਗੋਭੀ ਵੱਡੇ ਟੁੱਕਿੜਆਂ ਵਿੱਚ ਕੱਟੀ ਹੋਈ
ਅੱਧਾ ਕਿੱਲੋ ਗਾਜਰ, ਲੰਬੇ ਚਕੋਰ ਟੁੱਕੜਿਆਂ ਵਿੱਚ ਕੱਟੀ ਹੋਈ
ਅੱਧਾ ਕਿੱਲੋ ਮੂਲੀ ਲੰਬੇ ਚਕੋਰ ਟੁੱਕੜਿਆਂ ਵਿੱਚ ਕੱਟੀ ਹੋਈ
ਅੱਠ ਤੋਂ ਦੱਸ ਹਰੀਆਂ ਮਿਰਚਾਂ ਟੁੱਕੜਿਆਂ ਵਿੱਚ ਕੱਟੀਆਂ ਹੋਈਆਂ
ਅੱਧਾ ਕੱਪ ਸਰ੍ਹੋਂ ਦਾ ਤੇਲ
ਇੱਕ ਚੁਟਕੀ ਹਿੰਗ
ਦੋ ਵੱਡੇ ਚੱਮਚ ਸਰ੍ਹੋਂ ਪੀਸੀ ਹੋਈ
ਨਮਕ ਸੁਆਦ ਮੁਤਾਬਿਕ
ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ ਪੀਸਿਆ ਹੋਇਆ
ਇੱਕ ਛੋਟਾ ਚੱਮਚ ਹਲਦੀ ਪਾਊਡਰ
ਤਿੰਨ ਛੋਟੇ ਚੱਮਚ ਨਿੰਬੂ ਦਾ ਰਸ
ਦੋ ਕੱਪ ਪਾਣੀ
ਬਣਾਉਣ ਦੀ ਵਿਧੀ
ਇੱਕ ਪਤੀਲੇ ਜਾਂ ਬਰਤਨ ਵਿੱਚ ਪਾਣੀ ਅਤੇ ਇੱਕ ਚੱਮਚ ਨਮਕ ਮਿਲਾ ਕੇ ਗਰਮ ਹੋਣ ਲਈ ਰੱਖ ਦਿਓ। ਜਦੋਂ ਇਸ ਵਿੱਚ ਉਬਾਲ ਆਉਣ ਲੱਗੇ ਤਾਂ ਕੱਟੀਆਂ ਹੋਈਆਂ ਸਬਜ਼ੀਆਂ ਪਾ ਦਿਓ ਅਤੇ 4-5 ਮਿੰਟ ਲਈ ਉਬਾਲੋ। ਤੈਅ ਸਮੇਂ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ 10 ਮਿੰਟ ਤਕ ਉਬਾਲ ਕੇ ਪਾਸੇ ਰੱਖ ਦਿਓ। ਇਸ ਤੋਂ ਬਾਅਦ ਸਬਜ਼ੀਆਂ ਨੂੰ ਛਾਣ ਕੇ ਭਾਂਡੇ ਵਿੱਚ ਕੱਢ ਲਓ। ਇਸ ਨੂੰ ਦਿਨਭਰ ਧੁੱਪ ਵਿੱਚ ਰੱਖੋ।
ਦਿਨ ਭਰ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਇੱਕ ਕੜ੍ਹਾਈ ਵਿੱਚ ਤੇਲ ਪਾ ਕੇ ਘੱਟ ਗੈਸ ‘ਤੇ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਵਿੱਚ ਨਮਕ ਸਰ੍ਹੋਂ ਦਾ ਤੇਲ, ਹਿੰਗ, ਹਲਦੀ, ਲਾਲ ਮਿਰਚ ਪਾਊਡਰ ਅਤੇ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਇਸ ਵਿੱਚ ਨਿੰਬੂ ਦਾ ਰਸ ਪਾ ਕੇ ਇੱਕ ਵਾਰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫ਼ਿਰ ਇਸ ਨੂੰ ਕੱਚ ਦੀ ਬਰਨੀ ਵਿੱਚ ਭਰ ਕੇ ਦੋ ਤੋਂ ਤਿੰਨ ਘੰਟੇ ਤਕ ਧੁੱਪ ਵਿੱਚ ਰੱਖੋ। ਤਿਆਰ ਹੈ ਗਾਜਰ, ਗੋਭੀ ਅਤੇ ਮੂਲੀ ਦਾ ਮਿਕਸਡ ਆਚਾਰ। ਇਸ ਨੂੰ ਰੋਟੀ, ਦਾਲ, ਚਾਵਲ ਦੇ ਨਾਲ ਖਾਓ।










