ਜੇ ਸ਼ੇਰ ਮੇਮਣਿਆਂ ਨਾਲ ਲੰਮਾ ਪੈ ਜਾਵੇ ਅਤੇ ਇਸ ਦੁਨੀਆਂ ਦੀਆਂ ਸਾਰੀਆਂ ਸ਼ਮਸ਼ੀਰਾਂ ਹਲਾਂ ਦੀਆਂ ਫ਼ਾਲਾਂ ਵਿੱਚ ਤਬਦੀਲ ਕਰ ਦਿੱਤੀਆਂ ਜਾਣ ਤਾਂ ਹਥਿਆਰ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਕੀ ਕਰਨਗੀਆਂ? ਉਨ੍ਹਾਂ ਦਾ ਸਾਰਾ ਸਾਜ਼ੋ ਸਾਮਾਨ ਤਾਂ ਫ਼ਾਲਤੂ ਹੋ ਜਾਵੇਗਾ। ਅਤੇ ਜੇਕਰ ਅਸੀਂ ਅਜਿਹੇ ਸੰਸਾਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਸਾਨੂੰ ਇੱਕ ਦੂਸਰੇ ਦੇ ਇਰਾਦਿਆਂ ‘ਤੇ ਕਿਸੇ ਕਿਸਮ ਦਾ ਕੋਈ ਸ਼ੱਕ ਹੀ ਨਾ ਹੋਵੇ ਤਾਂ ਦੁਨੀਆਂ ਦੇ ਸਾਰੇ ਵਕੀਲ ਰੋਟੀ ਕਿੱਥੋਂ ਖਾਣਗੇ? ਬਹੁਤੇ ਲੋਕਾਂ ਦਾ ਇਸ ਸੰਸਾਰ ਨੂੰ ਰੁੱਖਾ ਅਤੇ ਇੱਕ ਮੁਸ਼ਕਿਲ ਸਥਾਨ ਬਣਾਈ ਰੱਖਣ ਵਿੱਚ ਨਿੱਜੀ ਮੁਫ਼ਾਦ ਹੈ। ਫ਼ਿਰ ਵੀ, ਇਹ ਆਹਿਸਤਾ-ਆਹਿਸਤਾ ਤਬਦੀਲ ਹੁੰਦਾ ਰਹਿੰਦੈ, ਅਤੇ ਤੁਹਾਡੇ ਸੰਸਾਰ ਵਿੱਚ ਵੀ ਨਿਰਸੰਦੇਹ ਅਜਿਹਾ ਕਰਨ ਦੀ ਸੰਭਾਵਨਾ ਹੈ। ਤੁਸੀਂ ਚਾਹੋ ਤਾਂ ਉਹੀ ਪੁਰਾਣੇ ਨਾਟਕ ਮੁੜ-ਮੁੜ ਖੇਡਦੇ ਰਹਿ ਸਕਦੇ ਹੋ ਅਤੇ ਉਨ੍ਹਾਂ ਪੁਰਾਣੇ ਕਾਰਨਾਂ ਕਾਰਨ ਫ਼ਿਰ ਨਿਰਉਤਸ਼ਾਹਿਤ ਮਹਿਸੂਸ ਕਰ ਸਕਦੇ ਹੋ, ਜਾਂ ਤੁਸੀਂ ਪਹਿਲਾਂ ਨਾਲੋਂ ਕੁਝ ਵੱਖਰਾ ਕਰਨ ਦਾ ਹੀਆ ਦਿਖਾ ਕੇ ਸਫ਼ਲ ਹੋ ਸਕਦੇ ਹੋ।
ਅਸੀਂ ਸਾਰੇ ਇੱਕ ਦੂਸਰੇ ਨਾਲ ਅਕਸਰ ਇੰਨੇ ਜ਼ਿਆਦਾ ਅਸਹਿਮਤ ਕਿਉਂ ਰਹਿੰਦੇ ਹਾਂ? ਅਸੀਂ ਸਾਰੇ ਆਪਸੀ ਸਹਿਮਤੀ ਅਤੇ ਤਾਲਮੇਲ ਨਾਲ ਕਿਉਂ ਨਹੀਂ ਵਿੱਚਰਦੇ? ਕਿਉਂਕਿ ਅਸੀਂ ਚੰਗਾ ਬਹਿਸ-ਮੁਬਹਿਸਾ ਪਸੰਦ ਕਰਦੇ ਹਾਂ! ਕਿਸੇ ਗਿਲੇ-ਸ਼ਿਕਵੇ ਨੂੰ ਓਦੋਂ ਤਕ ਪਾਲਣਾ ਪੋਸਣਾ ਜਦੋਂ ਤਕ ਉਹ ਇੱਕ ਮੁਕੰਮਲ ਝਗੜੇ ਵਿੱਚ ਤਬਦੀਲ ਨਾ ਹੋ ਜਾਵੇ ਸਾਨੂੰ ਇੱਕ ਲੁਭਾਉਣੀ ਪੇਸ਼ਕਸ਼ ਜਾਪਦੀ ਹੈ। ਵਿਵਾਦ ਦਿਲਕਸ਼ ਹੁੰਦੇ ਨੇ ਅਤੇ ਸਾਡੇ ਸ਼ਰੀਰ ਨੂੰ ਸ਼ਕਤੀ ਦਾ ਅਹਿਸਾਸ ਦਿੰਦੇ ਨੇ। ਪਰ, ਫ਼ਿਰ, ਅਸੀਂ ਆਪਸੀ ਇਤਫ਼ਾਕ ਬਣਾਈ ਰੱਖਣ ਦੀ ਨਸੀਹਤ ਬਾਰੇ ਕੀ ਕਰਾਂਗੇ? ਇਹ ਹਾਸਿਲ ਕਰਨਾ ਓਦੋਂ ਚੰਗਾ ਲੱਗਦੈ ਜਦੋਂ ਤੁਸੀਂ ਕਿਸੇ ਜੰਗ ਦੇ ਐਨ ਵਿਚਕਾਰ ਫ਼ਸੇ ਹੋਏ ਹੋਵੋ, ਪਰ ਜਿਸ ਪਲ ਤੁਹਾਨੂੰ ਇਹ ਇਤਫ਼ਾਕ ਨਸੀਬ ਹੋ ਜਾਂਦੈ ਤਾਂ ਇਹ ਬਹੁਤ ਹੀ ਨੀਰਸ ਮਹਿਸੂਸ ਹੋਣ ਲੱਗਦੈ। ਜੇ ਤੁਸੀਂ ਕਿਸੇ ਮਸਲੇ ਤੋਂ ਸੱਚਮੁੱਚ ਥੱਕ ਚੁੱਕੇ ਹੋ ਤਾਂ ਤੁਸੀਂ ਉਸ ਨੂੰ ਜਲਦੀ ਨਾਲ ਹੱਲ ਕਰ ਸਕਦੇ ਹੋ। ਜੇਕਰ ਕੋਈ ਦੂਸਰਾ ਉਸ ਨੂੰ ਜਿਊਂਦਾ ਵੀ ਰੱਖਣਾ ਚਾਹੁੰਦੈ ਤਾਂ ਵੀ ਤੁਸੀਂ ਉਸ ਦਾ ਅੰਤ ਕਰ ਸਕਦੇ ਹੋ। ਪਰ ਕਿਤੇ ਤੁਸੀਂ ਇਸ ਸੰਘਰਸ਼ ਦਾ ਆਨੰਦ ਤਾਂ ਨਹੀਂ ਲੈ ਰਹੇ?
ਅੰਗ੍ਰੇਜ਼ੀ ਦੀ ਇੱਕ ਬਹੁਤ ਪੁਰਾਣੀ ਕਵਿਤਾ ਹੈ ਜਿਸ ਦਾ ਸ਼ਾਬਦਿਕ ਅਰਥ ਕੁਝ ਇਸ ਤਰ੍ਹਾਂ ਹੈ: ”ਅੱਜ ਦੇ ਇਸ ਦਿਨ ਵੱਲ ਤੱਕੋ ਕਿਉਂਕਿ ਇਹ ਜ਼ਿੰਦਗੀ ਹੈ, ਤੁਹਾਡੀ ਸਾਰੀ ਜ਼ਿੰਦਗੀ ਦੀ ਜ਼ਿੰਦਗੀ। ਕਿਉਂਕਿ ਬੀਤਿਆ ਕੱਲ੍ਹ ਇੱਕ ਲੰਘੇ ਹੋਏ ਸੁਪਨੇ ਤੋਂ ਵੱਧ ਕੁਝ ਵੀ ਨਹੀਂ … ਅਤੇ ਆਉਣ ਵਾਲਾ ਕੱਲ੍ਹ ਕੇਵਲ ਇੱਕ ਕਲਪਨਾ।” ਇਸ ਪ੍ਰਾਚੀਨ ਕਵਿਤਾ ਨੇ ਆਪਣੀ ਸਾਰਥਕਤਾ ਰੱਤੀ ਭਰ ਵੀ ਨਹੀਂ ਗੁਆਈ। ਇਹ ਹੈਰਾਨੀ ਵਾਲੀ ਗੱਲ ਹੈ, ਖ਼ਾਸਕਰ ਜਦੋਂ ਅਸੀਂ ਇੱਕ ਅਜਿਹੇ ਸੰਸਾਰ ਵਿੱਚ ਵਸਦੇ ਹਾਂ ਜਿੱਥੇ ਅੱਜ ਦਾ ਹਰ ਅਗਾਂਹਵਧੂ ਅਤੇ ਆਧੁਨਿਕ ਗਿਆਨ ਭਵਿੱਖ ਦਾ ਨਾਕਾਰਾ ਅਤੇ ਪੁਰਾਣਾ ਖ਼ਿਆਲ ਬਣ ਜਾਂਦੈ। ਪੁਖ਼ਤਾ ਫ਼ਲਸਫ਼ੇ, ਪਰ, ਕਦੇ ਵੀ ਬੁੱਢੇ ਨਹੀਂ ਹੁੰਦੇ। ਸਫ਼ਲਤਾ ਦੀ ਤੁਹਾਡੀ ਕੁੰਜੀ ਵਿੱਚ ਸ਼ਾਮਿਲ ਹੈ ਉਨ੍ਹਾਂ ਵਿਸ਼ਿਆਂ ਨਾਲ ਚੰਗੀ ਤਰ੍ਹਾਂ ਅਤੇ ਸਿਆਣਪ ਨਾਲ ਨਜਿੱਠਣਾ ਜਿਹੜੇ ਸਦੀਵੀ ਹਨ। ਜੇਕਰ ਤੁਸੀਂ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਵੀ ਇਸ ਧਰਤੀ ‘ਤੇ ਰਹੇ ਹੁੰਦੇ ਤਾਂ ਵੀ ਤੁਸੀਂ ਅਜਿਹੀ ਹੀ ਕਿਸੇ ਦੋਚਿੱਤੀ ਨਾਲ ਜੂਝੇ ਹੁੰਦੇ। ਉਸ ਵਕਤ ਅੱਗੇ ਵਧਣ ਦਾ ਜਿਹੜਾ ਸਹੀ ਢੰਗ ਸੀ, ਅੱਜ ਵੀ ਉਹੀ ਰਸਤਾ ਦਰੁੱਸਤ ਹੈ।
ਜਿਹੜੇ ਖ਼ੂੰਖ਼ਾਰ ਜਾਨਵਰ ਇਸ ਵਕਤ ਤੁਹਾਨੂੰ ਘੇਰੀ ਬੈਠੇ ਨੇ ਉਹ ਕੋਈ ਕਾਗ਼ਜ਼ੀ ਸ਼ੇਰ ਨਹੀਂ। ਉਹ ਤਿੰਨ ਪਸਾਰੀ ਭਾਵ 3-D ਹਨ। ਉਨ੍ਹਾਂ ਦੀ ਫ਼ਰ ਹੈ ਅਤੇ ਦੰਦ ਹਨ – ਅਤੇ ਉਹ ਦਹਾੜ ਸਕਦੇ ਹਨ। ਪਰ ਉਹ ਜਿਊਂਦੇ ਨਹੀਂ। ਉਹ ਭੂਸੇ ਨਾਲ ਭਰੇ ਹੋਏ ਨਕਲੀ ਜਾਨਵਰ ਨੇ ਜਿਨ੍ਹਾਂ ਨਾਲ ਟੇਪ ਰਿਕਾਰਡ ਕੀਤੀਆਂ ਹੋਈਆਂ ਆਵਾਜ਼ਾਂ ਥੋੜ੍ਹੇ ਥੋੜ੍ਹੇ ਵਕਫ਼ੇ ਬਾਅਦ ਚਲਾ ਦਿੱਤੀਆਂ ਜਾਂਦੀਆਂ ਹਨ। ਜਿਹੜੀਆਂ ਰੁਕਾਵਟਾਂ ਤੁਹਾਨੂੰ ਇਸ ਵਕਤ ਦਰਪੇਸ਼ ਹਨ, ਉਨ੍ਹਾਂ ਦੀ ਵੀ ਕਹਾਣੀ ਕੁਝ ਇਹੋ ਜਿਹੀ ਹੈ। ਉਹ ਹਨ ਤਾਂ ਕਾਫ਼ੀ ਠੋਸ ਅਤੇ ਮਜ਼ਬੂਤ, ਪਰ ਜੇਕਰ ਤੁਸੀਂ ਉਨ੍ਹਾਂ ਨੂੰ ਪੂਰੇ ਜ਼ੋਰ ਨਾਲ ਠੁੱਡਾ ਮਾਰੋਗੇ ਤਾਂ ਉਹ ਜ਼ਰੂਰ ਟੁੱਟ ਜਾਣਗੀਆਂ। ਪਰੰਪਰਾਵਾਂ ਅਤੇ ਸ਼ਿਸਟਾਚਾਰ ਨੂੰ ਜ਼ਰੂਰ ਇੱਜ਼ਤ ਦਿਓ, ਪਰ ਕਿਸੇ ਵੀ ਸ਼ੈਅ ਜਾਂ ਵਿਅਕਤੀ ਤੋਂ ਡਰੋ ਨਾ। ਘੱਟੋਘੱਟ ਭਾਵਨਾਤਮਕ ਤੌਰ ‘ਤੇ, ਤੁਸੀਂ ਉਨ੍ਹਾਂ ਸਾਰੀਆਂ ਸ਼ਕਤੀਆਂ ਅਤੇ ਚੀਜ਼ਾਂ ਤੋਂ ਤਾਕਤਵਰ ਹੋ ਜਿਨ੍ਹਾਂ ਨਾਲ ਤੁਹਾਡਾ ਇਸ ਵਕਤ ਮੁਕਾਬਲਾ ਹੈ।














