ਕੋਹਲੀ ਨੂੰ ਨਹੀਂ ਹੁਣ ਗੇਲ ‘ਤੇ ਭਰੋਸਾ

sports-news-300x150ਮੋਹਾਲੀ: ਰਾਇਲ ਚੈਲੰਜਰਜ਼ ਬੇਂਗਲੁਰੂ ਦੇ ਕਪਤਾਨ ਅਤੇ ਸੁਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਸਟਾਰ ਓਪਨਰ ਕ੍ਰਿਸ ਗੇਲ ਨੂੰ ਪੁਣੇ ਦੇ ਖਿਲਾਫ਼ ਪਿਛਲੇ ਮੈਚ ‘ਚ ਆਰਾਮ ਨਹੀਂ ਦਿੱਤਾ ਗਿਆ ਸਗੋਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਰਖਿਆ ਗਿਆ ਸੀ। ਵਿਰਾਟ ਦੀ ਕਪਤਾਨੀ ਵਾਲੀ ਬੇਂਗਲੁਰੂ ਟੀਮ ਨੇ ਸ਼ਨੀਵਾਰ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਖਿਲਾਫ਼ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਪਰ ਇਸ ਮੈਚ ‘ਚ ਗੇਲ ਨਹੀਂ ਖੇਡੇ ਸਨ। ਗੇਲ ਆਪਣੀ ਬੇਟੀ ‘ਬਲਸ਼’ ਦੇ ਜਨਮ ਦੇ ਕਾਰਨ ਜਮੈਕਾ ‘ਚ ਆਪਣੇ ਘਰ ਪਰਤ ਗਏ ਸਨ ਅਤੇ ਇਸ ਵਜ੍ਹਾ ਨਾਲ ਉਹ ਟੂਰਨਾਮੈਂਟ ਦੇ ਚਾਰ ਮੈਚ ਨਹੀਂ ਖੇਡੇ ਸਨ। 36 ਸਾਲਾ ਗੇਲ 25 ਅਪ੍ਰੈਲ ਨੂੰ ਬੇਂਗਲੁਰੂ ਪਰਤੇ ਸਨ ਪਰ ਇਸ ਤੋਂ ਬਾਅਦ ਉਹ 2 ਮਈ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਖਿਲਾਫ਼ ਹੋਏ ਮੈਚ ‘ਚ ਨਹੀਂ ਖੇਡੇ।
ਇਸ ਤੋਂ ਪਹਿਲਾਂ ਉਹ 30 ਅਪ੍ਰੈਲ ਅਤੇ 7 ਮਈ ਨੂੰ ਹੋਏ ਬੇਂਗਲੁਰੂ ਦੇ ਮੈਚਾਂ ‘ਚ ਖੇਡਣ ਨਹੀਂ ਉਤਰੇ ਸਨ। ਗੇਲ ਦੇ ਬਾਹਰ ਰਹਿਣ ਦੇ ਬਾਅਦ ਓਪਨਿੰਗ ‘ਚ ਉਸ ਦੀ ਜਗ੍ਹਾ ਲੋਕੇਸ਼ ਰਾਹੁਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਨ੍ਹਾਂ ਨੇ 51, ਅਜੇਤੂ 51,52 ਅਤੇ 38 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਵਿਰਾਟ ਨੇ ਕਿਹਾ ਕਿ ਗੇਲ ਨੂੰ ਆਰਾਮ ਨਹੀਂ ਦਿੱਤਾ ਗਿਆ ਹੈ। ਅਸੀਂ ਟ੍ਰੇਵਿਸ ਹੈੱਡ ਨੂੰ ਉਸ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਹੈ। ਸਾਨੂੰ ਲਗਦਾ ਹੈ ਕਿ ਸਾਨੂੰ ਮੱਧ ਕ੍ਰਮ ‘ਚ ਮਜ਼ਬੂਤੀ ਚਾਹੀਦੀ ਹੈ। ਟ੍ਰੇਵਸ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਅਤੇ ਮੈਂ ਅਤੇ ਰਾਹੁਲ ਵੀ ਚੰਗੀ ਓਪਨਿੰਗ ਕਰ ਰਹੇ ਹਾਂ। ਇਸ ਤੋਂ ਇਲਾਵਾ ਟ੍ਰੇਵਿਸ ਜ਼ਰੂਰਤ ਪੈਣ ‘ਤੇ ਆਫ਼ ਸਪਿਨ ਗੇਂਦਬਾਜ਼ੀ ਵੀ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਗੇਲ ਫ਼ਿਲਹਾਲ ਖਰਾਬ ਫ਼ਾਰਮ ਨਾਲ ਜੂਝ ਰਹੇ ਹਨ ਅਤੇ ਪਿਛਲੇ ਮੈਚਾਂ ‘ਚ ਉਨ੍ਹਾਂ 7, 0 ਅਤੇ 1 ਦੌੜ ਦੀ ਪਾਰੀ ਖੇਡੀਆਂ ਹਨ। 27 ਸਾਲਾ ਵਿਰਾਟ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਬੱਲੇਬਾਜ਼ ਸਰਫ਼ਰਾਜ਼ ਖਾਨ ਦੀ ਸੱਟ ਨੂੰ ਲੈ ਕੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਹਤ ਕਾਰਨਾਂ ਦੇ ਚਲਦੇ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸਰਫ਼ਰਾਜ਼ ਪਿਛਲੇ ਤਿੰਨ ਮੈਚਾਂ ‘ਚ ਅੰਤਿਮ ਗਿਆਰਾਂ ਦਾ ਹਿੱਸਾ ਨਹੀਂ ਬਣ ਸਕੇ ਸਨ। ਸਰਫ਼ਰਾਜ ਨੇ ਇਸ ਸੈਸ਼ਨ ‘ਚ ਪੰਜ ਮੈਚਾਂ ‘ਚ 66 ਦੌੜਾਂ ਬਣਾਈਆਂ ਹਨ।