ਅਫ਼ਰੀਕਾ ਮਗਰੋਂ ਹੁਣ ਭਾਰਤ ‘ਤੇ ਮੰਡਰਾਉਣ ਲੱਗਾ ‘ਇਬੋਲਾ’ ਦਾ ਖ਼ਤਰਾ ! Alert ‘ਤੇ ਦਿੱਲੀ ਏਅਰਪੋਰਟ

ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਅਫ਼ਰੀਕੀ ਦੇਸ਼ਾਂ ‘ਚ ਫੈਲੇ ‘ਇਬੋਲਾ ਵਾਇਰਸ’ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ, ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਨੇ ਦੇਸ਼ ਦੇ ਹਵਾਈ ਅੱਡਿਆਂ ‘ਤੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇੱਕ ਵਿਸ਼ੇਸ਼ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸਿਹਤ ਮੰਤਰਾਲੇ ਮੁਤਾਬਕ ਇਹ ਐਡਵਾਈਜ਼ਰੀ ਖ਼ਾਸ ਤੌਰ ‘ਤੇ ਕਾਂਗੋ, ਯੂਗਾਂਡਾ ਅਤੇ ਦੱਖਣੀ ਸੂਡਾਨ ਵਰਗੇ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਸਿੱਧੇ ਆਉਣ ਵਾਲੇ ਜਾਂ ਉੱਥੋਂ ਹੋ ਕੇ ਗੁਜ਼ਰਨ ਵਾਲੇ ਯਾਤਰੀਆਂ ਲਈ ਹੈ। ਏਅਰਪੋਰਟ ਦੀ ਹੈਲਥ ਆਰਗੇਨਾਈਜ਼ੇਸ਼ਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖ਼ਾਰ, ਉਲਟੀਆਂ, ਕਮਜ਼ੋਰੀ, ਦਸਤ, ਸਿਰਦਰਦ, ਗਲੇ ਵਿੱਚ ਖ਼ਰਾਸ਼ ਜਾਂ ਖ਼ੂਨ ਵਗਣ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਹੈਲਥ ਡੈਸਕ ਨੂੰ ਸੂਚਿਤ ਕਰਨ।
ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲਿਲਾ ਸ਼੍ਰੀਵਾਸਤਵ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਕਰ ਕੇ ਇਬੋਲਾ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿੱਚ ਅਜੇ ਤੱਕ ਇਬੋਲਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਇਹ ਕਦਮ ਪੂਰੀ ਤਰ੍ਹਾਂ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕੇ ਜਾ ਰਹੇ ਹਨ।
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਯਾਤਰੀ ਭਾਰਤ ਪਹੁੰਚਣ ਦੇ 21 ਦਿਨਾਂ ਦੇ ਅੰਦਰ ਅਜਿਹੇ ਲੱਛਣ ਮਹਿਸੂਸ ਕਰਦਾ ਹੈ, ਤਾਂ ਉਹ ਤੁਰੰਤ ਮੈਡੀਕਲ ਸਹਾਇਤਾ ਲਵੇ ਅਤੇ ਡਾਕਟਰਾਂ ਨੂੰ ਆਪਣੀ ਪੁਰਾਣੀ ਯਾਤਰਾ ਦੀ ਜਾਣਕਾਰੀ ਜ਼ਰੂਰ ਦੇਵੇ। ਕੇਂਦਰ ਸਰਕਾਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਕਿਉਂਕਿ ਭਾਰਤ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਦਾ ਪੂਰਾ ਤਜ਼ਰਬਾ ਹੈ।