ਅਗਲੇ 5 ਦਿਨ ਚੱਲੇਗੀ ਅੱਤ ਦੀ ‘ਲੂ’, ਮੌਸਮ ਵਿਭਾਗ ਵਲੋਂ ਇਨ੍ਹਾਂ 15 ਸੂਬਿਆਂ ‘ਚ ਰੈੱਡ ਅਲਰਟ ਜਾਰੀ

ਨੈਸ਼ਨਲ ਡੈਸਕ : ਦੇਸ਼ ਇਸ ਸਮੇਂ ਮੌਸਮ ਦੇ ਦੋ ਭਿਆਨਕ ਰੂਪਾਂ ਦਾ ਸਾਹਮਣਾ ਕਰ ਰਿਹਾ ਹੈ। ਜਿੱਥੇ ਉੱਤਰੀ ਅਤੇ ਮੱਧ ਭਾਰਤ ਭਿਆਨਕ ਗਰਮੀ ਨਾਲ ਭੱਠੀ ਦੇ ਵਾਂਗ ਤਪ ਰਿਹਾ ਹੈ, ਉੱਥੇ ਹੀ ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਮਾਨਸੂਨ ਅਤੇ ਚੱਕਰਵਾਤੀ ਹਵਾਵਾਂ ਦੇ ਆਉਣ ਕਾਰਨ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਬਲੋਚਿਸਤਾਨ ਅਤੇ ਪਾਕਿਸਤਾਨ ਦੇ ਥਾਰ ਮਾਰੂਥਲ ਤੋਂ ਆ ਰਹੀਆਂ ਖੁਸ਼ਕ ਅਤੇ ਬਹੁਤ ਗਰਮ ਹਵਾਵਾਂ ਨੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਬੀਤੇ ਦਿਨ ਦੇਸ਼ ਭਰ ਦੇ 16 ਵੱਡੇ ਸ਼ਹਿਰਾਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਬੰਦਾ ਵਿੱਚ ਸਭ ਤੋਂ ਗਰਮ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਮੱਧ ਪ੍ਰਦੇਸ਼ ਦੇ ਖਜੂਰਾਹੋ ਵਿੱਚ ਪਾਰਾ 47.4 ਡਿਗਰੀ, ਮਹਾਰਾਸ਼ਟਰ ਦੇ ਵਰਧਾ ਵਿੱਚ 47.1 ਡਿਗਰੀ ਤੇ ਦਿੱਲੀ ਵਿੱਚ 46.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਦਿੱਲੀ-NCR ‘ਚ 5 ਦਿਨਾਂ ਦਾ ਰੈੱਡ ਅਲਰਟ
ਰਾਜਧਾਨੀ ਦਿੱਲੀ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਨੇ ਭਿਆਨਕ ਲੂ ਨੂੰ ਲੈ ਕੇ ਅਗਲੇ ਪੰਜ ਦਿਨਾਂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ ਛੇ ਦਿਨਾਂ ਤੱਕ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕੋਈ ਖਾਸ ਰਾਹਤ ਦੀ ਉਮੀਦ ਨਹੀਂ ਹੈ। ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ ਸਮੇਂ ਬਿਨਾਂ ਕਿਸੇ ਕਾਰਨ ਆਪਣੇ ਘਰਾਂ ਤੋਂ ਬਾਹਰ ਨਾ ਜਾਣ।
ਇਨ੍ਹਾਂ 15 ਸੂਬਿਆਂ ‘ਚ ਅੱਗ ਵਾਂਗ ਤਪੇਗੀ ਧਰਤੀ
ਅਗਲੇ 5 ਤੋਂ 6 ਦਿਨਾਂ ਦੌਰਾਨ ਦੇਸ਼ ਦੇ ਹੇਠ ਲਿਖੇ ਹਿੱਸਿਆਂ ਵਿੱਚ ਭਿਆਨਕ ਗਰਮੀ, ਲੂ ਅਤੇ ਹੁੰਮਸ ਭਰਿਆ ਰਹੇਗਾ ਮੌਸਮ…
ਭਿਆਨਕ ਲੂ (24-26 ਮਈ): ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਇਲਾਕੇ
ਲਗਾਤਾਰ ਗਰਮੀ (21-26 ਮਈ): ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ।
ਲੂ ਦਾ ਅਸਰ (21-25 ਮਈ): ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਓਡੀਸ਼ਾ, ਝਾਰਖੰਡ, ਤੇਲੰਗਾਨਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ।
ਪਹਾੜੀ ਇਲਾਕਿਆਂ ਵਿੱਚ ਗਰਮੀ: ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ।
ਗਰਮ ਅਤੇ ਹੁੰਮਸ ਵਾਲਿਆਂ ਰਾਤਾਂ: ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੇ ਮੈਦਾਨੀ ਇਲਾਕਿਆਂ ‘ਚ ਰਾਤ ਦੇ ਸਮੇਂ ਵੀ ਭਾਰੀ ਹੁੰਮਸ ਪਰੇਸ਼ਾਨੀ ਕਰੇਗੀ।
ਦੂਜੇ ਪਾਸੇ ਲਗਾਤਾਰ ਪੈ ਰਹੀ ਇਸ ਭਿਆਨਕ ਗਰਮੀ ਵਿਚ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਦੱਖਣ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੰਗਲਵਾਰ ਨੂੰ ਸ਼੍ਰੀਲੰਕਾ ਅਤੇ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਨੂੰ ਕਵਰ ਕਰਨ ਤੋਂ ਬਾਅਦ ਮਾਨਸੂਨ ਬੁੱਧਵਾਰ ਨੂੰ ਦੱਖਣੀ ਅਰਬ ਸਾਗਰ ਵਿੱਚ ਦਾਖਲ ਹੋਇਆ। ਅਗਲੇ 2-3 ਦਿਨਾਂ ਵਿੱਚ ਇਸ ਦੇ ਲਕਸ਼ਦੀਪ ਦੇ ਮਿਨੀਕੋਏ ਟਾਪੂ ਤੱਕ ਪਹੁੰਚਣ ਦੀ ਪ੍ਰਬਲ ਸੰਭਾਵਨਾ ਹੈ, ਜਿਸ ਕਾਰਨ ਦੱਖਣੀ ਰਾਜਾਂ ਵਿੱਚ ਮੌਸਮ ਬਦਲ ਜਾਵੇਗਾ।
ਜਾਣੋ ਕਿਉਂ ਬਦਲ ਰਿਹਾ ਮੌਸਮ
ਮੌਸਮ ਵਿਗਿਆਨੀਆਂ ਦੇ ਅਨੁਸਾਰ, ਇਸ ਸਮੇਂ ਅਸਮਾਨ ਵਿੱਚ ਦੋ ਵੱਡੀਆਂ ਮੌਸਮੀ ਘਟਨਾਵਾਂ ਸਰਗਰਮ ਹਨ। ਉੱਤਰੀ ਪਾਕਿਸਤਾਨ ਅਤੇ ਜੰਮੂ ਉੱਤੇ ਇੱਕ ਕਮਜ਼ੋਰ ਪੱਛਮੀ ਗੜਬੜੀ ਬਣੀ ਹੋਈ ਹੈ। ਇਸ ਦੌਰਾਨ ਇੱਕ ਚੱਕਰਵਾਤੀ ਸਰਕੂਲੇਸ਼ਨ (ਚੱਕਰਵਾਤੀ ਹਵਾਵਾਂ ਦਾ ਖੇਤਰ) ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਤੇਲੰਗਾਨਾ ਅਤੇ ਵਿਦਰਭ ਤੱਕ ਸਰਗਰਮ ਹੈ। ਇਸ ਟਕਰਾਅ ਕਾਰਨ ਦੇਸ਼ ਦੇ ਇੱਕ ਹਿੱਸੇ ਵਿੱਚ ਗਰਮੀ ਪੈ ਰਹੀ ਹੈ, ਜਦੋਂ ਕਿ ਦੂਜੇ ਹਿੱਸੇ ਵਿੱਚ ਤੇਜ਼ ਤੂਫ਼ਾਨ ਅਤੇ ਮੀਂਹ ਦੇ ਹਾਲਾਤ ਬਣ ਰਹੇ ਹਨ।