ਅਕਾਲੀ-ਭਾਜਪਾ ਸਰਕਾਰ ਦਬਾਅ ਰਹੀ ਹੈ ਮੀਡੀਆ ਦੀ ਆਵਾਜ਼ : ਚੰਨੀ

3ਚੰਡੀਗੜ੍ਹ  : ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਮੀਡੀਆ ਦੀ ਅਵਾਜ਼ ਨੂੰ ਦਬਾਅ ਰਹੀ ਹੈ। ਇਸ ਲੜੀ ਹੇਠ ਜੀ ਪੰਜਾਬੀ ਦੇ ਬਲੈਕ ਆਊਟ ਨੂੰ ਸਰਕਾਰ ਦਾ ਸਮਰਥਨ ਪ੍ਰਾਪਤ ਕਾਰਵਾਈ ਹੋਣ ਦਾ ਦੋਸ਼ ਲਗਾਉਂਦਿਆਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਪੰਜਾਬ ‘ਚ ਕੇਬਲ ਦੇ ਬਿਜਨੇਸ ‘ਚ ਵਿਅਕਤੀਗਤ ਹਿੱਤ ਹਨ। ਜਿਨ੍ਹਾਂ ਦਾ ਇਸ ਬਿਜਨੇਸ ‘ਤੇ ਏਕਾਧਿਕਾਰ ਹੈ ਅਤੇ ਨਿਊਜ਼ ਚੈਨਲਾਂ ਨੂੰ ਸਿਰਫ ਅਕਾਲੀ ਦਲ ਦੇ ਹਿਮਾਇਤੀ ਸ਼ੋਅ ਦਿਖਾਉਣ ਧਮਕੀਆਂ ਦਿੰਦੇ ਹਨ। ਜੇ ਕੋਈ ਵੀ ਨਿਊਜ਼ ਚੈਨਲ ਕੁਝ ਵੀ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਅਤੇ ਇਨ੍ਹਾਂ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਖਿਲਾਫ ਦਿਖਾਉਂਦਾ ਹੈ, ਤਾਂ ਉਸਨੂੰ ਬਲੈਕ ਆਊਟ ਕਰ ਦਿੱਤਾ ਜਾਂਦਾ ਹੈ। ਜੀ ਪੰਜਾਬੀ ਨਿਊਜ਼ ਚੈਨਲ ਨੇ ਪੰਜਾਬ ਦੇ ਲੋਕਾਂ ਦੀ ਅਵਾਜ਼ ਅੱਗੇ ਪਹੁੰਚਾਉਣ ਲਈ ਇਨ੍ਹਾਂ ਨੂੰ ਪੈਸੇ ਵੀ ਦਿੱਤੇ ਹਨ, ਜੋ ਬਾਦਲ ਨਹੀਂ ਚਾਹੁੰਦੇ। ਇਹ ਮੀਡੀਆ ਦੀ ਅਵਾਜ਼ ਦਬਾਉਣ ਸਮਾਨ ਹੈ, ਜਿਸਨੂੰ ਇਸ ਦੇਸ਼ ‘ਚ ਬਹੁਤ ਅਜ਼ਾਦੀ ਦਿੱਤੀ ਗਈ ਹੈ ਅਤੇ ਲੋਕਤੰਤਰ ਦਾ ਚੌਥਾ ਅਧਾਰ ਮੰਨਿਆ ਗਿਆ ਹੈ।
ਇਸਦੇ ਤਹਿਤ ਚੰਨੀ ਨੇ ਇਕ ਚਿੱਠੀ ਮਾਨਯੋਗ ਰਾਜਪਾਲ ਪੰਜਾਬ ਨੂੰ ਵੀ ਲਿੱਖੀ ਹੈ ਅਤੇ ਉਨ੍ਹਾਂ ਨੂੰ ਮਾਮਲੇ ‘ਚ ਦਖਲ ਦਿੰਦਿਆਂ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਚੈਨਲ ਜ਼ਲਦੀ ਹੀ ਚਾਲੂ ਹੋ ਜਾਵੇ। ਉਨ੍ਹਾਂ ਨੇ ਮਾਨਯੋਗ ਰਾਜਪਾਲ ਨੂੰ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਅਜਿਹਾ ਭਵਿੱਖ ‘ਚ ਨਾ ਹੋਵੇ ਅਤੇ ਵਿਸ਼ੇਸ਼ ਹਿੱਤਾਂ ਖਾਤਿਰ ਲੋਕਾਂ ਦੀ ਅਵਾਜ਼ ਨੂੰ ਨਾ ਦਬਾਇਆ ਜਾਵੇ।
ਬਾਦਲਾਂ ‘ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਬਲਕਿ ਪਹਿਲਾਂ ਹੀ ਕਈ ਨਿਊਜ਼ ਚੈਨਲਾਂ ਨੂੰ ਮੁੱਖ ਕੇਬਲ ਆਪ੍ਰੇਟਰ ਦੇ ਦਬਾਅ ਹੇਠ ਜ਼ਬਰਦਸਤੀ ਬੰਦ ਕੀਤਾ ਗਿਆ ਹੈ, ਜਿਹੜਾ ਬਾਦਲਾਂ ਦਾ ਬਹੁਤ ਨਜ਼ਦੀਕੀ ਹੈ। ਵੱਖ ਵੱਖ ਨਿਊਜ਼ ਚੈਨਲਾਂ ਦੇ ਮਾਲਕ ਰਾਹਤ ਹਾਸਿਲ ਕਰਨ ਲਈ ਅਦਾਲਤ ‘ਚ ਵੀ ਗਏ ਹਨ, ਪਰ ਕੁਝ ਨਹੀਂ ਹੋ ਸਕਿਆ, ਜਿਸਦਾ ਕਾਰਨ ਬਾਦਲਾਂ ਦੇ ਇਸ ‘ਚ ਵਿਅਕਤੀਗਤ ਹਿੱਤ ਹੋਣੇ ਹਨ। ਚੰਨੀ ਨੇ ਦੋਸ਼ ਲਗਾਇਆ ਕਿ ਬਾਦਲਾਂ ਨੇ ਬੀਤੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਨਾ ਸਿਰਫ ਆਪਣੇ ਬਿਜਨੇਸ ਹਿੱਤਾਂ ਨੂੰ ਵਧਾਇਆ ਹੈ, ਬਲਕਿ ਇਸ ਰਾਹੀਂ ਸੂਬੇ ਦੇ ਮਾਲੀਏ ਨੂੰ ਵੀ ਵੱਡੀ ਸੱਟ ਮਾਰੀ ਹੈ। ਭਾਵੇਂ ਕੇਬਲ ਦਾ ਬਿਜਨੇਸ ਹੋਵੇ, ਜਾਂ ਫਿਰ ਰੇਤ, ਸ਼ਰਾਬ, ਮਨੋਰੰਜਨ, ਮਹਿਮਾਨ ਨਵਾਜੀ, ਟ੍ਰਾਂਸਪੋਰਟ, ਬਾਦਲਾਂ ਦਾ ਹੁਣ ਸੂਬੇ ‘ਚ ਏਕਾਧਿਕਾਰ ਹੈ।