ਨਵੀਂ ਦਿੱਲੀ : ਆਦਿਤਿਆ ਸਚਦੇਵ ਦੀ ਹੱਤਿਆ ਦੇ ਦੋਸ਼ੀ ਰੌਕੀ ਯਾਦਵ ਨੂੰ ਦਿੱਤਾ ਗਿਆ ਹਥਿਆਰ ਲਾਇਸੈਂਸ ਦਿੱਲੀ ਪੁਲਸ ਰੱਦ ਕਰੇਗੀ। ਰੌਕੀ ਜਨਤਾ ਦਲ ਯੂਨਾਈਟੇਡ ਦੀ ਵਿਧਾਨ ਪ੍ਰੀਸ਼ਦ ਮਨੋਰਮਾ ਦੇਵੀ ਦਾ ਪੁੱਤਰ ਹੈ। ਘਟਨਾ ਤੋਂ ਬਾਅਦ ਮਨੋਰਮਾ ਦੇਵੀ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਇਨ੍ਹੀਂ ਦਿਨੀਂ ਫਰਾਰ ਚੱਲ ਰਰੀ ਹੈ। ਦਿੱਲੀ ਪੁਲਸ ਦੇ ਹਥਿਆਰ ਲਾਇਸੈਂਸ ਜਾਰੀ ਕਰਨ ਵਾਲੇ ਵਿਭਾਗ ਦੇ ਪੁਲਸ ਕਮਿਸ਼ਨਰ ਸੁਭਾਸ਼ ਚੌਧਰੀ ਦਾ ਕਹਿਣਾ ਹੈ ਕਿ ਰੌਕੀ ਨੇ ਮਾਓਵਾਦੀਆਂ ਨਾਲ ਖਤਰੇ ਦਾ ਹਵਾਲਾ ਦਿੰਦੇ ਹੋਏ ਆਤਮ ਰੱਖਿਆ ਲਈ ਹਥਿਆਰ ਲਾਇਸੈਂਸ ਮੰਗਿਆ ਸੀ। ਲਾਇਸੈਂਸ ਦੀ ਅਰਜੀ ਦਿੰਦੇ ਸਮੇਂ ਉਸ ਨੇ ਖੁਦ ਨੂੰ ਨਕਸਲ ਪ੍ਰਭਾਵਿਤ ਝਾਰਖੰਡ ਦੇ ਚਤਰਾ ਜ਼ਿਲੇ ਦਾ ਵਾਸੀ ਦੱਸਦੇ ਹੋਏ ਇਸ ਸੰਬੰਧ ‘ਚ ਜ਼ਰੂਰੀ ਦਸਤਾਵੇਜ਼ ਪੇਸ਼ ਕੀਤੇ ਸਨ।
ਪੁਲਸ ਮੁਤਾਬਕ ਰੌਕੀ ਦੀ ਜ਼ਿਆਦਾ ਜਾਂਚ ਇਸ ਲਈ ਨਹੀਂ ਕੀਤੀ ਗਈ ਕਿਉਂਕਿ ਉਹ ਭਾਰਤੀ ਰਾਸ਼ਟਰੀ ਰਾਈਫਲ ਸੰਘ ਦਾ ਮਾਨਤਾ ਪ੍ਰਾਪਤ ਸ਼ੂਟਰ ਹੈ। ਦੂਜੇ ਪਾਸੇ ਗਯਾ ਦੀ ਸੀਨੀਅਰ ਪੁਲਸ ਸੁਪਰਡੈਂਟ ਗਰਿਮਾ ਮਲਿਕ ਦਾ ਦੋਸ਼ ਹੈ ਕਿ ਰੌਕੀ ਨੂੰ ਹਥਿਆਰ ਲਾਇਸੈਂਸ ਉਸ ਦੇ ਜੱਦੀ ਸ਼ਹਿਰ ‘ਚ ਉਸ ਦੀ ਪਿੱਠ ਭੂਮੀ ਦੀ ਜਾਂਚ ਕੀਤੇ ਬਗੈਰ ਜਾਰੀ ਕੀਤਾ ਗਿਆ ਜਦੋਂਕਿ ਅਜਿਹੀ ਜਾਂਚ ਜ਼ਰੂਰੀ ਹੁੰਦੀ ਹੈ।
ਗਯਾ ਸ਼ਹਿਰ ‘ਚ ਪਿਛਲੇ ਹਫਤੇ ਰੋਡਰੇਜ ਦੀ ਇਕ ਘਟਨਾ ‘ਚ ਇਕ 19 ਸਾਲ ਦਾ ਨੌਜਵਾਨ ਆਦਿਤਿਆ ਸਚਦੇਵ ਦੀ ਸਿਰਫ ਇਸ ਗੱਲ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਕਿ ਉਸ ਨੇ ਰੌਕੀ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਹਿੰਮਤ ਕੀਤੀ ਸੀ। ਆਦਿਤਿਆ ਇਕ ਵੱਡੇ ਕਾਰੋਬਾਰੀ ਦਾ ਬੇਟਾ ਦੱਸਿਆ ਗਿਆ ਹੈ। ਘਟਨਾ ਵਾਲੇ ਦਿਨ ਉਹ ਆਪਣੇ ਦੋਸਤਾਂ ਨਾਲ ਬੋਧ ਗਯਾ ਤੋਂ ਵਾਪਸ ਆ ਰਿਹਾ ਸੀ। ਦੇਸ਼ ‘ਚ ਕਿਸੇ ਵੀ ਸਥਾਨ ‘ਤੇ ਇਸਤੇਮਾਲ ਕੀਤੇ ਜਾਣ ਵਾਲਾ ਹਥਿਆਰ ਲਾਇਸੈਂਸ ਰੌਕੀ ਨੂੰ ਦਿੱਲੀ ਪੁਲਸ ਵਲੋਂ 2013 ‘ਚ ਜਾਰੀ ਕੀਤਾ ਗਿਆ ਸੀ ਜੋ ਕਿ ਸਾਲ 2018 ‘ਚ ਵੈਧ ਹੈ। ਰੌਕੀ ਨੂੰ ਦਿੱਤੇ ਗਏ ਲਾਇਸੈਂਸ ‘ਤੇ ਉੱਠੇ ਵਿਵਾਦ ਤੋਂ ਬਾਅਦ ਦਿੱਲੀ ਪੁਲਸ ਵਲੋਂ ਇਹ ਬਿਆਨ ਆਇਆ ਹੈ ਕਿ ਉਹ ਰੌਕੀ ਦਾ ਹਥਿਆਰ ਲਾਇਸੈਂਸ ਰੱਦ ਕਰਨ ਵਾਲੀ ਹੈ।















