ਬੰਗਲਾਦੇਸ਼ ‘ਚ ਡੂੰਘਾ ਹੁੰਦਾ ਜਾ ਰਿਹੈ ਊਰਜਾ ਸੰਕਟ ! ਅਰਥਵਿਵਸਥਾ ਨੂੰ ਲੱਗੀ ਢਾਹ

ਇੰਟਰਨੈਸ਼ਨਲ ਡੈਸਕ- ਅੰਤਰਰਾਸ਼ਟਰੀ ਬਾਜ਼ਾਰ ਵਿੱਚ LNG ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਹੇਠਾਂ ਡਿੱਗਦੀ ਜਾ ਰਹੀ ਕਰੰਸੀ ਕਾਰਨ ਬੰਗਲਾਦੇਸ਼ ਵਰਗੇ ਵਿਕਾਸਸ਼ੀਲ ਦੇਸ਼ ਵੱਡੇ ਆਰਥਿਕ ਸੰਕਟ ਦੇ ਕੰਢੇ ਪਹੁੰਚ ਗਏ ਹਨ। ਗੈਸ ਖਰੀਦਣ ਲਈ ਨਕਦੀ ਦੀ ਘਾਟ ਕਾਰਨ ਦੇਸ਼ ‘ਚ ਬਜਟ ਘਾਟਾ ਅਤੇ ਬਿਜਲੀ ਸੰਕਟ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ।
ਮਿਡਲ ਈਸਟ ‘ਚ ਤਣਾਅ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਗੈਸ ਦੀਆਂ ਕੀਮਤਾਂ ‘ਚ ਉਛਾਲ ਕਾਰਨ ਗਰੀਬ ਅਤੇ ਵਿਕਾਸਸ਼ੀਲ ਦੇਸ਼ ਮਹਿੰਗੀ LNG ਖਰੀਦਣ ‘ਚ ਅਸਮਰੱਥ ਹੋ ਰਹੇ ਹਨ, ਜਿਸ ਨਾਲ ਢਾਕਾ ਸਮੇਤ ਕਈ ਸ਼ਹਿਰਾਂ ‘ਚ ਬੈਕ-ਟੂ-ਬੈਕ ਬਲੈਕਆਊਟ ਦਾ ਖ਼ਤਰਾ ਵਧ ਗਿਆ ਹੈ।
ਡਾਲਰ ਦੀ ਘਾਟ ਕਾਰਨ ਬੰਗਲਾਦੇਸ਼ੀ ਸਰਕਾਰ ਅਤੇ ਸਥਾਨਕ ਊਰਜਾ ਕੰਪਨੀਆਂ ਅੰਤਰਰਾਸ਼ਟਰੀ ਸਪਲਾਇਰਾਂ ਦੇ ਬਕਾਏ ਦਾ ਭੁਗਤਾਨ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰ ਰਹੀਆਂ ਹਨ। ਗੈਸ ਅਤੇ ਬਿਜਲੀ ਦੀ ਕਮੀ ਕਾਰਨ ਟੈਕਸਟਾਈਲ ਅਤੇ ਹੋਰ ਨਿਰਮਾਣ ਖੇਤਰਾਂ ਦੇ ਉਤਪਾਦਨ ‘ਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ।