ਮੇਰਾ ਡਾਇਰੀਨਾਮਾ

ਨਿੰਦਰ ਘੁਗਿਆਣਵੀ
ਮੀਤ ਹੇਅਰ ਨੂੰ ਕੰਮ ਕਰਨ ਦਿਓ!
***
ਪੰਜਾਬ ‘ਚ ਇਹ ਅਕਸਰ ਆਖਿਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਬਣਨਾ ਕੰਡਿਆਂ ਦਾ ਤਾਜ ਪਹਿਨਣ ਦੇ ਬਾਰਾਬਰ ਹੈ। ਚਾਹੇ ਕੋਈ ਸਰਕਾਰ ਹੋਵੇ, ਅਤੇ ਕੋਈ ਵੀ ਸਮਾਂ ਹੋਵੇ, ਸਿੱਖਿਆ ਮੰਤਰੀ ਨੂੰ ਮਾਸਟਰ ਘੇਰਦੇ ਹੀ ਘੇਰਦੇ ਹਨ ਅਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਜਦ ਭਗਵੰਤ ਮਾਨ ਦੀ ਸਰਕਾਰ ਬਣੀ ਤਾਂ ਮੀਤ ਹੇਅਰ ਪੰਜਾਬ ਦੇ ਸਿੱਖਿਆ ਮੰਤਰੀ ਬਣੇ। ਮਹੀਨਾ ਕੁ ਵਧੀਆ ਲੰਘ ਗਿਆ। ਮਾਸਟਰ ਸ਼ਾਂਤ ਰਹੇ। ਮੀਤ ਹੇਅਰ ਨੌਜਵਾਨ ਹੈ ਅਤੇ ਠੰਢੇ ਸੁਭਾਅ ਦਾ ਹੋਣ ਕਰ ਕੇ ਮਾਸਟਰ ਤਬਕੇ ਦੀ ਗੱਲ ਗਹੁ ਨਾਲ ਸੁਣਦਾ ਹੈ। ਉਸ ਦੇ ਪਿਤਾ ਸ੍ਰ ਚਮਕੌਰ ਸਿੰਘ ਵੀ ਮਾਸਟਰ ਰਹੇ ਹਨ। ਮਾਸਟਰ ਤਬਕੇ ਨੂੰ ਵੀ ਇਹ ਗੱਲ ਚੰਗੀ ਲੱਗ ਰਹੀ ਸੀ ਕਿ ਉਨਾਂ ਦਾ ਮੰਤਰੀ ਉਨਾਂ ਨਾਲ ਹਮਦਰਦੀ ਪੂਰਨ ਵਤੀਰਾ ਰੱਖ ਰਿਹਾ ਹੈ। ਪਰ ਜਲਦੀ ਹੀ ਇਹ ਸਾਰਾ ਏਧਰੋਂ ਓਧਰ, ਅਤੇ ਓਧਰੋਂ ਏਧਰ ਹੁੰਦਾ ਜਾਪਿਆ ਜਦ ਮਾਸਟਰਾਂ ਦੇ ਧਰਨੇ ਉਹਦੇ ਘਰ ਮੂਹਰੇ ਸ਼ੁਰੂ ਹੋ ਗਏ। ਇਹ ਕੋਈ ਨਵੀਂ ਗੱਲ ਨਹੀਂ ਸੀ ਅਤੇ ਇਹ ਹੋਣਾ ਹੀ ਸੀ। ਮੀਤ ਹੇਅਰ ਦੇ ਪਾਸ ਕੇਵਲ ਸਿੱਖਿਆ ਦਾ ਹੀ ਮਹਿਕਮਾ ਨਹੀਂ ਸਗੋਂ ਰਾਜ ਦੀ ਭਾਸ਼ਾ ਪੰਜਾਬੀ ਦਾ ਵੱਕਾਰੀ ਮਹਿਕਮਾ ਹੋਣ ਕਰ ਕੇ ਹੋਰ ਵੀ ਕਾਰਜ ਕਰਨ ਵਾਲੇ ਪਏ ਹਨ, ਪਰ ਮੈਂ ਵੇਖਿਆ ਹੈ ਕਿ ਉਸ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਸ ਦੀ ਚੰਗੀ ਗੱਲ ਇਹ ਵੀ ਲੱਗ ਰਹੀ ਹੈ ਕਿ ਉਹ ਰੋਜ਼ ਹੀ ਪਿੰਡਾਂ ਦੇ ਸਕੂਲਾਂ ‘ਚ ਬੱਚਿਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਨ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ‘ਚ ਸਿੱਖਿਆ ਸੁਧਾਰਾਂ ਲਈ ਮੀਤ ਹੇਅਰ ਨੂੰ ਉਤਸ਼ਾਹ ਵੀ ਦੇ ਰਹੇ ਹਨ ਅਤੇ ਦਿੱਲੀ ਦਾ ਸਿੱਖਿਆ ਸਿਸਟਮ ਵੀ ਮੁੱਖ ਮੰਤਰੀ ਜੀ ਤੇ ਮੰਤਰੀ ਮੀਤ ਹੇਅਰ ਦੇਖ ਆਏ ਹਨ, ਉਹੋ ਜਿਹਾ ਪੰਜਾਬ ‘ਚ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਖੈਰ!
ਭਾਸ਼ਾ ਦਾ ਮੁੱਦਾ
ਮੈਂ ਦੇਖਿਆ ਕਿ ਮੀਤ ਹੇਅਰ ਬੜੀ ਠੇਠ ਪੰਜਾਬੀ ਬੋਲਦਾ ਹੈ, ਨਿਰੋਲ ਸੰਗਰੂਰੀ ਪੰਜਾਬੀ। ਕਦੇ-ਕਦੇ ਚੰਗੀ ਕਿਤਾਬ ਹੱਥ ਲੱਗ ਜਾਏ, ਪੜ੍ਹ ਕੇ ਅਨੰਦ ਵੀ ਲੈਂਦਾ ਹੈ। ਇੱਕ ਦਿਨ ਕਾਫ਼ੀ ਸਮਾਂ ਇਕੱਠੇ ਬੈਠੇ ਤਾਂ ਮੈਂ ਇੱਕ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਮੀਤ ਹੇਅਰ ਨੂੰ ਉਸ ਦੇ ਅਧੀਨ ਆਉਂਦੇ ਭਾਸ਼ਾ ਵਿਭਾਗ ਬਾਬਤ ਕਾਫ਼ੀ ਕੁੱਝ ਅਪਡੇਟ ਕੀਤਾ। ਭਾਸ਼ਾ ਵਿਭਾਗ ਦਾ ਗੌਰਵਮਈ ਇਤਿਹਾਸ ਵੀ ਦੱਸਿਆ ਅਤੇ ਡਾਵਾਂਡੋਲ ਹੋਈ ਮੌਜੂਦਾ ਸਥਿਤੀ ਵੀ। ਇਹ ਵੀ ਦੱਸਿਆ ਕਿ ਭਾਸ਼ਾ ਵਿਭਾਗ ਦਾ ਮੰਤਰੀ ਹੋਣਾ ਆਪ ਦਾ ਇੱਕ ਮਾਣਮਤਾ ਸੁਭਾਗ ਹੈ। ਭਾਸ਼ਾ ਕਿਸੇ ਵੀ ਪਰਾਂਤ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਜੇ ਇਹ ਕਮਜ਼ੋਰ ਪੈ ਗਈ ਤਾਂ ਰਾਜ ‘ਚ ਭਾਸ਼ਾ ਬਚੇਗੀ ਕਿਥੋਂ? ਮੈਂ ਅਤੇ ਮੀਤ ਗੱਲਾਂ ਕਰ ਰਹੇ ਸਾਂ ਤਾਂ ਗੱਲੀ ਗੱਲੀਂ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਭਾਸ਼ਾ ਵਿਭਾਗ ਦੀ ਇਸ ਵੇਲੇ ਬਦਤਰ ਹੋ ਚੁੱਕੀ ਹਾਲਤ ਬਾਰੇ ਉਸ ਨੂੰ ਪਹਿਲਾਂ ਹੀ ਪਤਾ ਹੈ ਅਤੇ ਉਹ ਕਾਫ਼ੀ ਚਿੰਤਤ ਵੀ ਹੈ, ਪਰ ਸਿੱਖਿਆ ਵਿਭਾਗ ਦੇ ਅਣਗਿਣਤ ਅਤੇ ਅਣ ਸੁਲਝੇ ਬਖੇੜੇ ਸਾਹ ਲੈਣ ਦੇਣ ਤਾਂ ਹੀ ਉਹ ਕੁੱਝ ਭਾਸ਼ਾ ਵਿਭਾਗ ਬਾਰੇ ਸੋਚੇਗਾ।
ਇਥੇ ਇਹ ਗੱਲ ਪਾਸੇ ਸੁੱਟਣ ਵਾਲੀ ਨਹੀਂ ਕਿ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ‘ਚ ਪ੍ਰਗਟ ਸਿੰਘ ਨੂੰ ਸਿੱਖਿਆ ਮੰਤਰੀ ਹੁੰਦੇ ਹੋਏ ਨਾਲ ਨਾਲ ਭਾਸ਼ਾ ਵਿਭਾਗ ਵੀ ਮਿਲਿਆ ਸੀ ਅਤੇ ਲਗਭਗ ਸੌ ਦਿਨ ਕੰਮ ਕਰਦਿਆਂ ਪ੍ਰਗਟ ਸਿੰਘ ਭਾਸ਼ਾ ਵਿਭਾਗ ਵਾਸਤੇ ਕੁੱਝ ਚੰਗੇ ਕਾਰਜ ਵੀ ਕਰ ਗਏ। ਉਨਾਂ ਦੇ ਵੱਡੇ ਕਾਰਜਾਂ ‘ਚ ਲੈਕਚਰਾਰ, ਲੇਖਕਾਂ ਅਤੇ ਕਵੀਆਂ ਨੂੰ ਡੈਪਿਊਟੇਸ਼ਨ ‘ਤੇ ਭਾਸ਼ਾ ਵਿਭਾਗ ਦੇ ਜ਼ਿਲ੍ਹਿਆਂ ‘ਚ ਖ਼ਾਲੀ ਪਏ ਜਿਲ੍ਹਾ ਭਾਸ਼ਾ ਅਫ਼ਸਰਾਂ ਦੇ ਦਫ਼ਤਰਾਂ ‘ਚ ਤਾਇਨਾਤ ਕਰਨਾ ਸੀ। ਹੁਣ ਜਿਲਾ ਭਾਸ਼ਾ ਅਫ਼ਸਰਾਂ ਦੇ ਦਫ਼ਤਰਾਂ ‘ਚ ਕੰਮ ਨੇ ਵੀ ਰਫ਼ਤਾਰ ਫ਼ੜੀ ਹੈ ਅਤੇ ਰੌਣਕਾਂ ਵੀ ਲੱਗਣ ਲੱਗੀਆਂ ਹਨ। ਸਿੱਟੇ ਵਜੋਂ ਮੋਹਾਲੀ ਅਤੇ ਫ਼ਰੀਦਕੋਟ ਦੇ ਦਫ਼ਤਰ ਵੇਖੇ ਜਾ ਸਕਦੇ ਹਨ, ਪਰ ਫ਼ਿਰ ਪੰਜਾਬ ‘ਚ ਭਾਸ਼ਾ ਸੁਧਾਰਾਂ ਵਾਸਤੇ ਜ਼ਰੂਰੀ ਯਤਨਾਂ ਦੀ ਅਹਿਮ ਲੋੜ ਹੈ ਅਤੇ ਅਸੀਂ ਭਾਸ਼ਾ ਮੰਤਰੀ ਦਾ ਸਾਥ ਅਤੇ ਸਹਿਯੋਗ ਦੇਣ ਲਈ ਤਿਆਰ ਹਾਂ। ਇਸ ਵੇਲੇ ਪੰਜਾਬ ਦੇ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੀ ਨਹੀਂ ਲਾਇਆ ਗਿਆ ਜੋ ਵਿਭਾਗ ‘ਚੋਂ ਹੀ ਤਰੱਕੀ ਦੇ ਕੇ ਲਾਉਣਾ ਹੁੰਦਾ ਹੈ। ਬਕਾਇਆ ਪਏ ਕੰਮਾਂ ਦੀ ਸੂਚੀ ਬੜੀ ਲੰਬੀ ਹੈ। ਪੰਜਾਬ ਦੇ ਲੇਖਕ, ਭਾਸ਼ਾ ਪ੍ਰੇਮੀ ਅਤੇ ਭਾਸ਼ਾ ਨਾਲ ਜੁੜੀਆਂ ਸੰਸਥਾਵਾਂ ਭਾਸ਼ਾ ਮੰਤਰੀ ਮੀਤ ਹੇਅਰ ਤੋਂ ਪੰਜਾਬੀ ਭਾਸ਼ਾ ਪ੍ਰਤੀ ਚੰਗੇ ਅਤੇ ਨੇਕ ਕੰਮਾਂ ਦੀ ਉਡੀਕ ‘ਚ ਹਨ।